World >> The Tribune


ਰੂਸ ਮਨੁੱਖੀ ਅਧਿਕਾਰ ਕੌਂਸਲ ਵਿੱਚੋਂ ਮੁਅੱਤਲ


Link [2022-04-08 06:16:34]



ਸੰਯੁਕਤ ਰਾਸ਼ਟਰ, 7 ਅਪਰੈਲ

ਸੰਯੁਕਤ ਰਾਸ਼ਟਰ ਆਮ ਸਭਾ ਨੇ ਰੂਸੀ ਫੌਜੀਆਂ ਵੱਲੋਂ ਯੂਕਰੇਨ 'ਚ ਕੀਤੀ ਗਈ ਭਿਆਨਕ ਹਿੰਸਾ ਦੇ ਦੋਸ਼ ਹੇਠ ਅੱਜ ਆਲਮੀ ਸੰਗਠਨ ਦੀ ਮੋਹਰੀ ਮਨੁੱਖੀ ਹੱਕਾਂ ਬਾਰੇ ਸੰਸਥਾ 'ਚੋਂ ਰੂਸ ਨੂੰ ਮੁਅੱਤਲ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਆਮ ਸਭਾ 'ਚ ਅੱਜ ਰੂਸ ਨੂੰ ਮੁਅੱਤਲ ਕਰਨ ਦੇ ਮਤੇ 'ਤੇ ਹੋਈ ਵੋਟਿੰਗ ਦੌਰਾਨ ਕੁੱਲ 193 ਮੈਂਬਰ ਮੁਲਕਾਂ 'ਚੋਂ 93 ਨੇ ਰੂਸ ਖ਼ਿਲਾਫ਼ ਅਤੇ 24 ਨੇ ਵਿਰੋਧ ਵਿੱਚ ਵੋਟ ਪਾਈ। ਭਾਰਤ ਹਾਲਾਂਕਿ ਇਸ ਵੋਟਿੰਗ ਪ੍ਰਕਿਰਿਆ ਦੌਰਾਨ ਗ਼ੈਰ ਹਾਜ਼ਰ ਰਿਹਾ। ਕੁੱਲ 58 ਮੁਲਕਾਂ ਨੇ ਵੋਟਿੰਗ ਪ੍ਰਕਿਰਿਆ 'ਚ ਹਿੱਸਾ ਨਹੀਂ ਲਿਆ। ਅੱਜ ਦੇ ਮਤੇ 'ਤੇ ਹਾਲਾਂਕਿ ਹੋਈ ਵੋਟਿੰਗ ਯੂਐੱਨਜੀਏ ਵੱਲੋਂ ਇਸ ਤੋਂ ਪਹਿਲਾਂ ਪਾਏ ਗਏ ਦੋ ਮਤਿਆਂ ਲਈ ਹੋਈ ਵੋਟਿੰਗ ਤੋਂ ਕਾਫੀ ਘੱਟ ਰਹੀ ਹੈ। ਯੂਕਰੇਨ 'ਚ ਜੰਗਬੰਦੀ, ਰੂਸੀ ਫੌਜਾਂ ਪਿੱਛੇ ਹਟਾਉਣ ਅਤੇ ਆਮ ਲੋਕਾਂ ਦੀ ਰਾਖੀ ਸਬੰਧੀ ਮਤਿਆਂ ਦੇ ਹੱਕ ਵਿੱਚ 140 ਮੁਲਕਾਂ ਨੇ ਵੋਟ ਪਾਈ ਸੀ। ਰੂਸ ਦੂਜਾ ਮੁਲਕ ਹੈ ਜਿਸ ਨੂੰ ਮਨੁੱਖੀ ਹੱਕਾਂ ਬਾਰੇ ਕੌਂਸਲ 'ਚੋਂ ਹਟਾਇਆ ਗਿਆ ਹੈ। ਇਸ ਤੋਂ ਪਹਿਲਾਂ 2011 ਵਿੱਚ ਲਿਬੀਆ ਨੂੰ ਇਸ ਸੰਸਥਾ ਦੀ ਮੈਂਬਰਸ਼ਿਪ ਤੋਂ ਹਟਾਇਆ ਗਿਆ ਸੀ ਜਦੋਂ ਇਸ ਉੱਤਰੀ ਅਫਰੀਕੀ ਮੁਲਕ 'ਚ ਇਸ ਦੇ ਆਗੂ ਮੁਆਮਰ ਗੱਦਾਫੀ ਵੱਲੋਂ ਗੜਬੜੀ ਕੀਤੀ ਗਈ ਸੀ। ਅਮਰੀਕੀ ਅੰਬੈਸਡਰ ਲਿੰਡਾ ਥੌਮਸ-ਗਾਰਫੀਲਡ ਨੇ ਯੂਕਰੇਨ ਦੇ ਸ਼ਹਿਰ ਬੁੂਚਾ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਰੂਸ ਨੂੰ ਮਨੁੱਖੀ ਅਧਿਕਾਰ ਕੌਂਸਲ 'ਚੋਂ ਮੁਅੱਤਲ ਕੀਤੇ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਦੂਜੇ ਪਾਸੇ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ 'ਚੋਂ ਮੁਅੱਤਲ ਕਰਨ ਲਈ ਹੋਈ ਵੋਟਿੰਗ ਦੌਰਾਨ ਭਾਰਤ ਨੇ ਖੁਦ ਨੂੰ ਦੂਰ ਰੱਖਿਆ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਇਹ ਅੱਠਵਾਂ ਮੌਕਾ ਹੈ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਰੂਸ ਖ਼ਿਲਾਫ਼ ਪਾਏ ਗਏ ਮਤਿਆਂ 'ਤੇ ਵੋਟਿੰਗ 'ਚੋਂ ਖੁਦ ਨੂੰ ਦੂਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਰੂਸ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਹੈ ਤੇ ਇਹ ਪਹਿਲੀ ਵਾਰ ਹੈ ਜਦੋਂ ਇਸ ਸੰਸਥਾ ਦੇ ਕਿਸੇ ਸਥਾਈ ਮੈਂਬਰ ਦੀ ਮੈਂਬਰਸ਼ਿਪ ਖਤਮ ਕੀਤੀ ਗਈ ਹੋਵੇ। -ਪੀਟੀਆਈ

ਭਾਰਤ ਅਮਨ, ਵਾਰਤਾ ਤੇ ਜਮਹੂਰੀਅਤ ਦੇ ਹੱਕ ਵਿੱਚ: ਤ੍ਰਿਮੂਰਤੀ

ਵੋਟਿੰਗ ਦੀ ਪ੍ਰਕਿਰਿਆ ਤੋਂ ਬਾਅਦ ਆਪਣਾ ਰੁਖ ਸਪੱਸ਼ਟ ਕਰਦਿਆਂ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਕਿਹਾ, 'ਜਨਰਲ ਅਸੈਂਬਲੀ 'ਚ ਅੱਜ ਰੂਸੀ ਫੈਡਰੇਸ਼ਨ ਨੂੰ ਮਨੁੱਖੀ ਅਧਿਕਾਰ ਕੌਂਸਲ 'ਚੋਂ ਮੁਅੱਤਲ ਕਰਨ ਸਬੰਧੀ ਲਿਆਂਦੇ ਗਏ ਮਤੇ ਲਈ ਵੋਟਿੰਗ 'ਚੋਂ ਭਾਰਤ ਗ਼ੈਰ ਹਾਜ਼ਰ ਰਿਹਾ। ਯੂਕਰੇਨ ਵਿਵਾਦ ਸ਼ੁਰੂ ਹੋਣ ਤੋਂ ਹੀ ਭਾਰਤ ਅਮਨ, ਵਾਰਤਾ ਤੇ ਜਮਹੂਰੀਅਤ ਦੇ ਹੱਕ 'ਚ ਖੜ੍ਹਾ ਹੈ। ਸਾਡਾ ਮੰਨਣਾ ਹੈ ਕਿ ਖੂਨ ਵਹਾ ਕੇ ਤੇ ਲੋਕਾਂ ਦੀ ਜਾਨ ਲੈ ਕੇ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚਿਆ ਜਾ ਸਕਦਾ। ਜੇਕਰ ਭਾਰਤ ਕੋਈ ਪੱਖ ਲੈਂਦਾ ਹੈ ਤਾਂ ਇਹ ਅਮਨ ਤੇ ਤੁਰੰਤ ਹਿੰਸਾ ਖਤਮ ਕਰਨ ਦਾ ਪੱਖ ਹੋਵੇਗਾ।'

ਅਮਰੀਕਾ ਵੱਲੋਂ ਭਾਰਤ ਨੂੰ ਰੂਸ ਤੋਂ ਦੂਰ ਰਹਿਣ ਦੀ ਚਿਤਾਵਨੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਉੱਚ ਵਿੱਤੀ ਸਲਾਹਕਾਰ ਨੇ ਭਾਰਤ ਨੂੰ ਯੂਕਰੇਨ 'ਤੇ ਹਮਲੇ ਤੋਂ ਬਾਅਦ ਰੂਸ ਨਾਲ ਭਾਈਵਾਲੀ ਨਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਵਾਈਟ ਹਾਊਸ ਕੌਮੀ ਵਿੱਤੀ ਕੌਂਸਲ ਦੇ ਡਾਇਰੈਕਟਰ ਬ੍ਰਾਇਨ ਡੀਸ ਨੇ ਪੱਤਰਕਾਰਾਂ ਨੂੰ ਕਿਹਾ, 'ਭਾਰਤ ਸਰਕਾਰ ਨੂੰ ਸਾਡਾ ਸੁਨੇਹਾ ਹੈ ਕਿ ਰੂਸ ਨਾਲ ਹੋਰ ਡੂੰਘੇ ਕੂਟਨੀਤਕ ਸਬੰਧਾਂ ਦੇ ਨਤੀਜੇ ਅਹਿਮ ਤੇ ਦੂਰਗਾਮੀ ਹੋਣਗੇ।' ਉਨ੍ਹਾਂ ਕਿਹਾ ਕਿ ਰੂਸ ਦੇ ਯੂਕਰੇਨ 'ਤੇ ਹਮਲੇ ਦੇ ਸੰਦਰਭ ਵਿੱਚ ਭਾਰਤ ਤੇ ਚੀਨ ਦੋਵਾਂ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਏਸ਼ੀਆ ਵਿੱਚ ਚੀਨ ਦੀ ਤਾਕਤ ਦਾ ਮੁਕਾਬਲਾ ਕਰ ਸਕਣ ਵਾਲਾ ਮੁਲਕ ਰੂਸ ਤੋਂ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ।



Most Read

2024-09-20 15:50:53