World >> The Tribune


ਅਮਰੀਕਾ ਵੱਲੋਂ ਭਾਰਤ ਨੂੰ ਰੂਸ ਤੋਂ ਦੂਰ ਰਹਿਣ ਦੀ ਚਿਤਾਵਨੀ


Link [2022-04-08 06:16:34]



ਵਾਸ਼ਿੰਗਟਨ, 7 ਅਪਰੈਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਉੱਚ ਵਿੱਤੀ ਸਲਾਹਕਾਰ ਨੇ ਭਾਰਤ ਨੂੰ ਯੂਕਰੇਨ 'ਤੇ ਹਮਲੇ ਤੋਂ ਬਾਅਦ ਰੂਸ ਨਾਲ ਭਾਈਵਾਲੀ ਨਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਵਾਈਟ ਹਾਊਸ ਕੌਮੀ ਵਿੱਤੀ ਕੌਂਸਲ ਦੇ ਡਾਇਰੈਕਟਰ ਬ੍ਰਾਇਨ ਡੀਸ ਨੇ ਪੱਤਰਕਾਰਾਂ ਨੂੰ ਕਿਹਾ, 'ਭਾਰਤ ਸਰਕਾਰ ਨੂੰ ਸਾਡਾ ਸੁਨੇਹਾ ਹੈ ਕਿ ਰੂਸ ਨਾਲ ਹੋਰ ਡੂੰਘੇ ਕੂਟਨੀਤਕ ਸਬੰਧਾਂ ਦੇ ਨਤੀਜੇ ਅਹਿਮ ਤੇ ਦੂਰਗਾਮੀ ਹੋਣਗੇ।' ਉਨ੍ਹਾਂ ਕਿਹਾ ਕਿ ਰੂਸ ਦੇ ਯੂਕਰੇਨ 'ਤੇ ਹਮਲੇ ਦੇ ਸੰਦਰਭ ਵਿੱਚ ਭਾਰਤ ਤੇ ਚੀਨ ਦੋਵਾਂ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਏਸ਼ੀਆ ਵਿੱਚ ਚੀਨ ਦੀ ਤਾਕਤ ਦਾ ਮੁਕਾਬਲਾ ਕਰ ਸਕਣ ਵਾਲਾ ਮੁਲਕ ਰੂਸ ਤੋਂ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਅਮਰੀਕਾ ਦਾ ਇਹ ਬਿਆਨ ਉਪ ਕੌਮੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਦੇ ਪਿਛਲੇ ਹਫ਼ਤੇ ਕੀਤੇ ਗਏ ਭਾਰਤ ਦੌਰੇ ਤੋਂ ਬਾਅਦ ਸਾਹਮਣੇ ਆਇਆ ਹੈ। ਵਾਈਟ ਹਾਊਸ ਦੀ ਤਰਜਮਾਨ ਜੇਨ ਸਾਕੀ ਨੇ ਦਲੀਪ ਸਿੰਘ ਦੇ ਵਾਪਸ ਆਉਣ 'ਤੇ ਕਿਹਾ ਸੀ, 'ਦਲੀਪ ਸਿੰਘ ਨੇ ਆਪਣੇ ਭਾਈਵਾਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਤੇ ਹੋਰ ਪਦਾਰਥਾਂ ਦੀ ਦਰਾਮਦ ਨੂੰ ਜਾਰੀ ਰੱਖਣਾ ਤੇ ਵਧਾਉਣਾ ਉਸ ਦੇ ਹਿੱਤ 'ਚ ਨਹੀਂ ਹੈ।' -ਪੀਟੀਆਈ

ਰੂਸ ਨਾਲ ਸਬੰਧਾਂ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ: ਭਾਰਤ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਉਸ ਦੇ ਰੂਸ ਨਾਲ ਪੁਰਾਣੇ ਆਰਥਿਕ ਸਬੰਧ ਹਨ ਤੇ ਇਨ੍ਹਾਂ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦੀ ਇਹ ਟਿੱਪਣੀ ਉਸ ਸਵਾਲ ਦੇ ਜਵਾਬ ਵਿੱਚ ਆਈ ਜਿਸ 'ਚ ਉਨ੍ਹਾਂ ਤੋਂ ਯੂਕਰੇਨ ਸੰਕਟ ਵਿਚਾਲੇ ਰੂਸ ਨਾਲ ਕਾਰੋਬਾਰੀ ਸਬੰਧਾਂ ਨੂੰ ਲੈ ਕੇ ਪੱਛਮੀ ਮੁਲਕਾਂ ਵੱਲੋਂ ਭਾਰਤ ਦੀ ਕੀਤੀ ਜਾ ਰਹੀ ਆਲੋਚਨਾ ਬਾਰੇ ਪੁੱਛਿਆ ਗਿਆ ਸੀ। ਬਾਗਚੀ ਨੇ ਕਿਹਾ ਕਿ ਰੂਸ ਨਾਲ ਸਬੰਧਾਂ ਨੂੰ ਲੈ ਕੇ ਭਾਰਤ ਦਾ ਰੁਖ਼ ਕਾਫੀ ਖੁੱਲ੍ਹਾ ਹੈ। ਉਨ੍ਹਾਂ ਇਸ ਵਿਸ਼ੇ 'ਤੇ ਰੂਸ ਤੋਂ ਯੂਰਪੀ ਮੁਲਕਾਂ ਵੱਲੋਂ ਕੱਚੇ ਤੇਲ ਆਦਿ ਦੀ ਖਰੀਦ ਜਾਰੀ ਰੱਖਣ ਦਾ ਵੀ ਜ਼ਿਕਰ ਕੀਤਾ। -ਪੀਟੀਆਈ



Most Read

2024-09-20 15:37:45