Breaking News >> News >> The Tribune


ਮਨੀ ਲਾਂਡਰਿੰਗ ਸਾਜ਼ਿਸ਼ ਪਿੱਛੇ ਦੇਸ਼ਮੁਖ ਦੀ ‘ਵਿਉਂਤਬੰਦੀ ਤੇ ਦਿਮਾਗ’ ਸੀ: ਈਡੀ


Link [2022-04-08 05:36:22]



ਮੁੰਬਈ, 7 ਅਪਰੈਲ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਮਨੀ ਲਾਂਡਰਿੰਗ ਸਾਜ਼ਿਸ਼ ਪਿੱਛੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ 'ਵਿਉਂਤਬੰਦੀ ਤੇ ਦਿਮਾਗ' ਸੀ। ਏਜੰਸੀ ਨੇ ਦਾਅਵਾ ਕੀਤਾ ਕਿ ਦੇਸ਼ਮੁਖ ਨੇ ਧਨ-ਸੰਪਤੀ ਇਕੱਠੀ ਕਰਨ ਲਈ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ। ਈਡੀ ਨੇ ਹਾਈ ਕੋਰਟ ਵਿੱਚ ਉਪਰੋਕਤ ਦਾਅਵਾ ਦੇਸ਼ਮੁਖ ਦੀ ਜ਼ਮਾਨਤ ਅਰਜ਼ੀ ਦੇ ਜਵਾਬ ਵਿੱਚ ਕੀਤਾ ਹੈ। ਜਸਟਿਸ ਅਨੁਜਾ ਪ੍ਰਭੂਦੇਸਾਈ ਦਾ ਇਕਹਿਰਾ ਬੈਂਚ ਦੇਸ਼ਮੁਖ ਦੀ ਅਰਜ਼ੀ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਈਡੀ ਦੇ ਸਹਾਇਕ ਡਾਇਰੈਕਟਰ ਤਾਸੀਨ ਸੁਲਤਾਨ ਵੱਲੋਂ ਦਾਇਰ ਹਲਫ਼ਨਾਮੇ ਵਿੱਚ ਦੇਸ਼ਮੁਖ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਈਡੀ ਨੇ ਕਿਹਾ ਕਿ ਅਰਜ਼ੀ ਵਿਚ ਕਈ ਖਾਮੀਆਂ ਹਨ ਤੇ ਦੇਸ਼ਮੁਖ ਅਸਰ ਰਸੂਖ ਵਾਲਾ ਵਿਅਕਤੀ ਹੈ, ਜੋ ਜਾਂਚ ਨੂੰ ਅਸਰਅੰਦਾਜ਼ ਕਰ ਸਕਦਾ ਹੈ। ਏਜੰਸੀ ਨੇ ਕਿਹਾ, ''ਅਰਜ਼ੀਕਰਤਾ (ਦੇਸ਼ਮੁਖ) ਨੇ ਆਪਣੇ ਪੁੱਤਰ ਰਿਸ਼ੀਕੇਸ਼ ਦੇਸ਼ਮੁਖ, ਸਚਿਨ ਵਾਜ਼ੇ (ਬਰਖ਼ਾਸਤ ਪੁਲੀਸ ਅਧਿਕਾਰੀ), ਸੰਜੀਵ ਪਲਾਂਦੇ ਤੇ ਕੁੰਦਨ ਸ਼ਿੰਦੇ (ਦੇਸ਼ਮੁਖ ਦੇ ਪੁਰਾਣੇ ਸਾਥੀ) ਨਾਲ ਮਿਲ ਕੇ ਇਹ ਪੂਰੀ ਸਾਜ਼ਿਸ਼ ਘੜੀ ਸੀ।'' ਹਲਫ਼ਨਾਮੇ ਮੁਤਾਬਕ, ''ਬਾਰ ਤੇ ਰੈਸਟੋਰੈਂਟ ਮਾਲਕਾਂ ਤੋਂ ਪੈਸਾ ਇਕੱਠਾ ਕਰਨ ਦੀ ਇਸ ਪੂਰੀ ਸਾਜ਼ਿਸ਼ ਪਿੱਛੇ ਅਰਜ਼ੀਕਰਤਾ ਦੀ 'ਵਿਉਂਤਬੰਦੀ ਤੇ ਦਿਮਾਗ' ਸੀ।'' -ਪੀਟੀਆਈ



Most Read

2024-09-21 08:42:11