Breaking News >> News >> The Tribune


ਸੰਸਦ ਅਣਮਿੱਥੇ ਸਮੇਂ ਲਈ ਮੁਲਤਵੀ


Link [2022-04-08 05:36:22]



ਨਵੀਂ ਦਿੱਲੀ, 7 ਅਪਰੈਲ

ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਮਹਿੰਗਾਈ ਤੇ ਆਸਮਾਨੀ ਪੁੱਜੀਆਂ ਤੇਲ ਕੀਮਤਾਂ ਖਿਲਾਫ਼ ਚਰਚਾ ਦੀ ਮੰਗ ਨੂੰ ਲੈ ਕੇ ਪਾਏ ਗਏ ਰੌਲੇ-ਰੱਪੇ ਦਰਮਿਆਨ ਸੰਸਦ ਦੇ ਦੋਵਾਂ ਸਦਨਾਂ (ਰਾਜ ਸਭਾ ਤੇ ਲੋਕ ਸਭਾ) ਨੂੰ ਅੱਜ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਬਜਟ ਇਜਲਾਸ ਦਾ ਦੂਜਾ ਅੱਧ 14 ਮਾਰਚ ਨੂੰ ਸ਼ੁਰੂ ਹੋਇਆ ਸੀ, ਜੋ 8 ਅਪਰੈਲ ਨੂੰ ਖ਼ਤਮ ਹੋਣਾ ਸੀ। ਇਜਲਾਸ ਦੌਰਾਨ ਬਜਟ ਦੇ ਅਮਲ ਤੋਂ ਇਲਾਵਾ ਕਈ ਅਹਿਮ ਬਿਲਾਂ ਜਿਵੇਂ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਸੋਧ) ਬਿੱਲ ਤੇ ਕ੍ਰਿਮੀਨਲ ਪ੍ਰੋਸੀਜ਼ਰ (ਪਛਾਣ) ਨੂੰ ਵੀ ਹਰੀ ਝੰਡੀ ਦਿੱਤੀ ਗਈ।

ਇਸ ਤੋਂ ਪਹਿਲਾਂ ਅੱਜ ਲੋਕ ਸਭਾ ਵਿੱਚ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਸਮਾਪਤੀ ਭਾਸ਼ਣ ਤੇ ਹੋਰ ਕਾਰਵਾਈਆਂ ਨੂੰ ਪੂਰਾ ਕਰਨ ਦੇ ਨਾਲ ਸਦਨ ਨੂੰ ਅਣਮਿੱਥੇ ਸਮੇਂ ਲਈ ਚੁੱਕ ਦਿੱਤਾ। ਉਧਰ ਰਾਜ ਸਭਾ ਵਿੱਚ ਸ਼ਿਵ ਸੈਨਾ ਤੇ ਹੋਰਨਾਂ ਪਾਰਟੀਆਂ ਨੇ ਜ਼ਰੂਰੀ ਵਸਤਾਂ ਦੀਆਂ ਆਸਮਾਨੀ ਪੁੱਜੀਆਂ ਕੀਮਤਾਂ ਤੇ ਆਈਐੱਨਐੱਸ ਵਿਕਰਾਂਤ ਨੂੰ ਬਚਾਉਣ ਲਈ ਡੋਨੇਸ਼ਨਾਂ ਦੇ ਰੂਪ ਵਿੱਚ ਇਕੱਠੇ ਕੀਤੇ ਪੈਸੇ ਵਿੱਚ ਕਥਿਤ ਹੇਰਾਫੇਰੀ ਨੂੰ ਲੈ ਕੇ ਰੌਲਾ-ਰੱਪਾ ਪਾਇਆ। ਜਿਵੇਂ ਹੀ ਸਦਨ ਦੀ ਮੇਜ਼ 'ਤੇ ਅੱਜ ਲਈ ਸੂਚੀਬੰਦ ਕਾਰਜਾਂ ਦੀ ਸੂਚੀ ਰੱਖੀ ਗਈ ਤਾਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਤੇ ਪ੍ਰਿਯੰਕਾ ਚਤੁਰਵੇਦੀ ਖੜ੍ਹੇ ਹੋ ਗਏ ਤੇ ਉਨ੍ਹਾਂ ਆਈਐੱਨਐੱਸ ਵਿਕਰਾਂਤ ਨੂੰ ਬਚਾਉਣ ਲਈ ਡੋਨੇਸ਼ਨਾਂ ਦੇ ਰੂਪ ਵਿੱਚ ਇਕੱਤਰ ਫੰਡਾਂ 'ਚ ਕਥਿਤ ਹੇਰਫੇਰ ਲਈ ਭਾਜਪਾ ਦੇ ਕਿਰਿਤ ਸੌਮੱਈਆ ਖਿਲਾਫ਼ ਦਰਜ ਕੇਸ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ। ਕਾਂਗਰਸੀ ਮੈਂਬਰਾਂ ਨੇ ਵੀ ਸ਼ਿਵ ਸੈਨਾ ਦੀ ਹਮਾਇਤ ਕੀਤੀ। ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਇਹ ਮੁੱਦਾ ਸਿਫ਼ਰ ਕਾਲ ਵਿੱਚ ਚੁੱਕਣ ਤੋਂ ਰੋਕ ਦਿੱਤਾ। ਇਸ ਦੌਰਾਨ ਸੁਸ਼ੀਲ ਮੋਦੀ ਨੇ ਕਸ਼ਮੀਰੀ ਪੰਡਿਤਾਂ ਖਿਲਾਫ਼ ਅਪਰਾਧਾਂ ਤੇ ਜ਼ੁਲਮਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਸਿਟ ਗਠਿਤ ਕੀਤੇ ਜਾਣ ਦੀ ਮੰਗ ਸਬੰਧੀ ਹਲਫ਼ੀਆ ਬਿਆਨ ਪੜ੍ਹਿਆ। ਇਸ ਦੌਰਾਨ ਵਿਰੋਧੀ ਧਿਰਾਂ ਦਾ ਰੌਲਾ-ਰੱਪਾ ਨਾ ਘੱਟਦਾ ਵੇਖ ਚੇਅਰਮੈਨ ਨਾਇਡੂ ਨੇ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। -ਪੀਟੀਆਈ



Most Read

2024-09-21 08:56:33