Breaking News >> News >> The Tribune


ਬਿਰਧ ਪਤਨੀ ਨੂੰ ਰੇਹੜੀ ’ਤੇ ਹਸਪਤਾਲ ਲਿਜਾਣ ਦੇ ਮਾਮਲੇ ਦੀ ਜਾਂਚ ਦੇ ਆਦੇਸ਼


Link [2022-04-06 04:56:20]



ਬਲੀਆ (ਯੂਪੀ), 5 ਅਪਰੈਲ

ਉੱਤਰ ਪ੍ਰਦੇਸ਼ ਵਿੱਚ ਬਜ਼ੁਰਗ ਵੱਲੋਂ ਆਪਣੀ ਪਤਨੀ ਨੂੰ ਰੇਹੜੀ 'ਤੇ ਬਲੀਆ ਦੇ ਇੱਕ ਹਸਪਤਾਲ ਵਿੱਚ ਪਹੁੰਚਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਅੰਦੌਰ ਪਿੰਡ ਦੀ ਹੈ। ਵੀਡੀਓ ਵਿੱਚ ਸਬੰਧਤ ਪਿੰਡ ਦਾ ਸਕੁਲ ਪਰਜਾਪਤੀ ਆਪਣੀ ਬਿਮਾਰ ਪਤਨੀ ਜੋਗਨੀ (55) ਨੂੰ ਰੇਹੜੀ 'ਤੇ ਹਸਪਤਾਲ ਲਿਜਾਂਦਾ ਦਿਖਾਈ ਦਿੰਦਾ ਹੈ। ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਮਾਮਲੇ 'ਤੇ ਟਵੀਟ ਕਰਕੇ ਰਾਜ ਦੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਉਠਾਏ ਹਨ। ਚੀਫ਼ ਮੈਡੀਕਲ ਅਫਸਰ ਨੀਰਜ ਪਾਂਡੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਬਾਰੇ ਪਰਜਾਪਤੀ ਨੇ ਦੱਸਿਆ ਕਿ 28 ਮਾਰਚ ਨੂੰ ਪਤਨੀ ਨੂੰ ਹਸਪਤਾਲ ਲਿਜਾਣ ਦਾ ਕੋਈ ਸਾਧਨ ਨਾ ਮਿਲਿਆ ਤਾਂ ਉਹ ਉਸ ਨੂੰ ਰੇਹੜੀ 'ਤੇ ਪਾ ਕੇ ਤਿੰਨ ਕਿਲੋਮੀਟਰ ਦੂਰ ਸਿਹਤ ਕੇਂਦਰ ਵਿੱਚ ਲੈ ਗਿਆ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਕੁੱਝ ਦਵਾਈਆਂ ਦੇ ਕੇ ਉਸ ਦੀ ਪਤਨੀ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਇਸ ਮਗਰੋਂ ਉਹ ਆਪਣੀ ਪਤਨੀ ਨੂੰ ਪਿਆਰੀਆ ਪਿੰਡ ਵਿੱਚ ਰੇਹੜੀ 'ਤੇ ਛੱਡ ਕੇ ਕੱਪੜੇ ਅਤੇ ਪੈਸੇ ਲੈਣ ਲਈ ਘਰ ਗਿਆ । ਮਗਰੋਂ ਉਹ ਆਪਣੀ ਪਤਨੀ ਨੂੰ ਮਿਨੀ ਟਰੱਕ ਵਿੱਚ ਲੈ ਕੇ ਹਸਪਤਾਲ ਪਹੁੰਚਿਆ। ਪੁਲੀਸ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ।

ਪਰਜਾਪਤੀ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਦੀ ਮੌਤ ਰਾਤ 11 ਵਜੇ ਹੋਈ ਅਤੇ ਹਸਪਤਾਲ ਨੇ ਦੇਹ ਘਰ ਲਿਜਾਣ ਲਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ। ਮਗਰੋਂ ਉਸ ਨੇ 1100 ਰੁਪਏ ਵਿੱਚ ਨਿੱਜੀ ਐਂਬੂਲੈਂਸ ਲਈ।

ਸਮਾਜਵਾਦੀ ਪਾਰਟੀ ਦੇ ਮੁਖੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸਿਹਤ ਵਿਭਾਗ ਵੱਲੋਂ ਝੂਠੇ ਇਸ਼ਤਿਹਾਰਾਂ 'ਤੇ ਜਿੰਨਾ ਖਰਚ ਕੀਤਾ ਜਾਂਦਾ ਹੈ, ਉਸ ਦਾ ਥੋੜ੍ਹਾ ਜਿਹਾ ਹਿੱਸਾ ਵੀ ਜੇ ਸਪਾ ਦੇ ਸਮੇਂ ਸੁਧਰੀਆਂ ਸਿਹਤ ਸੇਵਾਵਾਂ 'ਤੇ ਲਗਾਤਾਰ ਖਰਚ ਕੀਤਾ ਹੁੰਦਾ ਤਾਂ ਅੱਜ ਲੋਕਾਂ ਨੂੰ ਜਾਨ ਨਾ ਗਵਾਉਣੀ ਪੈਂਦੀ। -ਪੀਟੀਆਈ



Most Read

2024-09-21 10:52:19