Breaking News >> News >> The Tribune


ਗੋਰਖਨਾਥ ਮੰਦਰ ਦੇ ਗੇਟ ’ਤੇ ਪੁਲੀਸ ਕਰਮੀਆਂ ਉਤੇ ਹਮਲਾ, ਦੋ ਜ਼ਖ਼ਮੀ


Link [2022-04-05 07:54:45]



ਗੋਰਖਪੁਰ/ਲਖਨਊ, 4 ਅਪਰੈਲ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਪ੍ਰਸਿੱਧ ਗੋਰਖਨਾਥ ਮੰਦਰ ਦੇ ਗੇਟ 'ਤੇ ਐਤਵਾਰ ਸ਼ਾਮ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਦੋ ਪੁਲੀਸ ਕਰਮੀਆਂ (ਪੀਏਸੀ ਕਾਂਸਟੇਬਲ) ਨੂੰ ਜ਼ਖ਼ਮੀ ਕਰ ਦਿੱਤਾ। ਰਾਜ ਸਰਕਾਰ ਦੇ ਅਧਿਕਾਰੀਆਂ ਨੇ ਇਸ ਨੂੰ 'ਅਤਿਵਾਦ ਦੀ ਘਟਨਾ' ਕਰਾਰ ਦਿੱਤਾ ਹੈ। ਵਿਅਕਤੀ ਨੇ ਮੰਦਰ ਦੇ ਅਹਾਤੇ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਕਸਰ ਇਸ ਮੰਦਰ ਵਿਚ ਆਉਂਦੇ ਹਨ ਤੇ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਹਨ। ਉਹ ਗੋਰਖਨਾਥ ਮੰਦਰ ਦੇ ਮੁੱਖ ਮਹੰਤ ਵੀ ਹਨ। ਮੁਲਜ਼ਮ ਦੀ ਸ਼ਨਾਖ਼ਤ ਮੁਰਤਜ਼ਾ ਅੱਬਾਸੀ ਵਜੋਂ ਹੋਈ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੇਰਵਿਆਂ ਮੁਤਾਬਕ ਹਮਲਾਵਰ ਵੱਕਾਰੀ ਆਈਆਈਟੀ-ਮੁੰਬਈ ਤੋਂ ਪੜ੍ਹਿਆ ਹੋਇਆ ਹੈ। 2015 ਬੈਚ ਦਾ ਮੁਰਤਜ਼ਾ ਅੱਬਾਸੀ ਕੈਮੀਕਲ ਇੰਜਨੀਅਰਿੰਗ ਵਿਚ ਗ੍ਰੈਜੂਏਟ ਹੈ। ਪੁਲੀਸ ਨੇ ਕਿਹਾ ਕਿ ਅੱਬਾਸੀ ਨੇ ਧੱਕੇ ਨਾਲ ਮੰਦਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਨਰਾਤੇ ਹੋਣ ਕਾਰਨ ਮੰਦਰ ਵਿਚ ਲੋਕਾਂ ਦੀ ਵੱਡੀ ਭੀੜ ਜੁੜ ਰਹੀ ਹੈ। ਪੁਲੀਸ ਮੁਤਾਬਕ 'ਅੱਲਾਹੂ ਅਕਬਰ' ਦੇ ਨਾਅਰੇ ਲਾਉਣ ਮਗਰੋਂ ਮੁਰਤਜ਼ਾ ਨੇ ਮੰਦਰ ਵਿਚ ਜਬਰੀ ਵੜਨ ਦੀ ਕੋਸ਼ਿਸ਼ ਕੀਤੀ। ਯੂਪੀ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 'ਗੋਰਖਨਾਥ ਮੰਦਰ ਵਿਚ ਪੁਲੀਸ ਜਵਾਨਾਂ 'ਤੇ ਹਮਲਾ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ, ਤੇ ਮੌਜੂਦ ਤੱਥਾਂ ਦੇ ਅਧਾਰ ਉਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਅਤਿਵਾਦ ਦੀ ਘਟਨਾ ਸੀ। ਹਮਲਾਵਰ ਨੇ ਮਾੜੇ ਇਰਾਦਿਆਂ ਨਾਲ ਮੰਦਰ ਦੇ ਅਹਾਤੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੀਏਸੀ ਤੇ ਪੁਲੀਸ ਦੇ ਬਹਾਦਰ ਜਵਾਨਾਂ ਨੇ ਰੋਕ ਲਿਆ।' ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਕਿਹਾ ਕਿ ਘਟਨਾ ਦੀ ਜਾਂਚ ਯੂਪੀ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਏਟੀਐੱਸ ਤੇ ਐੱਸਟੀਐਫ ਮਾਮਲੇ ਦੀ ਸਾਂਝੇ ਤੌਰ 'ਤੇ ਜਾਂਚ ਕਰਨਗੇ। ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਨੇ ਦੱਸਿਆ ਕਿ ਪੀਏਸੀ ਦੇ ਦੋ ਕਾਂਸਟੇਬਲ ਗੋਪਾਲ ਗੌੜ ਤੇ ਅਨਿਲ ਪਾਸਵਾਨ ਹਮਲੇ ਵਿਚ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਯੋਗੀ ਨੇ ਪੀਏਸੀ ਜਵਾਨਾਂ ਨੂੰ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁਲਜ਼ਮ ਫੱਟੜ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਮੁਰਤਜ਼ਾ ਗੋਰਖਪੁਰ ਦਾ ਹੀ ਰਹਿਣ ਵਾਲਾ ਹੈ। ਇਸੇ ਦੌਰਾਨ ਮੁਲਜ਼ਮ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਹ ਮਾਨਸਿਕ ਤੌਰ 'ਤੇ ਅਸਥਿਰ ਹੈ ਤੇ ਕੇਸ ਦੀ ਜਾਂਚ ਦੌਰਾਨ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪੁਲੀਸ ਮੁਰਤਜ਼ਾ ਦੇ ਮੋਬਾਈਲ ਤੇ ਲੈਪਟਾਪ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। -ਪੀਟੀਆਈ



Most Read

2024-09-21 12:27:40