Breaking News >> News >> The Tribune


ਈਡੀ ਵੱਲੋਂ ਜੇਐਂਡਕੇ ਬੈਂਕ ਕੇਸ ਵਿੱਚ ਉਮਰ ਅਬਦੁੱਲਾ ਤੋਂ ਪੁੱਛ-ਪੜਤਾਲ


Link [2022-04-08 05:36:22]



ਨਵੀਂ ਦਿੱਲੀ, 7 ਅਪਰੈਲ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਰ੍ਹਾਂ ਸਾਲ ਪਹਿਲਾਂ ਜੇਐਂਡਕੇ ਬੈਂਕ ਵੱਲੋਂ ਮੁੰਬਈ ਵਿੱਚ ਖਰੀਦੀ ਇਮਾਰਤ ਨਾਲ ਜੁੜੇ ਕੇਸ ਵਿੱਚ ਅੱਜ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਇਹ ਸੌਦਾ ਉਮਰ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ। ਉਧਰ ਨੈਸ਼ਨਲ ਕਾਨਫਰੰਸ ਨੇ ਈਡੀ ਦੀ ਇਸ ਕਾਰਵਾਈ ਨੂੰ 'ਬਦਨਾਮ ਕਰਨ ਦੀ ਸਾਜ਼ਿਸ਼' ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਆਗਾਮੀ ਚੋੋਣਾਂ ਦੇ ਸੰਭਾਵੀ ਐਲਾਨ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦਾ ਯਤਨ ਕਰਾਰ ਦਿੱਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਆਗੂ ਅੱਜ ਸਵੇਰੇ 11 ਵਜੇ ਸੰਘੀ ਜਾਂਚ ਏਜੰਸੀ ਦੇ ਹੈੱਡਕੁਆਰਟਰ ਪੁੱਜਾ, ਜਿੱਥੇ ਈਡੀ ਵੱਲੋਂ ਦਰਜ ਕੇਸ ਦੇ ਸਬੰਧ ਵਿੱਚ ਉਸ ਤੋਂ ਪੁੱਛ-ਪੜਤਾਲ ਕੀਤੀ ਗਈ। ਉਧਰ ਉਮਰ ਅਬਦੁੱਲਾ ਨੇ ਈਡੀ ਦਫ਼ਤਰ ਤੋਂ ਬਾਹਰ ਆਉਂਦਿਆਂ ਕਿਹਾ ਕਿ ਉਹ ਕੇਸ ਵਿੱਚ ਮੁਲਜ਼ਮ ਨਹੀਂ ਸਨ। ਉਮਰ ਨੇ ਕਿਹਾ, ''ਉਨ੍ਹਾਂ ਮੈਨੂੰ 12 ਸਾਲ ਪੁਰਾਣੇ ਕੇਸ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੁੱਛ-ਪੜਤਾਲ ਲਈ ਸੱਦਿਆ ਸੀ। ਮੇਰੇ ਕੋਲ ਜਿੰਨੇ ਜਵਾਬ ਸੀ, ਮੈਂ ਦੇ ਦਿੱਤੇ। ਜੇਕਰ ਲੋੜ ਪੈਂਦੀ ਹੈ ਤਾਂ ਮੈਂ ਅੱਗੋਂ ਵੀ ਮਦਦ ਕਰਾਂਗਾ। ਉਨ੍ਹਾਂ ਨੇ ਮੇਰੇ 'ਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਾਇਆ।'' ਅਧਿਕਾਰੀਆਂ ਮੁਤਾਬਕ ਇਹ ਕੇਸ ਸਾਲ 2010 ਵਿੱਚ ਮੁੰਬਈ ਦੇ ਬਾਂਦਰਾ ਕੁਰਲਾ ਵਿੱਚ ਜੈਐਂਡਕੇ ਬੈਂਕ ਦੀ ਇਮਾਰਤ ਦੀ ਖਰੀਦੋ-ਫ਼ਰੋਖ਼ਤ ਨਾਲ ਸਬੰਧਤ ਹੈ। ਉਦੋਂ ਸੂਬੇ ਦੇ ਸਾਬਕਾ ਵਿੱਤ ਮੰਤਰੀ ਹਸੀਬ ਦਰਾਬੂ ਇਸ ਬੈਂਕ ਦੇ ਚੇਅਰਮੈਨ ਸਨ। ਅਧਿਕਾਰੀਆਂ ਮੁਤਾਬਕ, ਦਰਾਬੂ ਦੀ ਅਗਵਾਈ 'ਚ ਦੋ ਮੈਂਬਰ ਕਮੇਟੀ ਗਠਿਤ ਕਰਕੇ ਇਸ ਨੂੰ ਮੁੰਬਈ ਵਿੱਚ ਇਮਾਰਤ ਦੀ ਭਾਲ ਕਰਨ ਲਈ ਕਿਹਾ ਗਿਆ ਸੀ। ਇਸ ਕਮੇਟੀ ਦੀ ਸਿਫਾਰਸ਼ 'ਤੇ ਸਬੰਧਤ ਇਮਾਰਤ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਮਾਰਤ ਜੇਐਂਡਕੇ ਬੈਂਕ ਦਾ ਸਭ ਤੋਂ ਵੱਡਾ ਅਸਾਸਾ ਹੈ। ਤਤਕਾਲੀ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਬੈਂਕ ਵਿੱਚ ਬੜੀ ਸੀਮਤ ਭੂਮਿਕਾ ਸੀ। ਨੇਮਾਂ ਦੀ ਜਾਣਕਾਰੀ ਰੱਖਦੇ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਬੈਂਕ ਦੇ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ। ਰਾਜ ਸਰਕਾਰ, ਜਿਸ ਦੀ ਬੈਂਕ ਵਿੱਚ 68 ਫੀਸਦ ਤੋਂ ਥੋੜ੍ਹੀ ਵੱਧ ਹਿੱਸੇਦਾਰੀ ਹੈ, ਦੀ ਨੁਮਾਇੰਦਗੀ ਮੁੱਖ ਸਕੱਤਰ ਕਰਦਾ ਹੈ ਤੇ ਵਿੱਤ ਸਕੱਤਰ ਦੀ 3.83 ਫੀਸਦ ਹਿੱਸੇਦਾਰੀ ਹੈ। ਉਸ ਮੌਕੇ ਐੱਸ.ਐੱਸ.ਕਪੂਰ ਮੁੱਖ ਸਕੱਤਰ ਸਨ। -ਪੀਟੀਆਈ



Most Read

2024-09-21 08:42:31