Breaking News >> News >> The Tribune


ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਹਿਮਾਚਲ ‘ਆਪ’ ਨੂੰ ਚੁਣੇ: ਕੇਜਰੀਵਾਲ


Link [2022-04-07 06:15:13]



ਮੰਡੀ, 6 ਅਪਰੈਲ

ਪੰਜਾਬ ਚੋਣਾਂ 'ਚ ਮਿਲੀ ਜ਼ਬਰਦਸਤ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ (ਆਪ) ਨੇ ਹੁਣ ਆਪਣਾ ਰੁਖ਼ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵੱਲ ਕਰ ਲਿਆ ਹੈ। ਦੱਸਣਯੋਗ ਹੈ ਕਿ ਪਹਾੜੀ ਸੂਬੇ ਵਿਚ ਚੋਣਾਂ ਇਸ ਸਾਲ ਨਵੰਬਰ ਵਿਚ ਹੋਣਗੀਆਂ। ਪਾਰਟੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਮੰਡੀ ਵਿਚ ਰੋਡ ਸ਼ੋਅ ਨਾਲ ਕੀਤੀ। ਜ਼ਿਕਰਯੋਗ ਹੈ ਕਿ ਮੰਡੀ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਜੱਦੀ ਸ਼ਹਿਰ ਹੈ। 'ਆਪ' ਨੇ ਅੱਜ ਇੱਥੇ 'ਹਿਮਾਚਲ ਪ੍ਰਦੇਸ਼ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ।' ਇਸ ਮੌਕੇ ਪਾਰਟੀ ਦੇ ਦੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਦਿੱਲੀ) ਤੇ ਭਗਵੰਤ ਮਾਨ (ਪੰਜਾਬ) ਮੌਜੂਦ ਸਨ।

ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ 'ਆਪ' ਵੱਲੋਂ ਕੱਢੀ ਗਈ ਤਿਰੰਗਾ ਯਾਤਰਾ 'ਚ ਸ਼ਾਮਲ ਪਾਰਟੀ ਦੇ ਹਮਾਇਤੀ। -ਫੋਟੋ: ਪੀਟੀਆਈ

'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ 'ਪਾਰਟੀ ਜੇ ਸੱਤਾ ਵਿਚ ਆਈ ਤਾਂ ਹਿਮਾਚਲ 'ਚੋਂ ਵੀ ਭ੍ਰਿਸ਼ਟਾਚਾਰ ਖ਼ਤਮ ਕਰ ਦੇਵੇਗੀ।' ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਤੁਸੀਂ 30 ਸਾਲ ਕਾਂਗਰਸ ਤੇ 17 ਸਾਲ ਭਾਜਪਾ ਨੂੰ ਦਿੱਤੇ ਹਨ, ਸਾਰਿਆਂ ਨੇ ਹਿਮਾਚਲ ਨੂੰ ਲੁੱਟਿਆ ਹੈ। ਮੈਨੂੰ ਬਸ ਪੰਜ ਸਾਲ ਦਿਓ। ਜੇ ਤੁਸੀਂ ਸੰਤੁਸ਼ਟ ਨਾ ਹੋਏ ਤਾਂ ਤੁਸੀਂ ਸਾਨੂੰ ਵੀ ਬਦਲ ਦੇਣਾ।' ਕੇਜਰੀਵਾਲ ਨੇ ਕਿਹਾ ਕਿ ਪਹਿਲਾਂ 'ਆਪ' ਨੇ ਦਿੱਲੀ ਤੇ ਹੁਣ ਪੰਜਾਬ ਵਿਚੋਂ ਵੀ ਭ੍ਰਿਸ਼ਟਾਚਾਰ ਖ਼ਤਮ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ, 'ਅਸੀਂ ਆਮ ਲੋਕ ਹਾਂ, ਸਾਨੂੰ ਰਾਜਨੀਤੀ ਨਹੀਂ ਆਉਂਦੀ। ਬਲਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਲਈ ਕੰਮ ਕਿਵੇਂ ਕਰਨਾ ਹੈ, ਸਕੂਲ ਕਿਵੇਂ ਬਣਾਉਣੇ ਹਨ ਤੇ ਭ੍ਰਿਸ਼ਟਚਾਰ ਕਿਵੇਂ ਮਿਟਾਉਣਾ ਹੈ। ਪੰਜਾਬ ਵਿਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ 20 ਦਿਨਾਂ ਦੇ ਅੰਦਰ ਹੀ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ ਕ੍ਰਾਂਤੀ ਹੋਣੀ ਚਾਹੀਦੀ ਹੈ।' ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਤੇ ਜ਼ਿਆਦਾਤਰ ਕਾਂਗਰਸ ਹੀ ਕਾਬਜ਼ ਰਹੀ ਹੈ। ਇੱਥੇ ਪਹਿਲੀ ਗੈਰ-ਕਾਂਗਰਸ ਸਰਕਾਰ 1977 ਵਿਚ ਸ਼ਾਂਤਾ ਕੁਮਾਰ ਦੀ ਅਗਵਾਈ ਵਿਚ ਬਣੀ ਸੀ ਜਦ ਜਨਤਾ ਪਾਰਟੀ ਸੱਤਾ 'ਚ ਆਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਹੋਈਆਂ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਚਾਰ ਸੀਟਾਂ ਉਤੇ ਹਾਰ ਮਿਲੀ ਸੀ। ਕਾਂਗਰਸ ਤੇ ਭਾਜਪਾ ਦੇ ਰਵਾਇਤੀ ਚਿਹਰੇ ਵੀਰਭੱਦਰ ਸਿੰਘ ਤੇ ਪ੍ਰੇਮ ਕੁਮਾਰ ਧੂਮਲ ਵੀ ਹੁਣ ਸਿਆਸੀ ਦੌੜ ਵਿਚ ਨਹੀਂ ਹਨ। ਵੀਰਭੱਦਰ ਦੀ ਮੌਤ ਹੋ ਚੁੱਕੀ ਹੈ ਤੇ ਧੂਮਲ ਜ਼ਿਆਦਾਤਰ ਸਿਆਸੀ ਪਿੜ ਤੋਂ ਬਾਹਰ ਹੀ ਰਹੇ ਹਨ। ਦੱਸਣਯੋਗ ਹੈ ਕਿ ਧੂਮਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਗਏ ਸਨ। -ਪੀਟੀਆਈ/ਆਈਏਐਨਐੱਸ

ਭਾਜਪਾ ਤੇ ਕਾਂਗਰਸ ਨੇ ਵੰਸ਼ਵਾਦ ਦੀ ਸਿਆਸਤ ਨੂੰ ਅੱਗੇ ਵਧਾਇਆ: ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਤੇ ਕਾਂਗਰਸ ਨੇ ਵੰਸ਼ਵਾਦ ਦੀ ਸਿਆਸਤ ਨੂੰ ਹੀ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ 'ਆਪ' ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਿਆਸਤ ਵਿਚ ਆਮ ਲੋਕਾਂ ਨੂੰ ਅੱਗੇ ਲਿਆਉਂਦੀ ਹੈ ਤੇ ਲੋਕਾਂ ਦਾ ਵਿਕਾਸ ਯਕੀਨੀ ਬਣਾਉਂਦੀ ਹੈ। ਮਾਨ ਨੇ ਲੋਕਾਂ ਦੇ ਇਕੱਠ ਵਿਚ ਕਿਹਾ, 'ਅਜਿਹਾ ਜਾਪ ਰਿਹਾ ਹੈ ਜਿਵੇਂ ਮੈਂ ਸੰਗਰੂਰ ਵਿਚ ਹੋਵਾਂ, ਮੰਡੀ ਵਿਚ ਨਹੀਂ।'

ਕਾਂਗਰਸੀ ਆਗੂਆਂ ਦੇ ਨਿਸ਼ਾਨੇ ਉਤੇ ਆਈ 'ਆਪ' ਸਰਕਾਰ

ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਗੁਰਦਾਸਪੁਰ ਵਿਚ ਜੰਗਲ ਰਾਜ ਵਰਗਾ ਮਾਹੌਲ ਬਣ ਰਿਹਾ ਹੈ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਹੈਰਾਨੀ ਭਰੀ ਹੈ ਜਦਕਿ ਗੁੰਡਾ ਅਨਸਰ ਹਥਿਆਰਾਂ ਸਮੇਤ ਘੁੰਮ ਰਹੇ ਹਨ। ਉਨ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਹੋਈ ਘਟਨਾ ਦਾ ਵੀਡੀਓ ਵੀ ਸਾਂਝਾ ਕੀਤਾ ਹੈ| ਸਾਬਕਾ ਮੰਤਰੀ ਪਰਗਟ ਸਿੰਘ ਨੇ ਪੰਜਾਬ 'ਚ ਅਮਨ-ਕਾਨੂੰਨ ਦੀ ਵਿਗੜ ਰਹੀ ਵਿਵਸਥਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਦੋ-ਤਿੰਨ ਕਤਲ ਹੋ ਰਹੇ ਹਨ ਅਤੇ ਥੋੜ੍ਹੇ ਦਿਨਾਂ ਵਿਚ ਹੀ ਡੇਢ ਦਰਜਨ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ| ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਵਿਚ ਆਨੰਦ ਮਾਣ ਰਹੇ ਹਨ| ਪਹਿਲਾਂ ਗੁਜਰਾਤ ਦਾ ਟੂਰ ਤੇ ਹੁਣ ਹਿਮਾਚਲ, ਮੁੱਖ ਮੰਤਰੀ ਨੇ ਪੰਜਾਬ ਅਪਰਾਧੀਆਂ ਦੇ ਆਸਰੇ ਛੱਡ ਰੱਖਿਆ ਹੈ। ਇਸੇ ਦੌਰਾਨ ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਦਾ 'ਬਦਲਾਅ' ਪੰਜਾਬ ਵਿਚ ਹਿੰਸਾ ਤੇ ਭ੍ਰਿਸ਼ਟਾਚਾਰ ਦੀ ਵਾਪਸੀ ਵਜੋਂ ਉੱਭਰਿਆ ਹੈ।



Most Read

2024-09-21 10:54:30