Breaking News >> News >> The Tribune


ਸੰਜੈ ਰਾਊਤ ਨਾਲ ਅਨਿਆਂ ਹੋ ਰਿਹੈ: ਸ਼ਰਦ ਪਵਾਰ


Link [2022-04-07 06:15:13]



ਨਵੀਂ ਦਿੱਲੀ/ਮੁੰਬਈ, 6 ਅਪਰੈਲ

ਕੇਂਦਰੀ ਜਾਂਚ ਏਜੰਸੀਆਂ ਵੱਲੋਂ ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਸਰਕਾਰ ਦੇ ਆਗੂਆਂ 'ਤੇ ਲਗਾਤਾਰ ਸ਼ਿਕੰਜਾ ਕੱਸਣ ਦਰਮਿਆਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ 20 ਮਿੰਟ ਦੇ ਕਰੀਬ ਗੱਲਬਾਤ ਕੀਤੀ। ਮੀਟਿੰਗ ਵਿੱਚ ਐੱਨਸੀਪੀ ਦੇ ਲੋਕ ਸਭਾ ਮੈਂਬਰ ਪੀ.ਪੀ.ਮੁਹੰਮਦ ਫੈਜ਼ਲ ਵੀ ਮੌਜੂਦ ਸਨ, ਜਿਨ੍ਹਾਂ ਆਪਣੇ ਹਲਕੇ ਲਕਸ਼ਦਵੀਪ ਨਾਲ ਸਬੰਧਤ ਮੁੱਦੇ ਰੱਖੇ।

ਸ੍ਰੀ ਪਵਾਰ ਨੇ ਕਿਹਾ ਕਿ ਉਨ੍ਹਾਂ ਮੀਟਿੰਗ ਦੌਰਾਨ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੂੰ ਕੇਂਦਰੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਉਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਐੱਨਸੀਪੀ ਆਗੂ ਮੁਤਾਬਕ ਉਨ੍ਹਾਂ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਲਈ ਸੂਬਾ ਸਰਕਾਰ ਵੱਲੋਂ ਨਾਮਜ਼ਦਗੀਆਂ ਨੂੰ ਲੈ ਕੇ ਭੇਜੀ ਤਜਵੀਜ਼ 'ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਬੇਲੋੜੀ ਦੇਰੀ ਕੀਤੇ ਜਾਣ ਦਾ ਮਸਲਾ ਵੀ ਚੁੱਕਿਆ। ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਸੰਜੈ ਰਾਊਤ ਖਿਲਾਫ਼ ਕਾਰਵਾਈ ਦਾ ਕੀ ਆਧਾਰ ਹੈ? ਇਹ ਅਨਿਆਂ ਹੈ। ਇਸ ਭੜਕਾਹਟ ਦੀ ਕੀ ਵਜ੍ਹਾ ਹੈ? ਮਹਿਜ਼ ਇਸ ਲਈ ਕਿ ਉਨ੍ਹਾਂ ਕੁਝ ਬਿਆਨ ਦਿੱਤੇ ਹਨ ਤੇ ਆਲੋਚਨਾ ਦਾ ਇਹ ਮਤਲਬ ਨਹੀਂ ਕਿ ਰਾਊਤ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੀ ਕੀ ਲੋੜ ਸੀ।'' ਪਵਾਰ ਨੇ ਕਿਹਾ, ''ਇਕ ਪੱਤਰਕਾਰ ਤੇ ਸੀਨੀਅਰ ਸੰਸਦ ਮੈਂਬਰ ਨਾਲ ਹੋ ਰਹੇ ਅਨਿਆਂ ਨੂੰ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆਉਣ ਸਾਡਾ ਫ਼ਰਜ਼ ਹੈ।'' ਐੱਮਵੀੲੇ ਗੱਠਜੋੜ ਦੇ ਆਗੂਆਂ ਖਿਲਾਫ਼ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਨਾਲ ਸੂਬਾ ਸਰਕਾਰ ਦੀ ਸਥਿਰਤਾ ਬਾਰੇ ਸਵਾਲ ਦੇ ਜਵਾਬ ਵਿੱਚ ਪਵਾਰ ਨੇ ਕਿਹਾ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਐੱਨਸੀਪੀ ਮੁਖੀ ਨੇ ਕਿਹਾ ਕਿ ਐੱਮਵੀੲੇ ਸਰਕਾਰ 2024 ਦੀਆਂ ਚੋਣਾਂ ਵਿੱਚ ਸੱਤਾ 'ਚ ਵਾਪਸੀ ਕਰੇਗੀ।

ਮੋਦੀ-ਪਵਾਰ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਅੱਜ ਵਿਸ਼ੇਸ਼ ਸੀਬੀਆਈ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੀ ਹਿਰਾਸਤ 11 ਅਪਰੈਲ ਤੱਕ ਵਧਾ ਦਿੱਤੀ ਹੈ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਕੇਸ ਵਿੱਚ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਪਤਨੀ ਤੇ ਦੋ ਹੋਰਨਾਂ ਦੇ 11.15 ਕਰੋੜ ਰੁਪਏ ਤੋਂ ਵੱਧ ਦੇ ਅਸਾਸਿਆਂ ਨੂੰ ਲੰਘੇ ਦਿਨ ਜ਼ਬਤ ਕਰ ਲਿਆ ਸੀ। -ਪੀਟੀਆਈ

ਦੇਸ਼ਮੁੱਖ ਦੀ ਸੀਬੀਆਈ ਹਿਰਾਸਤ 11 ਤੱਕ ਵਧਾਈ

ਮੁੰਬਈ: ਵਿਸ਼ੇਸ਼ ਸੀਬੀਆਈ ਕੋਰਟ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਕੇਸ ਵਿੱਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਹਿਰਾਸਤ 11 ਅਪਰੈਲ ਤੱਕ ਵਧਾ ਦਿੱਤੀ ਹੈ। ਦੇਸ਼ਮੁਖ (71) ਨੂੰ ਮੰਗਲਵਾਰ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਤੇ ਅੱਜ ਸਵੇਰੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵਿਸ਼ੇਸ਼ ਜੱਜ ਵੀ.ਸੀ.ਬਰਦੇ ਅੱਗੇ ਪੇਸ਼ ਕੀਤਾ ਗਿਆ। ਕੋਰਟ ਨੇ ਦੇਸ਼ਮੁਖ ਨੂੰ 11 ਅਪਰੈਲ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ। ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਦੇ ਦੋ ਜੱਜਾਂ ਜਸਟਿਸ ਰੇਵਤੀ ਮੋਹਿਤੇ ਦੇਰੇ ਤੇ ਜਸਟਿਸ ਪੀ.ਡੀ.ਨਾਇਕ ਨੇ ਅਨਿਲ ਦੇਸ਼ਮੁੱਖ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ।

'ਹਰ ਹਰ ਮੋਦੀ' ਨੂੰ 'ਘਰ ਘਰ ਈਡੀ' ਨਾਲ ਨਾ ਜੋੜੇ ਭਾਜਪਾ: ਸ਼ਿਵ ਸੈਨਾ

ਮੁੰਬਈ: ਸ਼ਿਵ ਸੈਨਾ ਨੇ ਅੱਜ ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਕਾਂਤ ਪਾਟਿਲ ਦੀ ਉਸ ਬਿਆਨ ਲਈ ਨਿਖੇਧੀ ਕੀਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਈਡੀ ਨੂੰ ਆਗਾਮੀ ਕੋਹਲਾਪੁਰ ਚੋਣਾਂ ਵਿਚ ਵੋਟਰਾਂ ਨੂੰ ਪੈਸੇ ਦੇਣ ਦੇ ਮਾਮਲੇ ਦੀ ਜਾਂਚ ਲਈ ਕਹਿਣਗੇ। ਜ਼ਿਕਰਯੋਗ ਹੈ ਕਿ ਕੋਹਲਾਪੁਰ ਵਿਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋ ਰਹੀ ਹੈ। ਸ਼ਿਵ ਸੈਨਾ ਨੇ ਕਿਹਾ ਕਿ ਜੇ ਭਾਜਪਾ ਨੇ 'ਘਰ-ਘਰ ਈਡੀ' ਦਾ ਸੱਦਾ ਦਿੱਤਾ ਤਾਂ ਲੋਕਾਂ ਨੂੰ 'ਬਗ਼ਾਵਤ' ਕਰਨੀ ਪਵੇਗੀ। 'ਸਾਮਨਾ' ਵਿਚ ਲਿਖੇ ਸੰਪਾਦਕੀ 'ਚ ਸ਼ਿਵ ਸੈਨਾ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਉਨ੍ਹਾਂ ਸੂਬਿਆਂ ਵਿਚ ਵੀ ਈਡੀ ਨੂੰ ਜਾਂਚ ਕਰਨੀ ਚਾਹੀਦੀ ਹੈ ਜਿੱਥੇ ਭਾਜਪਾ ਨੇ ਹਾਲ ਹੀ ਵਿਚ ਚੋਣਾਂ ਜਿੱਤੀਆਂ ਹਨ। ਸੈਨਾ ਨੇ ਈਡੀ ਤੇ ਭਾਜਪਾ ਨੂੰ ਗੋਆ ਦੀਆਂ ਪਣਜੀ ਤੇ ਸਾਖਾਲ ਸੀਟਾਂ ਉਤੇ ਜਾਂਚ ਕਰਨ ਦੀ ਚੁਣੌਤੀ ਦਿੱਤੀ ਜਿੱਥੋਂ ਭਾਜਪਾ ਵਿਧਾਇਕ ਜਿੱਤੇ ਹਨ। ਸ਼ਿਵ ਸੈਨਾ ਨੇ ਲਿਖਿਆ, 'ਚੰਦਰਕਾਂਤ ਪਾਟਿਲ ਕੋਲ ਵਧੀਆ ਯੋਜਨਾ ਹੈ ਈਡੀ ਰਾਹੀਂ ਵੋਟਰਾਂ ਨੂੰ ਜਾਂਚਣ ਦੀ। ਜੇ ਹਰ-ਹਰ ਮੋਦੀ, ਘਰ-ਘਰ ਮੋਦੀ ਨਾਅਰੇ ਨੂੰ ਹਰ ਹਰ ਈਡੀ, ਘਰ ਘਰ ਈਡੀ ਨਾਲ ਜੋੜਿਆ ਗਿਆ ਤਾਂ ਲੋਕਾਂ ਨੂੰ ਬਗਾਵਤ ਕਰਨੀ ਪਵੇਗੀ।' ਕੋਹਲਾਪੁਰ ਵਿਚ ਜ਼ਿਮਨੀ ਚੋਣ 12 ਨੂੰ ਹੋਵੇਗੀ। ਇੱਥੋਂ ਕਾਂਗਰਸੀ ਵਿਧਾਇਕ ਚੰਦਰਕਾਂਤ ਜਾਧਵ ਦੀ ਪਿਛਲੇ ਸਾਲ ਦਸੰਬਰ ਵਿਚ ਮੌਤ ਹੋ ਗਈ ਸੀ। ਭਾਜਪਾ ਨੇ ਇੱਥੋਂ ਸਤਿਆਜੀਤ ਕਦਮ ਨੂੰ ਖੜ੍ਹਾ ਕੀਤਾ ਹੈ ਜਦਕਿ ਕਾਂਗਰਸ ਨੇ ਜਾਧਵ ਦੀ ਪਤਨੀ ਜੈਸ਼੍ਰੀ ਨੂੰ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਪਾਟਿਲ ਨੇ ਈਡੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਵੱਡੀ ਗਿਣਤੀ ਵੋਟਰਾਂ ਦੇ ਅਕਾਊਂਟ ਵਿਚ ਪੈਸੇ ਟਰਾਂਸਫਰ ਹੋਏ ਹਨ। ਇਸ ਦੀ ਜਾਂਚ ਕੀਤੀ ਜਾਵੇ। ਈਡੀ ਨੇ ਮੰਗਲਵਾਰ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਦੀ ਜਾਇਦਾਦ ਜ਼ਬਤ ਕਰ ਲਈ ਸੀ। -ਪੀਟੀਆਈ



Most Read

2024-09-21 10:36:36