World >> The Tribune


ਰੂਸ ਤੋਂ ਊਰਜਾ ਦੀ ਦਰਾਮਦ ਵਧਾਉਣੀ ਭਾਰਤ ਦੇ ਹਿੱਤ ’ਚ ਨਹੀਂ: ਅਮਰੀਕਾ


Link [2022-04-06 06:34:36]



ਵਾਸ਼ਿੰਗਟਨ, 5 ਅਪਰੈਲ

ਅਮਰੀਕਾ ਨੇ ਅੱਜ ਕਿਹਾ ਕਿ ਰੂਸ ਤੋਂ ਊਰਜਾ ਤੇ ਹੋਰ ਵਸਤਾਂ ਦੀ ਦਰਾਮਦ 'ਵਧਾਉਣੀ ਜਾਂ ਤੇਜ਼ ਕਰਨੀ' ਭਾਰਤ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਰੂਸ ਤੋਂ ਦਰਾਮਦ 'ਤੇ ਨਿਰਭਰਤਾ ਘਟਾਉਣ ਲਈ ਬਾਇਡਨ ਪ੍ਰਸ਼ਾਸਨ ਨਵੀਂ ਦਿੱਲੀ ਦੀ ਮਦਦ ਕਰਨ ਨੂੰ ਤਿਆਰ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਸਲਾਹਕਾਰ ਦਲੀਪ ਸਿੰਘ ਦੀ ਪਿਛਲੇ ਹਫ਼ਤੇ ਦੀ ਭਾਰਤ ਯਾਤਰਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਮੀਡੀਆ ਨੂੰ ਕਿਹਾ ਕਿ 'ਉਨ੍ਹਾਂ ਸਾਡੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਬਾਰੇ ਵਿਸਤਾਰ ਵਿਚ ਸਮਝਾਇਆ ਹੈ ਤੇ ਨਾਲ ਹੀ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਇਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।' ਸਾਕੀ ਨੇ ਨਾਲ ਹੀ ਕਿਹਾ ਕਿ ਹਾਲੇ ਭਾਰਤ ਵੱਲੋਂ ਰੂਸ ਤੋਂ ਮੰਗਵਾਈ ਜਾ ਰਹੀ ਊਰਜਾ ਉਸ ਦੀ ਕੁੱਲ ਊਰਜਾ ਦਰਾਮਦ ਦਾ ਮਹਿਜ਼ ਇਕ-ਦੋ ਪ੍ਰਤੀਸ਼ਤ ਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਊਰਜਾ ਲਈ ਨਵੀਂ ਦਿੱਲੀ ਤੋਂ ਕੀਤੇ ਜਾ ਰਹੇ ਭੁਗਤਾਨ ਉਤੇ ਰੋਕ ਨਹੀਂ ਲਾਈ ਗਈ ਹੈ। ਸਾਕੀ ਨੇ ਕਿਹਾ ਕਿ ਇਹ ਫ਼ੈਸਲਾ ਦੇਸ਼ ਨੇ ਖ਼ੁਦ ਕਰਨਾ ਹੈ। ਵਾਈਟ ਹਾਊਸ ਅਧਿਕਾਰੀ ਨੇ ਇਹ ਵੀ ਸਾਫ਼ ਕੀਤਾ ਕਿ ਨਿਰਭਰਤਾ, ਚਾਹੇ ਬਹੁਤ ਹੀ ਘੱਟ ਕਿਉਂ ਨਾ ਹੋਵੇ, ਉਸ ਨੂੰ ਹੋਰ ਘੱਟ ਕਰਨ ਵਿਚ ਅਮਰੀਕਾ ਨੂੰ ਖ਼ੁਸ਼ੀ ਹੋਵੇਗੀ। ਉਨ੍ਹਾਂ ਕਿਹਾ, 'ਅਸੀਂ ਇਸ ਬਾਰੇ ਬਿਲਕੁਲ ਸਪੱਸ਼ਟ ਹਾਂ ਕਿ ਹਰ ਦੇਸ਼ ਨੇ ਆਪਣੇ ਬਦਲ ਖ਼ੁਦ ਚੁਣਨੇ ਹਨ, ਜਿਵੇਂ ਕਿ ਅਸੀਂ ਤੇ ਹੋਰਾਂ ਦੇਸ਼ਾਂ ਨੇ ਊਰਜਾ ਦੀ ਦਰਾਮਦ ਉਤੇ ਪਾਬੰਦੀ ਲਾਉਣ ਲਈ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਡਿਪਟੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਭਾਰਤ ਦੌਰੇ ਦੌਰਾਨ ਆਪਣੇ ਹਮਰੁਤਬਾ ਨੂੰ ਕਿਹਾ ਸੀ ਕਿ ਅਮਰੀਕਾ ਇਹ ਨਹੀਂ ਮੰਨਦਾ ਕਿ ਰੂਸ ਤੋਂ ਊਰਜਾ ਜਾਂ ਹੋਰ ਉਤਪਾਦਾਂ ਦੀ ਦਰਾਮਦ ਵਧਾਉਣੀ ਭਾਰਤ ਦੇ ਹਿੱਤ ਵਿਚ ਹੈ। -ਪੀਟੀਆਈ

ਭਾਰਤ ਤੋਂ ਰੂਸੀ ਹੀਰਿਆਂ ਦੀ ਵਿਕਰੀ 'ਤੇ ਰੋਕ ਦੀ ਮੰਗ

ਵਾਸ਼ਿੰਗਟਨ: ਅਮਰੀਕੀ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਰੂਸ 'ਚੋਂ ਨਿਕਲਣ ਵਾਲੇ ਹੀਰਿਆਂ ਦੀ ਵਿਕਰੀ ਤੇ ਵਪਾਰ ਉਤੇ ਰੋਕ ਲਈ ਬਾਇਡਨ ਪ੍ਰਸ਼ਾਸਨ ਤੋਂ ਮਦਦ ਮੰਗੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ 'ਤੇ ਹਮਲੇ ਮਗਰੋਂ ਅਮਰੀਕਾ ਤੇ ਯੂਰਪੀ ਮੁਲਕਾਂ ਨੇ ਰੂਸ ਉਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਖ਼ਜ਼ਾਨਾ ਸਕੱਤਰ ਜੈਨੇਟ ਯੈਲੇਨ ਨੂੰ ਲਿਖੇ ਪੱਤਰ ਵਿਚ ਮੈਂਬਰਾਂ ਨੇ ਕਿਹਾ ਕਿ ਖ਼ਜ਼ਾਨਾ ਵਿਭਾਗ ਨੇ ਪਹਿਲਾਂ ਰੂਸ ਦੇ ਹੀਰਾ ਉਦਯੋਗ ਉਤੇ ਜਿਹੜੀਆਂ ਪਾਬੰਦੀਆਂ ਲਾਈਆਂ ਹਨ, ਉਨ੍ਹਾਂ ਦਾ ਅਲਰੋਸਾ ਤੇ ਇਸ ਦੇ ਸੀਈਓ ਸਰਗੇਈ ਇਵਾਨੋਵ ਦੇ ਕੌਮਾਂਤਰੀ ਵਪਾਰ ਉਤੇ ਬਹੁਤ ਘੱਟ ਅਸਰ ਹੋਇਆ ਹੈ। ਜ਼ਿਕਰਯੋਗ ਹੈ ਕਿ ਅਲਰੋਸਾ ਦੁਨੀਆ ਦੀ ਸਭ ਤੋਂ ਵੱਡੀ ਹੀਰੇ ਕੱਢਣ ਵਾਲੀ ਕੰਪਨੀ ਹੈ। ਇਵਾਨੋਵ, ਪੂਤਿਨ ਦੇ ਇਕ ਕਾਫ਼ੀ ਨੇੜਲੇ ਸਾਥੀ ਦਾ ਪੁੱਤਰ ਹੈ। ਕਾਂਗਰਸ ਮੈਂਬਰਾਂ ਨੇ ਕਿਹਾ ਕਿ 24 ਫਰਵਰੀ ਨੂੰ ਲੱਗੀਆਂ ਪਾਬੰਦੀਆਂ ਨਾਲ ਅਲਰੋਸਾ ਤੇ ਰੂਸੀ ਸਰਕਾਰ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਮਾਹਿਰਾਂ ਨੇ ਪਾਬੰਦੀਆਂ 'ਚ ਖਾਮੀਆਂ ਉਜਾਗਰ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਜਾਂ ਕਿਤੇ ਹੋਰ ਬਣੇ ਹੀਰਿਆਂ ਦੀ ਦਰਾਮਦ-ਬਰਾਮਦ ਪਾਬੰਦੀਆਂ ਦੇ ਘੇਰੇ ਵਿਚ ਨਹੀਂ ਹੈ। ਅਹਿਮ ਤੱਥ ਇਹ ਹੈ ਕਿ ਪਾਬੰਦੀਆਂ 'ਰੂਸੀ ਫੈਡਰੇਸ਼ਨ ਤੋਂ ਨਿਕਲਦੀਆਂ ਵਸਤਾਂ ਉਤੇ ਹਨ' ਪਰ ਇਸ ਵਿਚ ਤੀਜੇ ਮੁਲਕ 'ਚ ਬਣਨ ਵਾਲੀਆਂ ਵਸਤਾਂ ਦਾ ਜ਼ਿਕਰ ਨਹੀਂ ਹੈ। ਇਕ ਹਾਲੀਆ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਹੀਰਿਆਂ ਦੀ ਕਟਿੰਗ ਤੇ ਪਾਲਿਸ਼ ਦਾ 95 ਪ੍ਰਤੀਸ਼ਤ ਕੰਮ ਭਾਰਤ ਵਿਚ ਹੁੰਦਾ ਹੈ। ਇਸ ਤਰ੍ਹਾਂ ਜੇ ਅਲਰੋਸਾ ਦੀ ਕੋਈ ਇਕਾਈ ਭਾਰਤ ਵਿਚ ਕੰਮ ਕਰਦੀ ਹੈ ਤਾਂ ਇਸ ਨੂੰ ਬਿਨਾਂ ਰੋਕ ਅਮਰੀਕਾ ਪਹੁੰਚਾਇਆ ਜਾ ਸਕਦਾ ਹੈ। ਮੈਂਬਰਾਂ ਨੇ ਪ੍ਰਸ਼ਾਸਨ ਨੂੰ ਪਾਬੰਦੀਆਂ ਉਤੇ ਮੁੜ ਗੌਰ ਕਰਨ ਲਈ ਕਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਮਰੀਕਾ ਨੂੰ ਭਾਰਤ ਨਾਲ ਵੀ ਰਾਬਤਾ ਕਰਨਾ ਚਾਹੀਦਾ ਹੈ ਤਾਂ ਕਿ ਉੱਥੋਂ ਹੁੰਦੇ ਕਾਰੋਬਾਰ ਨਾਲ ਪੂਤਿਨ ਦੇ ਨੇੜਲੇ ਸਾਥੀਆਂ ਨੂੰ ਹੋ ਰਿਹਾ ਮੋਟਾ ਮੁਨਾਫ਼ਾ ਰੋਕਿਆ ਜਾ ਸਕੇ। -ਪੀਟੀਆਈ



Most Read

2024-09-20 15:29:33