Breaking News >> News >> The Tribune


ਨਫ਼ਰਤੀ ਭਾਸ਼ਣ: ਨਰਸਿੰਘਨੰਦ ਤੇ ਚਵਹਾਨਕੇ ਖ਼ਿਲਾਫ਼ ਕੇਸ ਦਰਜ


Link [2022-04-05 07:54:45]



ਨਵੀਂ ਦਿੱਲੀ, 4 ਅਪਰੈਲ

ਦਿੱਲੀ ਪੁਲੀਸ ਨੇ ਇੱਥੇ ਐਤਵਾਰ ਨੂੰ ਕਰਵਾਏ ਇੱਕ ਸਮਾਗਮ ਦੌਰਾਨ ਹਿੰਦੂ ਮਹਾਪੰਚਾਇਤ ਸਭਾ ਦੇ ਪ੍ਰਬੰਧਕਾਂ ਤੇ ਕਈ ਬੁਲਾਰਿਆਂ- ਡਾਸਨਾ ਦੇਵ ਮੰਦਰ ਦੇ ਪੁਜਾਰੀ ਯਤੀ ਨਰਸਿੰਘਨੰਦ ਅਤੇ ਸੁਦਰਸ਼ਨ ਨਿਊਜ਼ ਦੇ ਮੁੱਖ ਸੰਪਾਦਕ ਸੁਰੇਸ਼ ਚਵਹਾਨਕੇ ਖ਼ਿਲਾਫ਼ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਡੀਸੀਪੀ ਊਸ਼ਾ ਰੰਗਨਾਨੀ ਨੇ ਕਿਹਾ,' ਡਾਸਨਾ ਦੇਵ ਮੰਦਰ ਦੇ ਪੁਜਾਰੀ ਯਤੀ ਨਰਸਿੰਘਨੰਦ ਅਤੇ ਸੁਦਰਸ਼ਨ ਨਿਊਜ਼ ਦੇ ਮੁੱਖ ਸੰਪਾਦਕ ਸੁਰੇਸ਼ ਚਵਹਾਨਕੇ ਸਮੇਤ ਕੁਝ ਬੁਲਾਰਿਆਂ ਨੇ ਦੋ ਫ਼ਿਰਕਿਆਂ ਵਿਚਕਾਰ ਨਫ਼ਰਤ, ਦੁਸ਼ਮਣੀ ਤੇ ਦੁਰਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ।' ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਿੰਦੂ ਮਹਾਪੰਚਾਇਤ ਸਭਾ ਕਰਵਾਉਣ ਲਈ ਪ੍ਰਬੰਧਕ ਤੇ 'ਸੇਵ ਇੰਡੀਆ ਫਾਊਂਡੇਸ਼ਨ' ਦੇ ਪ੍ਰਧਾਨ ਪ੍ਰੀਤ ਸਿੰਘ ਵੱਲੋਂ ਪੱਤਰ ਮਿਲਿਆ ਸੀ, ਹਾਲਾਂਕਿ ਉਸ ਨੂੰ ਮਨ੍ਹਾਂ ਕਰ ਦਿੱਤਾ ਗਿਆ ਸੀ। ਪੁਲੀਸ ਮੁਤਾਬਕ ਇਸ ਦੇ ਬਾਵਜੂਦ ਪ੍ਰਬੰਧਕ ਪ੍ਰੀਤ ਸਿੰਘ ਸਵੇਰੇ 700-800 ਸਮਰਥਕ ਲੈ ਕੇ ਪੁੱਜ ਗਿਆ ਤੇ ਹਿੰਦੂ ਮਹਾਪੰਚਾਇਤ ਕਰਨੀ ਸ਼ੁਰੂ ਕਰ ਦਿੱਤੀ। ਡੀਸੀਪੀ ਰੰਗਰਾਨੀ ਨੇ ਕਿਹਾ ਕਿ ਸਮਾਗਮ ਵਾਲੀ ਥਾਂ 'ਤੇ 700-800 ਲੋਕ ਇਕੱਤਰ ਹੋ ਗਏ ਤੇ ਸਟੇਜ ਤੋਂ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲੀਸ ਵੀ ਪੁੱਜ ਗਈ। ਇਸ ਦੌਰਾਨ ਯਤੀ ਨਰਸਿੰਘਨੰਦ ਸਰਸਵਤੀ ਨੇ ਕਥਿਤ ਤੌਰ 'ਤੇ ਸਟੇਜ ਤੋਂ ਨਫ਼ਰਤੀ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਤੇ ਹਿੰਦੂਆਂ ਨੂੰ ਆਪਣੀ ਹੋਂਦ ਲਈ ਹਥਿਆਰ ਚੁੱਕਣ ਲਈ ਆਖਣਾ ਸ਼ੁਰੂ ਕਰ ਦਿੱਤਾ। ਚਵਹਾਨਕੇ ਨੇ ਕਿਹਾ ਕਿ ਉਹ ਬਰਾਬਰ ਅਧਿਕਾਰ ਦੇਣ ਦਾ ਵਿਰੋਧੀ ਹੈ। ਉਸ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਨੂੰ ਓਨੇ ਹੀ ਅਧਿਕਾਰ ਮਿਲਣੇ ਚਾਹੀਦੇ ਹਨ, ਜਿੰਨੇ ਪਾਕਿਸਤਾਨ ਵਿੱਚ ਹਿੰਦੂਆਂ ਨੂੰ ਮਿਲ ਰਹੇ ਹਨ, ਇਸ ਤੋਂ ਵੱਧ ਨਹੀਂ। ਇਸ 'ਤੇ ਪੁਲੀਸ ਨੇ ਆਈਪੀਸੀ ਦੀ ਧਾਰਾ 188 ਤੇ 153 ਅਧੀਨ ਮੁਖਰਜੀ ਨਗਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਹੈ। ਪੱਤਰਕਾਰਾਂ ਦੀ ਸ਼ਿਕਾਇਤ 'ਤੇ ਵੀ ਵੱਖਰੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਦੋਸ਼ ਸੀ ਕਿ ਸਮਾਗਮ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਦਿਨ 'ਚ ਦੋਸ਼ ਲਾਇਆ ਸੀ ਕਿ ਪੁਲੀਸ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੋਂ ਜਬਰਦਸਤੀ ਮੁਖਰਜੀ ਨਗਰ ਪੁਲੀਸ ਸਟੇਸ਼ਨ ਲੈ ਗਈ। ਹਾਲਾਂਕਿ ਡੀਸੀਪੀ ਰੰਗਨਾਨੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। -ਆਈਏਐੱਨਐੱਸ

ਪੱਤਰਕਾਰ ਤੇ ਨਿਊਜ਼ ਪੋਰਟਲ ਵਿਰੁੱਧ ਕੇਸ ਦਰਜ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਸੋਮਵਾਰ ਨੂੰ ਰਾਜਧਾਨੀ ਵਿੱਚ ਹਿੰਦੂਤਵੀ ਸਮਾਗਮ ਵਿੱਚ ਸੱਤ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਟਵੀਟ ਕਰਨ ਲਈ ਇੱਕ ਪੱਤਰਕਾਰ ਅਤੇ ਇੱਕ ਨਿਊਜ਼ ਪੋਰਟਲ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕੇਸ ਮੀਰ ਫੈਸਲ ਅਤੇ ਨਿਊਜ਼ ਵੈੱਬਸਾਈਟ ਆਰਟੀਕਲ 14 ਖਿਲਾਫ਼ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਇਸ ਸਬੰਧ 'ਚ ਦਰਜ ਚੌਥਾ ਕੇਸ ਹੈ, ਜਦਕਿ ਇਸ ਸਬੰਧੀ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਫੈਸਲ ਉਨ੍ਹਾਂ ਪੱਤਰਕਾਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ 'ਤੇ ਐਤਵਾਰ ਨੂੰ ਸ਼ਹਿਰ ਦੇ ਬੁਰਾੜੀ ਖੇਤਰ ਵਿੱਚ ਹਿੰਦੂ ਮਹਾਪੰਚਾਇਤ ਦੇ ਸਮਾਗਮ ਵਿੱਚ ਹਮਲਾ ਕੀਤਾ ਗਿਆ ਸੀ। ਪੱਤਰਕਾਰ ਅਰਬਾਬ ਅਲੀ, ਉਨ੍ਹਾਂ ਤਿੰਨ ਪੱਤਰਕਾਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨਾਲ ਜ਼ੁਬਾਨੀ ਦੁਰਵਿਵਹਾਰ ਕੀਤਾ ਗਿਆ ਸੀ। -ਪੀਟੀਆਈ

ਵਿਰੋਧੀ ਧਿਰਾਂ ਵੱਲੋਂ ਸਖ਼ਤ ਨਿਖੇਧੀ

ਨਵੀਂ ਦਿੱਲੀ: ਕਾਂਗਰਸ ਦੀ ਮਹਿਲਾ ਬੁਲਾਰਾ ਸ਼ਮਾ ਮੁਹੰਮਦ ਨੇ ਅਦਾਲਤ ਤੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸੀਪੀਆਈ (ਐੱਮ) ਨੇ 'ਹਿੰਦੂ ਮਹਾਂਪੰਚਾਇਤ' ਨੂੰ ਹੋਣ ਤੋਂ ਨਾ ਰੋਕਣ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਅਧੀਨ ਪੁਲੀਸ ਦੇ ਕੰਮ-ਕਾਜ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ, 'ਯਤੀ ਨਰਸਿੰਘਾਨੰਦ, ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ ਜ਼ਮਾਨਤ 'ਤੇ ਰਿਹਾਅ ਹੋ ਕੇ ਦਿੱਲੀ ਵਿੱਚ ਇੱਕ ਹੋਰ ਨਫ਼ਰਤ ਭਰਿਆ ਭਾਸ਼ਣ ਦਿੰਦਾ ਹੈ ਜਿਸ 'ਚ ਹਿੰਦੂਆਂ ਨੂੰ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣ ਲਈ ਕਿਹਾ ਜਾਂਦਾ ਹੈ। ਕੀ ਅਦਾਲਤਾਂ ਉਸਦੀ ਜ਼ਮਾਨਤ ਨੂੰ ਤੁਰੰਤ ਰੱਦ ਕਰ ਦੇਣਗੀਆਂ ਜਾਂ ਉਹ ਪੁੱਛਣਗੀਆਂ ਕਿ ਕੀ ਉਸਨੇ ਮੁਸਕਰਾਹਟ ਨਾਲ ਆਪਣਾ ਤਾਜ਼ਾ ਭਾਸ਼ਣ ਦਿੱਤਾ ਸੀ!' ਸੀਪੀਆਈ (ਐੱਮ) ਨੇ ਕਿਹਾ, 'ਇਹ ਦਿੱਲੀ ਵਿੱਚ ਹੋ ਰਿਹਾ ਹੈ ਜਿੱਥੇ ਪੁਲੀਸ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਹੈ। ਜੇਕਰ ਪੁਲੀਸ ਕੋਲ ਇਜਾਜ਼ਤ ਨਹੀਂ ਸੀ ਤਾਂ ਪੁਲੀਸ ਨੇ ਇਸ ਨੂੰ ਕਿਉਂ ਨਹੀਂ ਰੋਕਿਆ?'



Most Read

2024-09-21 10:55:10