Breaking News >> News >> The Tribune


ਈਡੀ ਦੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ: ਰਾਊਤ


Link [2022-04-06 04:56:20]



ਮੁੰਬਈ, 5 ਅਪਰੈਲ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਆਪਣੀ ਜਾਇਦਾਦ ਕੁਰਕ ਕੀਤੇ ਜਾਣ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਨੂੰ 'ਮੱਧਵਰਗੀ ਮਰਾਠੀ ਮਾਨੁਸ਼' 'ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਅਜਿਹੇ ਕਦਮਾਂ ਤੋਂ ਡਰਨਗੇ ਨਹੀਂ ਤੇ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਕੀਤੀ ਗਈ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਗੇ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਦੱਸਿਆ ਕਿ ਈਡੀ ਦੀ ਕਾਰਵਾਈ ਅਜਿਹੇ ਦਿਨ ਹੋਈ ਹੈ ਜਦੋਂ ਮੁੰਬਈ ਪੁਲੀਸ ਨੇ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਖ਼ਿਲਾਫ਼ ਜਬਰੀ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਹੈ। ਪਿਛਲੇ ਮਹੀਨੇ ਰਾਜ ਸਭਾ ਮੈਂਬਰ ਨੇ ਦੋਸ਼ ਲਾਇਆ ਸੀ ਕਿ ਈਡੀ ਦੇ ਕੁਝ ਅਧਿਕਾਰੀ ਜਬਰੀ ਵਸੂਲੀ ਦਾ ਗਰੋਹ ਚਲਾ ਰਹੇ ਹਨ। ਰਾਊਤ ਨੇ ਕਿਹਾ ਕਿ ਈਡੀ ਦੀ ਕਾਰਵਾਈ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ ਤੇ ਉਨ੍ਹਾਂ ਖ਼ਿਲਾਫ਼ ਏਜੰਸੀ ਦੇ ਦਾਅਵੇ ਝੂਠੇ ਸਾਬਤ ਹੋਣਗੇ। ਏਜੰਸੀ ਦੀ ਕਾਰਵਾਈ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਟਵੀਟ ਕੀਤਾ, ''ਅਸੱਤਿਆਮੇਵ ਜਯਤੇ' (ਝੂਠ ਦੀ ਜਿੱਤ ਹੋਈ)।' ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ਿਵ ਸੈਨਾ ਦੀ ਸਾਬਕਾ ਸਹਿਯੋਗੀ ਭਾਜਪਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਮਹਾਰਾਸ਼ਟਰ 'ਚ ਮਹਾਵਿਕਾਸ ਅਘਾੜੀ (ਐੱਮਵੀਏ) ਸਰਕਾਰ ਤੋੜਨ ਦੀਆਂ ਕੋਸ਼ਿਸ਼ਾਂ 'ਚ ਹਮਾਇਤ ਨਹੀਂ ਕੀਤੀ। ਉਨ੍ਹਾਂ ਕਿਹਾ, 'ਮੇਰੇ ਕਰਕੇ ਤੁਹਾਡੀ (ਭਾਜਪਾ) ਸਰਕਾਰ ਨਹੀਂ ਬਣ ਸਕੀ। ਹੁਣ ਮੈਂ ਸਰਕਾਰ ਤੋੜਨ 'ਚ ਤੁਹਾਡੀ ਹਮਾਇਤ ਨਹੀਂ ਕਰ ਰਿਹਾ। ਇਹ ਮੇਰੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਪਰ ਮੈਂ ਡਰਾਂਗਾ ਨਹੀਂ।' ਉਨ੍ਹਾਂ ਕਿਹਾ ਕਿ ਈਡੀ ਦੀ ਇਹ ਕਾਰਵਾਈ 'ਮੱਧਵਰਗੀ ਮਰਾਠੀ ਮਾਨੁਸ਼' ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਹੈ। ਪੂਰੇ ਮਹਾਰਾਸ਼ਟਰ ਨੂੰ ਇਸ ਬਾਰੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੈਂ ਕਿਸੇ ਤੋਂ ਨਹੀਂ ਡਰਦਾ। ਮੈਂ ਝੁਕਾਂਗਾ ਨਹੀਂ। ਇਹ ਮੇਰੀ ਮਿਹਨਤ ਦੀ ਕਮਾਈ ਹੈ।' ਰਾਊਤ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਊਧਵ ਠਾਕਰੇ ਅਤੇ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਸਮੇਤ ਕਈ ਸਿਆਸੀ ਆਗੂਆਂ ਦੇ ਫੋਨ ਆਏ ਜਿਨ੍ਹਾਂ ਈਡੀ ਦੀ ਕਾਰਵਾਈ 'ਤੇ ਚਿੰਤਾ ਜ਼ਾਹਿਰ ਕੀਤੀ ਹੈ।

ਇਸੇ ਦੌਰਾਨ ਐੱਨਸੀਪੀ ਦੇ ਮਹਾਰਾਸ਼ਟਰ ਦੇ ਮੁੱਖ ਬੁਲਾਰੇ ਮਹੇਸ਼ ਤਾਪਸੇ ਨੇ ਈਡੀ ਦੀ ਕਾਰਵਾਈ ਨੂੰ ਮਹਾਰਾਸ਼ਟਰ 'ਚ ਐੱਮਵੀਏ ਆਗੂਆਂ ਦੀਆਂ ਆਵਾਜ਼ਾਂ ਦਬਾਉਣ ਦੀ ਕੋਸ਼ਿਸ਼ ਦੱਸਿਆ ਹੈ। -ਪੀਟੀਆਈ



Most Read

2024-09-21 10:52:43