Breaking News >> News >> The Tribune


ਈਡੀ ਵੱਲੋਂ ਸੰਜੈ ਰਾਊਤ ਤੇ ਸਤੇਂਦਰ ਜੈਨ ਦੀਆਂ ਜਾਇਦਾਦਾਂ ਜ਼ਬਤ


Link [2022-04-06 04:56:20]



ਪੱਤਰ ਪ੍ਰੇਰਕ/ਪੀਟੀਆਈਨਵੀਂ ਦਿੱਲੀ, 5 ਅਪਰੈਲ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਸਬੰਧੀ ਕਾਨੂੰਨ (ਪੀਐੱਮਐੱਲਏ) ਤਹਿਤ ਕਾਰਵਾਈ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦਿੱਲੀ ਦੀ 'ਆਪ' ਸਰਕਾਰ ਦੇ ਮੰਤਰੀ ਸਤੇਂਦਰ ਜੈਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਅਲੀਬਾਗ 'ਚ ਅੱਠ ਪਲਾਟ ਤੇ ਮੁੰਬਈ ਦੇ ਦਾਦਰ ਵਿੱਚ ਇੱਕ ਫਲੈਟ ਜ਼ਬਤ ਕੀਤਾ ਹੈ। ਈਡੀ ਨੇ ਅੱਜ ਦੱਸਿਆ ਕਿ ਉਨ੍ਹਾਂ ਪੀਐੱਮਐੱਲਏ ਤਹਿਤ ਪਲਾਟਾਂ ਤੇ ਫਲੈਟ ਦੀ ਖਰੀਦ/ਵਿਕਰੀ 'ਤੇ ਰੋਕ ਲਈ ਆਰਜ਼ੀ ਕੁਰਕੀ ਦਾ ਹੁਕਮ ਜਾਰੀ ਕੀਤਾ ਹੈ। ਇਹ ਕੁਰਕੀ ਮੁੰਬਈ 'ਚ ਇੱਕ 'ਚਾਲ' ਦੇ ਪੁਨਰ ਵਿਕਾਸ ਨਾਲ ਜੁੜੇ 1,034 ਕਰੋੜ ਰੁਪਏ ਦੇ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੀ ਜਾਂਚ ਨਾਲ ਸਬੰਧਤ ਹੈ। ਈਡੀ ਨੇ ਇਸ ਮਾਮਲੇ 'ਚ ਮਹਾਰਾਸ਼ਟਰ ਦੇ ਕਾਰੋਬਾਰੀ ਪ੍ਰਵੀਨ ਰਾਊਤ ਨੂੰ ਫਰਵਰੀ 'ਚ ਗ੍ਰਿਫ਼ਤਾਰ ਕਰਕੇ ਬਾਅਦ ਵਿੱਚ ਦੋਸ਼ ਪੱਤਰ ਵੀ ਦਾਖਲ ਕੀਤਾ ਸੀ। ਏਜੰਸੀ ਨੇ ਪਿਛਲੇ ਸਾਲ ਸੰਜੈ ਰਾਊਤ ਦੀ ਪਤਨੀ ਵਰਸ਼ਾ ਰਾਊਤ ਤੋਂ ਪੀਐੱਮਸੀ ਬੈਂਕ ਧੋਖਾਧੜੀ ਮਾਮਲੇ ਨਾਲ ਸਬੰਧਤ ਇੱਕ ਹੋਰ ਕੇਸ ਅਤੇ ਪ੍ਰਵੀਨ ਰਾਊਤ ਦੀ ਪਤਨੀ ਮਾਧੁਰੀ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਬਾਰੇ ਪੁੱਛ ਪੜਤਾਲ ਵੀ ਕੀਤੀ ਸੀ। ਇਸੇ ਦੌਰਾਨ ਈਡੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਸਿਹਤ, ਬਿਜਲੀ, ਸ਼ਹਿਰੀ ਵਿਕਾਸ ਤੇ ਸਨਅਤ ਮੰਤਰੀ ਸਤੇਂਦਰ ਜੈਨ ਦੇ ਪਰਿਵਾਰ ਨਾਲ ਜੁੜੀਆਂ 4.81 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਅਕਿਨਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਟਡ, ਪ੍ਰਯਾਸ ਇਨਫੋਸੋਲਿਊਸ਼ਨਜ਼ ਪ੍ਰਾਈਵੇਟ ਲਿਮਟਡ, ਮੰਗਲਾਯਤਨ ਪ੍ਰਾਜੈਕਟ ਪ੍ਰਾਈਵੇਟ ਲਿਮਟਡ, ਜੇਜੇ ਆਈਡੀਅਲ ਅਸਟੇਟ ਪ੍ਰਾਈਵੇਟ ਲਿਮਟਡ, ਸਵਾਤੀ ਜੈਨ, ਸੁਸ਼ੀਲਾ ਜੈਨ ਅਤੇ ਇੰਦੂ ਜੈਨ ਦੀਆਂ ਅਚੱਲ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਈਡੀ ਵੱਲੋਂ ਆਰਜ਼ੀ ਤੌਰ 'ਤੇ ਕੁਰਕੀ ਦੀ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ। ਈਡੀ ਨੇ ਜੈਨ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਫਰਮਾਂ ਦੀ ਜ਼ਮੀਨ ਦੇ ਰੂਪ ਵਿੱਚ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।



Most Read

2024-09-21 10:24:35