Breaking News >> News >> The Tribune


ਨੇਪਾਲ ਦੇ ਪ੍ਰਧਾਨ ਮੰਤਰੀ ਦਿਓਬਾ ਵਾਰਾਣਸੀ ਦੇ ਮੰਦਰਾਂ ’ਚ ਨਤਮਸਤਕ


Link [2022-04-04 09:13:19]



ਵਾਰਾਣਸੀ, 3 ਅਪਰੈਲ

ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਅੱਜ ਵਾਰਾਣਸੀ ਪਹੁੰਚੇ ਅਤੇ ਉਨ੍ਹਾਂ ਇੱਥੋਂ ਦੇ ਮਸ਼ਹੂਰ ਕਾਲ ਭੈਰਵ ਤੇ ਕਾਸ਼ੀ ਵਿਸ਼ਵਨਾਥ ਮੰਦਰਾਂ 'ਚ ਮੱਥਾ ਟੇਕਿਆ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਵੇਰੇ ਇੱਥੋਂ ਦੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ 'ਤੇ ਸ੍ਰੀ ਦਿਓਬਾ ਤੇ ਉਨ੍ਹਾਂ ਦੀ ਪਤਨੀ ਆਰਜ਼ੂ ਰਾਣਾ ਦਿਓਬਾ ਦਾ ਸਵਾਗਤ ਕੀਤਾ। ਹਵਾਈ ਅੱਡੇ 'ਤੇ ਸਕੂਲੀ ਵਿਦਿਆਰਥੀਆਂ ਨੇ ਹੱਥਾਂ ਵਿੱਚ ਨੇਪਾਲ ਤੇ ਭਾਰਤ ਦੇ ਝੰਡੇ ਫੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਨੇਪਾਲ ਦੇ ਪ੍ਰਧਾਨ ਮੰਤਰੀ ਕਾਲ ਭੈਰਵ ਤੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ ਤੇ ਇੱਥੇ ਪੂਜਾ ਕੀਤੀ।

ਸ੍ਰੀ ਦਿਓਬਾ ਨੇ ਵੈਦਿਕ ਰੀਤੀ-ਰਿਵਾਜ਼ ਨਾਲ ਭਗਵਾਨ ਸ਼ਿਵ ਦਾ ਰੁਦਰ-ਅਭਿਸ਼ੇਕ ਕੀਤਾ। ਪੂਜਾ ਤੋਂ ਬਾਅਦ ਨੇਪਾਲੀ ਪ੍ਰਧਾਨ ਮੰਤਰੀ ਨੂੰ ਇੱਕ ਲਘੂ ਫਿਲਮ ਰਾਹੀਂ ਕਾਸ਼ੀ ਵਿਸ਼ਵਨਾਥ ਧਾਮ ਦੇ ਇਤਿਹਾਸ ਤੇ ਨਿਰਮਾਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਯੋਗੀ ਆਦਿੱਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ।

ਪ੍ਰਧਾਨ ਮੰਤਰੀ ਦਿਓਬਾ ਦੀ ਫੇਰੀ ਦੇ ਮੱਦੇਨਜ਼ਰ ਇੱਥੇ ਵੱਖ ਵੱਖ ਥਾਵਾਂ ਤੋਂ ਆਏ ਕਲਾਕਾਰਾਂ ਨੇ ਰਵਾਇਤੀ ਪ੍ਰੋਗਰਾਮ ਵੀ ਪੇਸ਼ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਦਿਓਬਾ ਗੰਗਾ ਘਾਟ ਜਾਣਗੇ ਅਤੇ ਗੰਗਾ ਦਰਸ਼ਨ ਕਰਨਗੇ। ਉਹ ਪਸ਼ੂਪਤੀਨਾਥ ਮੰਦਰ 'ਚ ਪੂਜਾ ਵੀ ਕਰਨਗੇ। ਉਹ ਮੰਦਰ ਦੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਵੀ ਕਰਨਗੇ। ਨੇਪਾਲ ਦੇ ਪ੍ਰਧਾਨ ਮੰਤਰੀ ਦੀ ਵਾਰਾਣਸੀ ਫੇਰੀ ਮੌਕੇ ਉਨ੍ਹਾਂ ਦੇ ਸਵਾਗਤ ਲਈ ਸੱਭਿਆਚਾਰ ਵਿਭਾਗ ਵੱਲੋਂ ਹਵਾਈ ਅੱਡੇ ਤੋਂ ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਤੇ ਤਾਜ ਹੋਟਲ ਤੱਕ ਕੁੱਲ 15 ਥਾਵਾਂ 'ਤੇ ਸੱਭਿਆਚਾਰ ਪ੍ਰੋਗਰਾਮ ਕਰਵਾਏ ਗਏ ਹਨ। ਜ਼ਿਕਰਯੋਗ ਹੈ ਕਿ ਪੰਜਵੀਂ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼ੇਰ ਬਹਾਦੁਰ ਦਿਓਬਾ ਆਪਣੀ ਪਹਿਲੀ ਦੁਵੱਲੀ ਯਾਤਰਾ 'ਤੇ ਲੰਘੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੇ ਸਨ। -ਪੀਟੀਆਈ



Most Read

2024-09-21 12:46:07