World >> The Tribune


ਰੂਸ ਤੇ ਯੂਕਰੇਨ ਵਿਚਾਲੇ ਤਣਾਅ ਦਰਮਿਆਨ ਵਾਰਤਾ ਜਾਰੀ


Link [2022-04-08 06:16:34]



ਪੇਈਚਿੰਗ, 7 ਅਪਰੈਲ

ਰੂਸ ਤੇ ਯੂਕਰੇਨ ਨਾਲ ਸਬੰਧਤ ਧਿਰਾਂ ਵੱਲੋਂ ਵਿਵਾਦ ਦੇ ਸ਼ਾਂਤਮਈ ਹੱਲ 'ਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਦਰਮਿਆਨ ਦੋਵਾਂ ਮੁਲਕਾਂ ਵਿਚਾਲੇ ਤਣਾਅ ਅੱਜ ਵੀ ਜਾਰੀ ਰਿਹਾ। ਬੀਤੇ ਦਿਨ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਸੀ ਕਿ ਰੂਸ ਤੇ ਯੂਕਰੇਨ ਲਗਾਤਾਰ ਗੱਲਬਾਤ ਕਰ ਰਹੇ ਹਨ ਪਰ ਦੋਵਾਂ ਵਿਚਾਲੇ ਮਸਲੇ ਦੇ ਹੱਲ ਲਈ ਲੰਮਾ ਸਮਾਂ ਲੱਗੇਗਾ।

ਸ਼ਿਨਹੁਆ ਖ਼ਬਰ ਏਜੰਸੀ ਅਨੁਸਾਰ ਪੇਸਕੋਵ ਨੇ ਫਰਾਂਸੀਸੀ ਬਰਾਡਕਾਸਟਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਸਕੋ ਚਾਹੁੰਦਾ ਹੈ ਕਿ ਇਸ ਗੱਲਬਾਤ ਵਿੱਚ ਕੀਵ ਵਧੇਰੇ ਸਰਗਰਮ ਹੋਵੇ ਕਿਉਂਕਿ ਰੂਸ ਨੇ ਕੀਵ ਖੇਤਰ ਤੋਂ ਫੌਜਾਂ ਪਿੱਛੇ ਹਟਾ ਕੇ ਸ਼ਾਂਤੀ ਵਾਰਤਾ ਦਾ ਮੌਕਾ ਦਿੱਤਾ ਹੈ। ਉੱਧਰ ਤੁਰਕੀ ਦੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ, 'ਜੇਕਰ ਗੱਲਬਾਤ ਅੱਗੇ ਵਧਾਉਣ ਦਾ ਛੋਟਾ ਜਿਹਾ ਮੌਕਾ ਵੀ ਮਿਲੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਤੋਂ ਬਿਨਾਂ ਇਸ ਜੰਗ ਨੂੰ ਖਤਮ ਕਰਨਾ ਮੁਸ਼ਕਲ ਹੈ।' ਜ਼ੇਲੈਂਸਕੀ ਨੇ ਇਸ ਗੱਲਬਾਤ ਦੌਰਾਨ ਇਟਲੀ ਸਮੇਤ ਹੋਰਨਾਂ ਮੁਲਕਾਂ ਨੂੰ ਇਸ ਮੁੱਦੇ 'ਤੇ ਸਾਲਸੀ ਕਰਨ 'ਤੇ ਜ਼ੋਰ ਦਿੱਤਾ।

ਇਸੇ ਦਰਮਿਆਨ ਯੂਕਰੇਨ ਦੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਸੈਨਾ ਉਨ੍ਹਾਂ ਦੇ ਦੇਸ਼ ਦੇ ਤਿੰਨ ਪੂਰਬੀ ਖੇਤਰਾਂ 'ਚ ਆਮ ਲੋਕਾਂ ਦੀ ਸੁਰੱਖਿਆ ਨਿਕਾਸੀ ਲਈ 10 ਗਲਿਆਰੇ ਖੋਲ੍ਹਣ ਲਈ ਸਹਿਮਤ ਹੋਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਅੰਦਰ ਰੂਸ, ਯੂਕਰੇਨ ਦੇ ਸਨਅਤੀ ਖੇਤਰ 'ਤੇ ਕਬਜ਼ੇ ਲਈ ਫੌਜੀ ਹਮਲੇ ਤੇਜ਼ ਕਰ ਸਕਦਾ ਹੈ ਕਿ ਇਸ ਲਈ ਕੀਵ ਨੇ ਨਾਟੋ ਤੋਂ ਹੋਰ ਹਥਿਆਰ ਮੁਹੱਈਆ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ

ਬੁਚਾ ਹੱਤਿਆਵਾਂ ਪਿੱਛੇ ਕੀਵ ਦਾ ਹੱਥ: ਰੂਸ

ਨਵੀਂ ਦਿੱਲੀ: ਭਾਰਤ 'ਚ ਰੂਸੀ ਦੂਤਾਵਾਸ ਨੇ ਅੱਜ ਕਿਹਾ ਕਿ ਮਾਸਕੋ, ਬੁਚਾ 'ਚ ਹੋਈਆਂ ਹੱਤਿਆਵਾਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆਉਣ ਦੀ ਹਮਾਇਤ ਕਰਦਾ ਹੈ। ਦੂਤਾਵਾਸ ਨੇ ਇਸ ਅਪਰਾਧ 'ਚ ਕੀਵ ਦਾ ਹੱਥ ਹੋਣ ਦਾ ਦੋਸ਼ ਲਾਇਆ। ਰੂਸੀ ਦੂਤਾਵਾਸ ਵੱਲੋਂ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੂਚਾ 'ਚ ਹੋਈਆਂ ਹੱਤਿਆਵਾਂ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਭਾਰਤ ਇਸ ਦੀ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ। ਰੂਸੀ ਦੂਤਾਵਾਸ ਨੇ ਕਿਹਾ ਕਿ ਬੁਚਾ 'ਚ ਹੋਏ ਕਤਲੇਆਮ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਵੱਲੋਂ ਕੀਤੇ ਗੲੇ ਜ਼ੁਲਮ ਯਾਦ ਆ ਗਏ। ਉਨ੍ਹਾਂ ਕਿ ਇਸ ਦੀ ਜਾਂਚ ਦੀ ਹਮਾਇਤ ਕਰਦਿਆਂ ਕਿਹਾ ਕਿ ਮਾਸਕੋ 'ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ ਪਰ ਇਸ ਦੇ ਸਬੂਤ ਮੌਜੂਦ ਹਨ ਕਿ ਅਸਲ ਵਿੱਚ ਇਹ ਕੰਮ ਕੀਵ ਨੇ ਕੀਤਾ ਹੈ। -ਪੀਟੀਆਈ



Most Read

2024-09-20 15:30:57