World >> The Tribune


ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨਹੀਂ ਦੇਣਗੇ ਅਸਤੀਫ਼ਾ


Link [2022-04-07 05:16:48]



ਕੋਲੰਬੋ: ਵਿਦੇਸ਼ੀ ਕਰੰਸੀ ਦੀ ਤੋਟ ਕਰਕੇ ਸ੍ਰੀਲੰਕਾ ਨੂੰ ਦਰਪੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਰਮਿਆਨ ਸਰਕਾਰ ਨੇ ਅੱਜ ਸੰਸਦ ਵਿੱਚ ਕਿਹਾ ਕਿ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਕਿਸੇ ਵੀ ਸੂਰਤ ਵਿੱਚ ਅਸਤੀਫ਼ਾ ਨਹੀਂ ਦੇਣਗੇ ਤੇ ਅੱਗੇ ਹੋ ਕੇ ਮੌਜੂਦਾ ਸੰਕਟ ਦਾ ਟਾਕਰਾ ਕਰਨਗੇ। ਸਰਕਾਰੀ ਤਰਜਮਾਨ ਨੇ ਰਾਸ਼ਟਰਪਤੀ ਵੱਲੋਂ ਮੁਲਕ ਵਿੱਚ ਐਮਰਜੈਂਸੀ ਲਾਉਣ ਦੇ ਫੈਸਲੇ ਦਾ ਵੀ ਬਚਾਅ ਕੀਤਾ। ਹਾਲਾਂਕਿ ਵੱਡੀ ਗਿਣਤੀ ਲੋਕਾਂ ਦੇ ਸੜਕਾਂ ਉੱਤੇ ਉੱਤਰਨ ਤੇ ਗੋਟਬਾਯਾ ਦੇ ਅਸਤੀਫ਼ੇ ਦੀ ਮੰਗ ਕੀਤੇ ਜਾਣ ਮਗਰੋਂ ਮੰਗਲਵਾਰ ਦੇਰ ਰਾਤ ਐਮਰਜੈਂਸੀ ਹਟਾ ਦਿੱਤੀ ਗਈ ਸੀ। ਸੰਸਦ ਵਿੱਚ ਬੋਲਦਿਆਂ ਮੁੱਖ ਸਰਕਾਰੀ ਵ੍ਹਿਪ ਮੰਤਰੀ ਜੌਹਨਸਟਨ ਫਰਨਾਂਡੋ ਨੇ ਕਿਹਾ ਕਿ ਸਰਕਾਰ ਇਸ ਸੰਕਟ ਦਾ ਸਾਹਮਣਾ ਕਰੇਗੀ। ਰਾਸ਼ਟਰਪਤੀ ਚੁਣੇ ਹੋਏ ਅਧਿਕਾਰੀ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਰਨਾਂਡੋ ਨੇ ਕਿਹਾ ਕਿ ਦੇਸ਼ ਵਿੱਚ ਜਾਰੀ ਹਿੰਸਾ ਪਿੱਛੇ ਵਿਰੋਧੀ ਧਿਰ ਜਨਤਾ ਵਿਮੁਕਤੀ ਪੇਰਾਮੁਨਾਵਾਸ (ਜੇਵੀਪੀ) ਪਾਰਟੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ 'ਠੱਗ ਸਿਆਸਤ' ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਹਿੰਸਾ ਖ਼ਤਮ ਕਰਨ ਦਾ ਸੱਦਾ ਦਿੱਤਾ। ਫਰਨਾਂਡੋ ਨੇ ਕਿਹਾ ਕਿ ਸਰਕਾਰ ਮੌਜੂਦਾ ਸਮੇਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮੁਖਾਤਿਬ ਹੋਣ ਦਾ ਅਮਲ ਜਾਰੀ ਰੱਖੇਗੀ।

ਕੋਲੰਬੋ ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼

ਸਰਕਾਰ ਨੇ ਰਾਸ਼ਟਰਪਤੀ ਵੱਲੋਂ ਐਮਰਜੈਂਸੀ ਲਾਉਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਬਹਾਲੀ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਕੋਲ ਪੂਰਾ ਅਖ਼ਤਿਆਰ ਹੈ। ਉਹ ਕਿਸੇ ਵੀ ਕਾਨੂੰਨ ਨੂੰ ਮੁਅੱਤਲ ਕਰ ਸਕਦੇ ਹਨ। ਜਾਇਦਾਦ ਜ਼ਬਤ ਕਰਨਾ ਤੇ ਕਿਸੇ ਨੂੰ ਹਿਰਾਸਤ ਵਿੱਚ ਲੈਣਾ ਇਨ੍ਹਾਂ ਅਖ਼ਤਿਆਰਾਂ ਵਿੱਚ ਸ਼ਾਮਲ ਹੈ। ਫਰਨਾਂਡੋ ਨੇ ਕਿਹਾ ਕਿ ਰਾਸ਼ਟਰਪਤੀ ਦਫ਼ਤਰ ਤੇ ਹੋਰ ਸਰਕਾਰੀ ਜਾਇਦਾਦਾਂ 'ਤੇ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਮਗਰੋਂ ਐਮਰਜੈਂਸੀ ਲਾਉਣ ਦਾ ਫੈਸਲਾ ਕੀਤਾ ਗਿਆ। ਰਾਜਪਕਸੇ ਨੇ ਪਿਛਲੇ ਹਫਤੇ ਕੋਲੰਬੋ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਹੋਏ ਪ੍ਰਦਰਸ਼ਨਾਂ ਮਗਰੋਂ ਮੁਲਕ ਵਿੱਚ ਐਮਰਜੈਂਸੀ ਐਲਾਨ ਦਿੱਤੀ ਸੀ। -ਪੀਟੀਆਈ

ਸਾਰੇ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ: ਯੂਐੱਨ

ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਨੇ ਕਿਹਾ ਕਿ ਉਹ ਸ੍ਰੀਲੰਕਾ ਵਿੱਚ ਜਾਰੀ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਮਨੁੱਖੀ ਹੱਕਾਂ ਬਾਰੇ ਯੂਐੱਨ ਹਾਈ ਕਮਿਸ਼ਨਰ ਦੇ ਤਰਜਮਾਨ ਲਿਜ਼ ਥ੍ਰੋਸਸੈੱਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਅਰਥਪੂਰਨ ਸੰਵਾਦ ਯਕੀਨੀ ਬਣਾ ਕੇ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਦਾ ਕੋਈ ਹੱਲ ਕੱਢੇ।



Most Read

2024-09-20 15:32:11