Breaking News >> News >> The Tribune


ਰਾਜਨਾਥ ਵੱਲੋਂ ਦਰਾਮਦ ਪਾਬੰਦੀ ਵਾਲੇ ਹਥਿਆਰਾਂ ਦੀ ਤੀਜੀ ਸੂਚੀ ਜਾਰੀ


Link [2022-04-08 05:36:22]



ਨਵੀਂ ਦਿੱਲੀ, 7 ਅਪਰੈਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ 101 ਹੋਰ ਫ਼ੌਜੀ ਪ੍ਰਣਾਲੀਆਂ ਅਤੇ ਹਥਿਆਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਦੀ ਦਰਾਮਦ 'ਤੇ ਅਗਲੇ ਪੰਜ ਵਰ੍ਹਿਆਂ ਤੱਕ ਪਾਬੰਦੀ ਹੋਵੇਗੀ ਅਤੇ ਇਨ੍ਹਾਂ ਨੂੰ ਦੇਸ਼ 'ਚ ਵਿਕਸਤ ਕੀਤਾ ਜਾਵੇਗਾ ਤਾਂ ਜੋ ਭਾਰਤੀ ਹਥਿਆਰ ਉਦਯੋਗ ਨੂੰ ਹੁਲਾਰਾ ਮਿਲ ਸਕੇ। ਇਕ ਪ੍ਰੋਗਰਾਮ ਦੌਰਾਨ ਸੂਚੀ ਜਾਰੀ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਸ 'ਚ ਸੈਂਸਰ, ਹਥਿਅਰ ਅਤੇ ਗੋਲੀ-ਸਿੱਕਾ, ਜਲ ਸੈਨਾ ਦੇ ਹੈਲੀਕਾਪਟਰ, ਗਸ਼ਤੀ ਜਹਾਜ਼, ਸਮੁੰਦਰੀ ਜਹਾਜ਼ ਵਿਰੋਧੀ ਮਿਜ਼ਾਈਲ ਅਤੇ ਰੇਡੀਏਸ਼ਨ ਵਿਰੋਧੀ ਮਿਜ਼ਾਈਲਾਂ ਸ਼ਾਮਲ ਹਨ। ਉਨ੍ਹਾਂ ਕਿਹਾ,''ਅੱਜ 101 ਰੱਖਿਆ ਸਾਜ਼ੋ-ਸਾਮਾਨ ਦੀ ਤੀਜੀ ਹਾਂ-ਪੱਖੀ ਦੇਸੀ ਸੂਚੀ ਰਾਸ਼ਟਰ ਨੂੰ ਜਾਰੀ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਸੂਚੀ ਦੇ ਜਾਰੀ ਹੋਣ ਨਾਲ ਰੱਖਿਆ ਖੇਤਰ 'ਚ ਸਾਡੀ ਆਤਮ-ਨਿਰਭਰਤਾ ਦੀ ਤੇਜ਼ ਰਫ਼ਤਾਰ ਦਾ ਪਤਾ ਲੱਗਦਾ ਹੈ।'' ਪਹਿਲੀ ਸੂਚੀ ਅਗਸਤ 2020 'ਚ ਜਾਰੀ ਕੀਤੀ ਗਈ ਸੀ ਜਿਸ 'ਚ 155 ਐੱਮਐੱਮ/39 ਸੀਏਐੱਲ ਅਲਟਰਾ-ਲਾਈਟ ਹੋਵਿਟਜ਼ਰ, ਹਲਕੇ ਲੜਾਕੂ ਜਹਾਜ਼ ਐੱਮਕੇ-ਆਈਏ, ਰਵਾਇਤੀ ਪਣਡੁੱਬੀਆਂ ਅਤੇ ਸੰਚਾਰ ਸੈਟੇਲਾਈਟ ਜੀਸੈਟ-7ਸੀ ਸ਼ਾਮਲ ਹਨ। ਪਿਛਲੇ ਸਾਲ ਮਈ 'ਚ ਸਰਕਾਰ ਨੇ ਹੋਰ ਵਾਧੂ 108 ਫ਼ੌਜੀ ਹਥਿਆਰਾਂ ਅਤੇ ਪ੍ਰਣਾਲੀਆਂ ਜਿਵੇਂ ਅਗਲੀ ਪੀੜ੍ਹੀ ਦੇ ਜੰਗੀ ਬੇੜੇ, ਏਅਰਬੌਰਨ ਵਾਰਨਿੰਗ ਸਿਸਟਮ, ਟੈਂਕ ਇੰਜਣ ਅਤੇ ਰਾਡਾਰ ਦੀ ਦਰਾਮਦ 'ਤੇ ਪਾਬੰਦੀ ਨੂੰ ਮਨਜ਼ੂਰੀ ਦਿੱਤੀ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਦੋ ਮਹੱਤਵਪੂਰਨ ਉਦੇਸ਼ ਰੱਖਿਆ ਖੇਤਰ 'ਚ ਆਤਮ-ਨਿਰਭਰਤਾ ਅਤੇ ਫ਼ੌਜੀ ਸਾਜੋ-ਸਾਮਾਨ ਦੀ ਬਰਾਮਦ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸੂਚੀ ਦੇ ਜਾਰੀ ਹੋਣ ਨਾਲ ਜਨਤਕ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਨਾਲ ਸਵਦੇਸ਼ੀ ਨੂੰ ਉਤਸ਼ਾਹ ਮਿਲੇਗਾ ਅਤੇ ਦੋਵੇਂ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ 'ਚ ਸਰਕਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ 'ਚ ਭਾਰਤ ਦੀ ਆਤਮ-ਨਿਰਭਰਤਾ ਦਾ ਅਰਥ ਦੁਨੀਆ ਦੇ ਬਾਕੀ ਹਿੱਸਿਆਂ ਤੋਂ ਵੱਖ ਹੋ ਕੇ ਕੰਮ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਆਪਣੇ ਮੁਲਕ 'ਚ ਵਿਦੇਸ਼ੀ ਕੰਪਨੀਆਂ ਦੀ ਸਰਗਰਮ ਹਿੱਸੇਦਾਰੀ ਅਤੇ ਸਮਰਥਨ ਨਾਲ ਕੰਮ ਕਰਨਾ ਹੈ। ਪਿਛਲੇ ਕੁਝ ਸਾਲਾਂ 'ਚ ਸਰਕਾਰ ਨੇ ਘਰੇਲੂ ਰੱਖਿਆ ਉਤਪਾਦਨ ਨੂੰ ਹੁਲਾਰਾ ਦੇਣ ਲਈ ਕਈ ਉਪਰਾਲੇ ਕੀਤੇ ਹਨ। -ਪੀਟੀਆਈ



Most Read

2024-09-21 08:54:46