Breaking News >> News >> The Tribune


ਰੂਸ-ਯੂਕਰੇਨ ਜੰਗ ਬਾਰੇ ਭਾਰਤ ਆਪਣੇ ਫ਼ੈਸਲੇ ’ਤੇ ਕਾਇਮ: ਕੋਵਿੰਦ


Link [2022-04-04 09:13:19]



ਅਸ਼ਗਾਬਾਤ, 3 ਅਪਰੈਲ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਯੂਕਰੇਨ 'ਚ ਚੱਲ ਰਹੇ ਸੰਘਰਸ਼ ਬਾਰੇ ਭਾਰਤ ਆਪਣੀ ਪੁਜ਼ੀਸ਼ਨ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ 'ਚ ਕੌਮਾਂਤਰੀ ਕਾਨੂੰਨ ਅਤੇ ਯੂਐੱਨ ਚਾਰਟਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮੁਲਕਾਂ ਦੀ ਖੇਤਰੀ ਅਖੰਡਤਾ ਅਤੇ ਖੁਦਮੁਖਤਿਆਰੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹੋਰ ਤਾਕਤਵਰ ਮੁਲਕਾਂ ਵਾਂਗ ਭਾਰਤ ਨੇ ਅਜੇ ਤੱਕ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਦੀ ਆਲੋਚਨਾ ਨਹੀਂ ਕੀਤੀ ਹੈ ਅਤੇ ਉਹ ਸੰਯੁਕਤ ਰਾਸ਼ਟਰ 'ਚ ਰੂਸ ਖ਼ਿਲਾਫ਼ ਪਏ ਮਤਿਆਂ ਦੀ ਵੋਟਿੰਗ ਸਮੇਂ ਗ਼ੈਰਹਾਜ਼ਰ ਰਿਹਾ ਹੈ। ਭਾਰਤ ਸੰਕਟ ਦਾ ਹੱਲ ਕੂਟਨੀਤੀ ਅਤੇ ਗੱਲਬਾਤ ਰਾਹੀਂ ਕੱਢਣ 'ਤੇ ਜ਼ੋਰ ਪਾ ਰਿਹਾ ਹੈ। ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਭਾਰਤ, ਯੂਕਰੇਨ 'ਚ ਵਿਗੜਦੇ ਮਾਨਵੀ ਹਾਲਾਤ ਬਾਰੇ ਫਿਕਰਮੰਦ ਹੈ। 'ਅਸੀਂ ਹਿੰਸਾ ਫ਼ੌਰੀ ਰੋਕਣ ਦਾ ਸੱਦਾ ਦਿੰਦਿਆਂ ਦੋਵੇਂ ਮੁਲਕਾਂ ਨੂੰ ਗੱਲਬਾਤ ਅਤੇ ਕੂਟਨੀਤੀ ਦੇ ਰਾਹ 'ਤੇ ਪਰਤਣ ਲਈ ਕਿਹਾ ਹੈ। ਭਾਰਤ ਨੇ ਯੂਕਰੇਨ ਨੂੰ ਮਾਨਵੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ।' ਰਾਸ਼ਟਰਪਤੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਵੱਲੋਂ ਰੂਸ ਦੀ ਆਲੋਚਨਾ ਨਾ ਕਰਨ 'ਤੇ ਪੱਛਮੀ ਮੁਲਕਾਂ 'ਚ ਉਸ ਖ਼ਿਲਾਫ਼ ਰੋਸ ਲਗਾਤਾਰ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਦੌਰੇ 'ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਕਿਹਾ ਸੀ ਕਿ ਉਹ ਯੂਕਰੇਨ 'ਚ ਸੰਘਰਸ਼ ਦਾ ਹੱਲ ਕੱਢਣ ਲਈ ਸ਼ਾਂਤੀ ਦੀਆਂ ਕੋਸ਼ਿਸ਼ਾਂ 'ਚ ਆਪਣਾ ਯੋਗਦਾਨ ਪਾ ਸਕਦਾ ਹੈ। -ਪੀਟੀਆਈ



Most Read

2024-09-21 12:38:06