Breaking News >> News >> The Tribune


ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਭਾਰਤ-ਨੀਦਰਲੈਂਡਜ਼ ਦੀ ਵਚਨਬੱਧਤਾ ਸਾਂਝੀ: ਕੋਵਿੰਦ


Link [2022-04-07 06:15:13]



ਐਮਸਟਰਡਮ, 6 ਅਪਰੈਲ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਭਾਰਤ ਤੇ ਨੀਦਰਲੈਂਡਜ਼ ਦੋ ਅੱਗੇ ਵੱਧ ਰਹੇ ਲੋਕਤੰਤਰਿਕ ਦੇਸ਼ਾਂ ਅਤੇ ਆਰਥਿਕ ਮਹਾਰਥੀਆਂ ਦੇ ਰੂਪ ਵਿਚ ਸੁਭਾਵਿਕ ਭਾਈਵਾਲ ਹਨ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਲਮੀ ਚੁਣੌਤੀਆਂ ਦੇ ਬਹੁਪੱਖੀ ਹੱਲ ਬਾਰੇ ਸਾਂਝਾ ਨਜ਼ਰੀਆ ਰੱਖਦੇ ਹਨ। ਕੋਵਿੰਦ ਨੇ ਨੀਦਰਲੈਂਡਜ਼ ਨੂੰ ਵਿਆਪਕ ਤੌਰ 'ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ਅਤੇ ਯੂਰੋਪੀ ਸੰਘ ਵਿਚ ਇਕ ਮਹੱਤਵਪੂਰਨ ਸਾਥੀ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਵਿਸ਼ਵ ਸ਼ਾਂਤੀ, ਸੁਰੱਖਿਆ ਤੇ ਖ਼ੁਸ਼ਹਾਲੀ ਲਈ ਕੰਮ ਕਰਨ ਪ੍ਰਤੀ ਸਾਂਝੀ ਵਚਨਬੱਧਤਾ ਰੱਖਦੇ ਹਨ। ਜ਼ਿਕਰਯੋਗ ਹੈ ਕਿ ਕੋਵਿੰਦ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਗੇੜ ਵਿਚ ਸੋਮਵਾਰ ਨੂੰ ਤੁਰਕਮੇਨਿਸਤਾਨ ਤੋਂ ਐਮਸਟਰਡਮ ਪਹੁੰਚੇ ਸਨ।

1988 ਵਿਚ ਤਤਕਾਲੀ ਰਾਸ਼ਟਰਪਤੀ ਆਰ. ਵੈਂਕਟਰਮਨ ਤੋਂ ਬਾਅਦ ਬੀਤੇ 34 ਸਾਲਾਂ ਵਿਚ ਇਹ ਕਿਸੇ ਭਾਰਤੀ ਰਾਸ਼ਟਰਪਤੀ ਦੀ ਪਹਿਲੀ ਨੀਦਰਲੈਂਡਜ਼ ਯਾਤਰਾ ਹੈ। ਕੋਵਿੰਦ ਯਾਤਰਾ ਦੌਰਾਨ ਉੱਥੋਂ ਦੇ ਚੋਟੀ ਦੇ ਆਗੂਆਂ ਨਾਲ ਵਾਰਤਾ ਕਰਨਗੇ। ਨੀਦਰਲੈਂਡਜ਼ ਦੇ ਕਿੰਗ ਵਿਲੀਅਮ ਐਲਗਜ਼ੈਂਡਰ ਵੱਲੋਂ ਰੱਖੇ ਸ਼ਾਹੀ ਰਾਤਰੀ ਭੋਜ ਦੌਰਾਨ ਆਪਣੇ ਸੰਬੋਧਨ ਵਿਚ ਕੋਵਿੰਦ ਨੇ ਕਿਹਾ ਕਿ ਇਹ ਸਾਲ ਦੁਵੱਲੇ ਸਬੰਧਾਂ ਵਿਚ ਇਕ ਮੀਲ ਦਾ ਪੱਥਰ ਹੈ ਕਿਉਂਕਿ ਦੋਵੇਂ ਦੇਸ਼ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਨੀਦਰਲੈਂਡਜ਼, ਭਾਰਤ-ਯੂਰੋਪ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਵੀ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਭਾਰਤੀ ਰਾਸ਼ਟਰਪਤੀ ਨੇ ਕਿਹਾ ਕਿ ਸੰਪਰਕ, ਊਰਜਾ, ਵਪਾਰ ਤੇ ਨਿਵੇਸ਼ ਖੇਤਰ ਵਿਚ ਹੋਰ ਤਾਲਮੇਲ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਨੀਦਰਲੈਂਡਜ਼ ਨੇ ਭਾਰਤ ਵਿਚ ਵੱਡਾ ਨਿਵੇਸ਼ ਕੀਤਾ ਹੈ। -ਪੀਟੀਆਈ



Most Read

2024-09-21 10:49:48