World >> The Tribune


ਰੂਸ ਦੇ ਬੈਂਕਾਂ ਤੇ ਅਮੀਰ ਵਿਅਕਤੀਆਂ ’ਤੇ ਅਮਰੀਕਾ ਵੱਲੋਂ ਆਰਥਿਕ ਪਾਬੰਦੀਆਂ


Link [2022-04-07 05:16:48]



ਵਾਸ਼ਿੰਗਟਨ/ਕੀਵ, 6 ਅਪਰੈਲ

ਪੱਛਮੀ ਮੁਲਕ ਰੂਸ ਉਤੇ ਹੋਰ ਸਖ਼ਤ ਪਾਬੰਦੀਆਂ ਲਾ ਰਹੇ ਹਨ। ਅਮਰੀਕਾ ਨੇ ਅੱਜ ਰੂਸੀ ਬੈਂਕਾਂ ਤੇ ਮੁਲਕ ਦੇ ਅਮੀਰ ਵਿਅਕਤੀਆਂ ਉਤੇ ਕਈ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਹਨ। ਅਮਰੀਕੀਆਂ ਦੇ ਰੂਸ ਵਿਚ ਨਿਵੇਸ਼ ਉਤੇ ਵੀ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀਆਂ ਦੋ ਧੀਆਂ ਨੂੰ ਵੀ ਪਾਬੰਦੀਆਂ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਪਤਨੀ ਤੇ ਧੀ ਉਤੇ ਵੀ ਆਰਥਿਕ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਯੂਕੇ ਨੇ ਵੀ ਰੂਸ 'ਤੇ ਕਈ ਪਾਬੰਦੀਆਂ ਲਾਈਆਂ ਹਨ। ਉਨ੍ਹਾਂ ਯੂਕਰੇਨ ਨੂੰ ਹੋਰ ਹਥਿਆਰ ਦੇਣ ਦਾ ਫ਼ੈਸਲਾ ਵੀ ਕੀਤਾ ਹੈ। ਅਮਰੀਕਾ ਨੇ ਯੂਕਰੇਨ ਨੂੰ ਐਂਟੀ-ਆਰਮਰ ਮਿਜ਼ਾਈਲਾਂ ਦੇਣ ਲਈ 10 ਕਰੋੜ ਡਾਲਰ ਮਨਜ਼ੂਰ ਕੀਤੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਸੰਸਾਰ ਮਾਸਕੋ ਦੇ ਹਮਲੇ ਨੂੰ ਰੋਕਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਰੂਸ ਉਤੇ ਹੱਤਿਆਵਾਂ, ਜਬਰ-ਜਨਾਹ ਤੇ ਤਬਾਹੀ ਕਰਨ ਦਾ ਦੋਸ਼ ਲਾਇਆ ਸੀ। ਕੀਵ ਦੇ ਆਲੇ-ਦੁਆਲੇ ਜਾਂਚ ਕਰਤਾਵਾਂ ਨੂੰ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਸਬੂਤ ਮਿਲੇ ਹਨ। ਕੀਵ ਨੇੜਲੇ ਸ਼ਹਿਰਾਂ ਵਿਚੋਂ ਬਾਰੂਦੀ ਸੁਰੰਗਾਂ ਸਾਫ਼ ਕੀਤੀਆਂ ਗਈਆਂ ਹਨ। ਇਨ੍ਹਾਂ ਥਾਵਾਂ ਤੋਂ ਰੂਸੀ ਫ਼ੌਜਾਂ ਪਿੱਛੇ ਹਟੀਆਂ ਹਨ। ਮਾਸਕੋ ਹੁਣ ਆਪਣੀ ਸੈਨਾ ਨੂੰ ਨਵੇਂ ਹੱਲੇ ਲਈ ਤਿਆਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਜੰਗ ਛੇਵੇਂ ਹਫ਼ਤੇ ਵਿਚ ਦਾਖਲ ਹੋ ਗਈ ਸੀ ਤੇ ਰੂਸੀ ਸੈਨਾ ਯੂਕਰੇਨ ਦੇ ਪੂਰਬੀ ਤੇ ਦੱਖਣੀ ਸਿਰੇ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਨਾਗਰਿਕਾਂ 'ਤੇ ਤਸ਼ੱਦਦ ਕੀਤਾ ਗਿਆ ਹੈ। ਉਨ੍ਹਾਂ ਨੂੰ ਸਿਰ ਵਿਚ ਪਿੱਛਿਓਂ ਗੋਲੀ ਮਾਰੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਖੂਹਾਂ ਵਿਚ ਸੁੱਟ ਕੇ ਉਨ੍ਹਾਂ ਦੇ ਘਰਾਂ ਉਤੇ ਗ੍ਰਨੇਡ ਵੀ ਸੁੱਟੇ ਗਏ ਹਨ। ਟੈਂਕਾਂ ਥੱਲੇ ਕਾਰਾਂ ਨੂੰ ਕੁਚਲਿਆ ਗਿਆ ਹੈ। ਜ਼ੇਲੈਂਸਕੀ ਨੇ ਇਹ ਜਾਣਕਾਰੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨਾਲ ਮੰਗਲਵਾਰ ਸਾਂਝੀ ਕੀਤੀ। ਯੂਕਰੇਨੀ ਰਾਸ਼ਟਰਪਤੀ ਨੇ ਸਵਾਲ ਉਠਾਇਆ ਸੀ ਕਿ ਸੰਯੁਕਤ ਰਾਸ਼ਟਰ ਵੱਲੋਂ ਜਿਹੜੀ ਸ਼ਾਂਤੀ ਦੀ ਗਾਰੰਟੀ ਦਿੱਤੀ ਗਈ ਹੈ, ਉਹ ਹੁਣ ਕਿੱਥੇ ਹੈ? ਯੂਕਰੇਨ ਦੇ ਖਿੱਤੇ ਲੁਹਾਂਸਕ ਦੇ ਗਵਰਨਰ ਨੇ ਦੱਸਿਆ ਕਿ ਰੂਸੀ ਫ਼ੌਜ ਨੇ ਪੂਰਬੀ ਖੇਤਰ ਵਿਚ ਸਥਿਤ ਇਕ ਕਸਬੇ ਦੇ 60 ਪ੍ਰਤੀਸ਼ਤ ਹਿੱਸੇ ਉਤੇ ਕਬਜ਼ਾ ਕਰ ਲਿਆ ਹੈ। ਇਸ ਇਲਾਕੇ ਵਿਚ ਪਿਛਲੇ 24 ਘੰਟੇ ਤੋਂ ਜ਼ੋਰਦਾਰ ਗੋਲੀਬਾਰੀ ਹੋ ਰਹੀ ਹੈ। ਪੂਰਬੀ ਯੂਕਰੇਨ ਦੇ ਸ਼ਹਿਰ ਵਿਚ ਅੱਜ ਰੂਸ ਵੱਲੋਂ ਕੀਤੀ ਗਈ ਬੰਬਾਰੀ ਨਾਲ ਦਸ ਉੱਚੀਆਂ ਇਮਾਰਤਾਂ ਨੂੰ ਅੱਗ ਲੱਗ ਗਈ। -ਏਪੀ

ਗਰੀਸ ਨੇ ਰੂਸ ਦੇ 12 ਰਾਜਦੂਤਾਂ ਨੂੰ ਕੱਢਿਆ

ਏਥਨਜ਼: ਗਰੀਸ ਨੇ 12 ਰੂਸੀ ਰਾਜਦੂਤਾਂ ਨੂੰ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਹੋਰ ਯੂਰਪੀ ਮੁਲਕ ਵੀ ਅਜਿਹਾ ਕਰ ਚੁੱਕੇ ਹਨ। ਇਸੇ ਦੌਰਾਨ ਜਰਮਨੀ ਦੇ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਹੈ ਕਿ ਰੂਸ ਯੂਕਰੇਨ ਵਿਚਲੀ ਜੰਗ ਨੂੰ ਸਹੀ ਠਹਿਰਾਉਣ ਲਈ ਝੂਠੀਆਂ ਸੂਚਨਾਵਾਂ ਫੈਲਾ ਰਿਹਾ ਹੈ। ਅਮਰੀਕੀ ਕੰਪਨੀ 'ਇੰਟੇਲ' ਨੇ ਰੂਸ ਵਿਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਹੈ।

ਚੀਨ ਨੇ ਬੂਚਾ ਸ਼ਹਿਰ 'ਚ ਹੋਈਆਂ ਮੌਤਾਂ ਦੀ ਜਾਂਚ ਮੰਗੀ

ਪੇਈਚਿੰਗ: ਚੀਨ ਨੇ ਯੂਕਰੇਨ ਦੇ ਸ਼ਹਿਰ ਬੂਚਾ ਵਿਚ ਆਮ ਲੋਕਾਂ ਦੀ ਮੌਤ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੂੰ 'ਬੇਹੱਦ ਪ੍ਰੇਸ਼ਾਨ' ਕਰਨ ਵਾਲੀਆਂ ਦੱਸਦਿਆਂ ਇਸ ਦੀ ਜਾਂਚ ਮੰਗੀ ਹੈ। ਹਾਲਾਂਕਿ ਉਨ੍ਹਾਂ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਤੇ ਕਿਹਾ ਕਿ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ। ਰੂਸ ਵੱਲੋਂ ਯੂਕਰੇਨ ਵਿਚ ਲੋਕਾਂ ਦੀ ਹੱਤਿਆ ਕਰਨ ਦੇ ਕਈ ਸਬੂਤ ਸਾਹਮਣੇ ਆ ਰਹੇ ਹਨ ਤੇ ਚੀਨ ਲਈ ਹੁਣ ਰੂਸ ਦਾ ਬਚਾਅ ਕਰਨਾ ਔਖਾ ਹੋ ਗਿਆ ਹੈ।



Most Read

2024-09-20 15:43:16