Breaking News >> News >> The Tribune


ਹਿਜਾਬ ਵਿਵਾਦ ’ਤੇ ਅਲ ਕਾਇਦਾ ਮੁਖੀ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ


Link [2022-04-07 06:15:13]



ਨਵੀਂ ਦਿੱਲੀ, 6 ਅਪਰੈਲ

ਅਲ ਕਾਇਦਾ ਮੁਖੀ ਆਇਮਨ ਅਲ-ਜ਼ਵਾਹਰੀ ਨੇ ਕਰਨਾਟਕ ਦੇ ਹਿਜਾਬ ਵਿਵਾਦ ਦੀ ਵਰਤੋਂ ਭਾਰਤ 'ਚ ਜਮਹੂਰੀਅਤ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਹੈ। ਉਨ੍ਹਾਂ ਕਿਹਾ ਕਿ 'ਮੁਸਲਮਾਨਾਂ ਨੂੰ ਕਾਫ਼ਰ ਹਿੰਦੂ ਜਮਹੂਰੀਅਤ ਦੇ ਛਲ ਤੋਂ ਬਚਣਾ' ਚਾਹੀਦਾ ਹੈ। ਦਹਿਸ਼ਤੀ ਜਥੇਬੰਦੀ ਵੱਲੋਂ ਆਨਲਾਈਨ ਜਾਰੀ 8.43 ਮਿੰਟ ਦੇ ਵੀਡੀਓ ਕਲਿੱਪ ਦੀ ਅਮਰੀਕੀ ਸਾਈਟ ਇੰਟੈਲੀਜੈਂਸ ਗਰੁੱਪ ਨੇ ਤਸਦੀਕ ਕੀਤੀ ਹੈ। ਜ਼ਵਾਹਰੀ ਨੇ ਕਰਨਾਟਕ ਦੀ ਕਾਲਜ ਵਿਦਿਆਰਥਣ ਮੁਸਕਾਨ ਖ਼ਾਨ ਦੀ ਵੀ ਸ਼ਲਾਘਾ ਕੀਤੀ ਹੈ ਜੋ ਫਰਵਰੀ 'ਚ ਆਪਣੇ ਕਾਲਜ 'ਚ ਹਿਜਾਬ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਗੁੱਟ ਸਾਹਮਣੇ ਡਟ ਕੇ ਖੜ੍ਹੀ ਹੋ ਗਈ ਸੀ। ਅਰਬੀ ਭਾਸ਼ਾ ਵਾਲੇ ਵੀਡੀਓ ਕਲਿੱਪ ਦਾ ਸਾਈਟ ਇੰਟੈਲੀਜੈਂਸ ਗਰੁੱਪ ਨੇ ਅੰਗਰੇਜ਼ੀ 'ਚ ਤਰਜਮਾ ਕੀਤਾ ਹੈ। ਜ਼ਵਾਹਰੀ ਨੇ ਇਕ ਕਵਿਤਾ ਵੀ ਪੜ੍ਹੀ ਹੈ ਜਿਸ ਨੂੰ ਉਸ ਨੇ ਉਚੇਚੇ ਤੌਰ 'ਤੇ 'ਸਾਡੀ ਮੁਜਾਹਿਦ ਭੈਣ' ਅਤੇ ਉਸ ਦੇ 'ਬਹਾਦਰੀ ਵਾਲੇ ਕਾਰਨਾਮੇ' ਲਈ ਲਿਖਿਆ ਹੈ। ਅਲ ਕਾਇਦਾ ਮੁਖੀ ਨੇ ਵੀਡੀਓ 'ਚ ਕਿਹਾ,''ਹਿੰਦੂ ਭਾਰਤ ਅਤੇ ਕਾਫ਼ਰ ਲੋਕਤੰਤਰ ਦੇ ਛਲ ਦੀ ਹਕੀਕਤ ਦਾ ਪਰਦਾਫਾਸ਼ ਕਰਨ ਲਈ ਅੱਲ੍ਹਾ ਉਸ ਨੂੰ ਇਨਾਮ ਦੇਵੇ।'' ਜ਼ਵਾਹਰੀ ਦਾ ਇਹ ਵੀਡੀਓ ਆਉਣ ਨਾਲ ਉਸ ਦੀ ਮੌਤ ਬਾਰੇ ਜਤਾਏ ਜਾ ਰਹੇ ਖ਼ਦਸ਼ੇ ਵੀ ਖ਼ਤਮ ਹੋ ਗਏ ਹਨ। ਦੁਨੀਆ ਦੇ ਸਭ ਤੋਂ ਲੋੜੀਂਦੇ ਦਹਿਸ਼ਤਗਰਦਾਂ 'ਚੋਂ ਇਕ ਜ਼ਵਾਹਰੀ ਦਾ ਵੀਡੀਓ ਹਿਜਾਬ ਵਿਵਾਦ 'ਤੇ ਕੇਂਦਰਤ ਹੈ। ਉਸ ਨੇ ਕਿਹਾ ਕਿ ਕਾਫ਼ਰ ਹਿੰਦੂ ਜਮਹੂਰੀਅਤ ਮੁਸਲਮਾਨਾਂ ਨੂੰ ਦਬਾਉਣ ਦੇ ਸੰਦ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਹਿੰਦ ਮਹਾਂਦੀਪ ਦੇ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਕਿ ਉਹ ਇਹ ਗੱਲ ਸਮਝਣ ਕਿ ਹਕੀਕੀ ਦੁਨੀਆ 'ਚ 'ਮਨੁੱਖੀ ਅਧਿਕਾਰ' ਜਾਂ 'ਸੰਵਿਧਾਨ ਜਾਂ ਕਾਨੂੰਨ ਦੇ ਸਤਿਕਾਰ' ਜਿਹੀ ਕੋਈ ਚੀਜ਼ ਨਹੀਂ ਹੈ। 'ਇਹ ਬਿਲਕੁਲ ਉਹੋ ਛਲ ਵਾਲੀ ਯੋਜਨਾ ਹੈ ਜੋ ਪੱਛਮ ਨੇ ਸਾਡੇ ਖ਼ਿਲਾਫ਼ ਵਰਤੀ ਸੀ। ਇਸ ਦੀ ਸਚਾਈ ਉਸ ਸਮੇਂ ਸਾਹਮਣੇ ਆ ਗਈ ਸੀ ਜਦੋਂ ਫਰਾਂਸ, ਹਾਲੈਂਡ ਅਤੇ ਸਵਿਟਜ਼ਰਲੈਂਡ ਵੱਲੋਂ ਜਨਤਕ ਤੌਰ 'ਤੇ ਨੰਗੇਜ਼ ਦੀ ਇਜਾਜ਼ਤ ਦੇ ਕੇ ਹਿਜਾਬ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।' ਜ਼ਵਾਹਰੀ ਨੇ ਕਿਹਾ ਕਿ ਇਸਲਾਮ ਦੇ ਦੁਸ਼ਮਣ ਇਕੋ ਜਿਹੇ ਹਨ ਜੋ ਹਿਜਾਬ ਨੂੰ ਬਦਨਾਮ ਕਰਕੇ ਇਸਲਾਮਿਕ ਸ਼ਰੀਅਤ 'ਤੇ ਹਮਲਾ ਕਰਦੇ ਹਨ। 'ਇਹ ਇਸਲਾਮ, ਉਸ ਦੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਕਾਨੂੰਨਾਂ ਖ਼ਿਲਾਫ਼ ਜੰਗ ਹੈ। ਚੀਨ ਤੋਂ ਲੈ ਕੇ ਇਸਲਾਮਿਕ ਮਗਰਿਬ ਅਤੇ ਕੌਕਸ ਤੋਂ ਸੋਮਾਲੀਆ ਤੱਕ ਮੁਸਲਮਾਨਾਂ ਦੀ ਏਕਤਾ ਦਾ ਸੱਦਾ ਦਿੰਦਿਆਂ ਉਸ ਨੇ ਕਿਹਾ ਕਿ ਸਾਰਿਆਂ ਨੂੰ ਅੱਲ੍ਹਾ 'ਤੇ ਯਕੀਨ ਕਰਨਾ ਚਾਹੀਦਾ ਹੈ ਅਤੇ ਉਹ ਇਕ-ਦੂਜੇ ਨੂੰ ਪੂਰਾ ਸਹਿਯੋਗ ਦੇਣ। ਉਸ ਨੇ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਮੁਸਲਮਾਨਾਂ 'ਤੇ ਥੋਪੀਆਂ ਗਈਆਂ ਸਰਕਾਰਾਂ ਉਨ੍ਹਾਂ ਦੀ ਰਾਖੀ ਲਈ ਨਹੀਂ ਹਨ ਸਗੋਂ ਉਹ ਦੁਸ਼ਮਣਾਂ ਦਾ ਬਚਾਅ ਕਰਦੀਆਂ ਹਨ ਜਿਨ੍ਹਾਂ ਨੂੰ ਮੁਸਲਮਾਨਾਂ ਖ਼ਿਲਾਫ਼ ਲੜਨ ਦੀ ਤਾਕਤ ਦਿੱਤੀ ਗਈ ਹੈ। -ਪੀਟੀਆਈ

ਹਿਜਾਬ ਵਿਵਾਦ ਪਿੱਛੇ 'ਅਦ੍ਰਿਸ਼ ਤਾਕਤਾਂ ਦਾ ਹੱਥ': ਕਰਨਾਟਕ ਮੰਤਰੀ

ਬੰਗਲੂਰੂ: ਅਲ ਕਾਇਦਾ ਮੁਖੀ ਵੱਲੋਂ ਹਿਜਾਬ ਵਿਵਾਦ ਬਾਰੇ ਜਾਰੀ ਵੀਡੀਓ 'ਤੇ ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਵਿਵਾਦ ਪਿੱਛੇ 'ਅਦ੍ਰਿਸ਼ ਤਾਕਤਾਂ ਦਾ ਹੱਥ' ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਘਟਨਾਕ੍ਰਮ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਆਖ ਰਹੇ ਸਨ ਅਤੇ ਹਾਈ ਕੋਰਟ ਨੇ ਵੀ ਹਿਜਾਬ ਬਾਰੇ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਇਸ ਪਿੱਛੇ ਕੁਝ ਅਦ੍ਰਿਸ਼ ਤਾਕਤਾਂ ਦਾ ਹੱਥ ਦਿਖਾਈ ਦਿੰਦਾ ਹੈ। ਉਚੇਰੀ ਸਿੱਖਿਆ ਮੰਤਰੀ ਸੀ ਐੱਨ ਅਸ਼ਵਥ ਨਾਰਾਇਣ ਨੇ ਦਹਿਸ਼ਤੀ ਗੁੱਟ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਥੇਬੰਦੀ ਅਤੇ ਉਸ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ

ਮੁਸਕਾਨ ਦੇ ਪਿਤਾ ਨੇ ਜਵਾਹਰੀ ਦੇ ਬਿਆਨ ਤੋਂ ਦੂਰੀ ਬਣਾਈ

ਮਾਂਡਿਆ: ਅਲ ਕਾਇਦਾ ਦੇ ਮੁਖੀ ਵੱਲੋਂ ਜਾਰੀ ਵੀਡੀਓ ਬਿਆਨ ਤੋਂ ਦੂਰੀ ਬਣਾਉਂਦਿਆਂ ਮੁਸਕਾਨ ਖ਼ਾਨ ਦੇ ਪਿਤਾ ਮੁਹੰਮਦ ਹੁਸੈਨ ਖ਼ਾਨ ਨੇ ਕਿਹਾ ਕਿ ਦਹਿਸ਼ਤੀ ਆਗੂ ਅਲ ਜਵਾਹਰੀ ਦਾ ਬਿਆਨ ਗਲਤ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਭਾਰਤ 'ਚ ਸ਼ਾਂਤੀ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਪਰਿਵਾਰ ਦੀ ਸ਼ਾਂਤੀ ਭੰਗ ਕਰ ਰਹੀਆਂ ਹਨ ਅਤੇ ਪੁਲੀਸ ਤੇ ਕਰਨਾਟਕ ਸਰਕਾਰ ਸਚਾਈ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਸਕਦੀ ਹੈ। ਮੁਹੰਮਦ ਹੁਸੈਨ ਨੇ ਕਿਹਾ ਕਿ ਉਸ ਨੇ ਜਵਾਹਰੀ ਨੂੰ ਪਹਿਲੀ ਵਾਰ ਦੇਖਿਆ ਹੈ ਅਤੇ ਉਹ ਨਹੀਂ ਜਾਣਦੇ ਕਿ ਉਹ ਕੌਣ ਹੈ। -ਪੀਟੀਆਈ



Most Read

2024-09-21 08:57:16