Breaking News >> News >> The Tribune


ਯੂਪੀਏ ਦਾ ਚੇਅਰਮੈਨ ਬਣਨ ਦੀ ਕੋਈ ਇੱਛਾ ਨਹੀਂ: ਪਵਾਰ


Link [2022-04-04 09:13:19]



ਪੁਣੇ, 3 ਅਪਰੈਲ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ ਭਾਜਪਾ ਵਿਰੋਧੀ ਫਰੰਟ ਦੀ ਅਗਵਾਈ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਨੂੰ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀੲੇ) ਦਾ ਚੇਅਰਮੈਨ ਬਣਨ ਦੀ ਕੋਈ ਇੱਛਾ ਹੈ। ਪਵਾਰ ਨੇ ਕਿਹਾ ਕਿ ਕੇਂਦਰ ਵਿੱਚ ਜੇਕਰ ਭਾਜਪਾ ਦਾ ਕੋਈ ਬਦਲ ਮੁਹੱਈਆ ਕਰਵਾਉਣਾ ਹੈ ਤਾਂ ਕਾਂਗਰਸ ਦਾ ਸਾਥ ਜ਼ਰੂਰੀ ਹੈ ਤੇ ਇਸ ਨੂੰ ਕਿਸੇ ਵੀ ਪਹਿਲਕਦਮੀ 'ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ।

ਪੱਛਮੀ ਮਹਾਰਾਸ਼ਟਰ ਦੇ ਕੋਲ੍ਹਾਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ, ''ਮੈਂ ਭਾਜਪਾ ਖਿਲਾਫ਼ ਵੱਖ ਵੱਖ ਪਾਰਟੀਆਂ ਦੀ ਸ਼ਮੂਲੀਅਤ ਵਾਲੇ ਕਿਸੇੇ ਵੀ ਫਰੰਟ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਨਹੀਂ ਲਵਾਂਗਾ। ਮੇਰੀ ਯੂਪੀਏ ਨੂੰ ਅਗਵਾਈ ਦੇਣ ਦੀ ਵੀ ਕੋਈ ਇੱਛਾ ਨਹੀਂ ਹੈ।'' ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ''ਹਾਲ ਹੀ ਵਿੱਚ ਸਾਡੀ ਪਾਰਟੀ ਦੇ ਯੂਥ ਵਰਕਰਾਂ ਨੇ ਮਤਾ ਪਾ ਕੇ ਮੈਨੂੰ ਯੂਪੀੲੇ ਦਾ ਚੇਅਰਪਰਸਨ ਬਣਨ ਲਈ ਕਿਹਾ ਸੀ ਪਰ ਮੇਰੀ ਇਸ ਅਹੁਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ। ਮੈਂ ਇਸ ਸਭ ਵਿੱਚ ਨਹੀਂ ਪੈਣਾ ਚਾਹੁੰਦਾ। ਮੈਂ ਇਹ ਜ਼ਿੰਮੇਵਾਰੀ ਨਹੀਂ ਲਵਾਂਗਾ।'' ਪਵਾਰ ਨੇ ਕਿਹਾ, ''ਜੇਕਰ ਭਾਜਪਾ ਦਾ ਬਦਲ ਮੁਹੱਈਆ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੈਂ ਅਜਿਹੇ ਸਮੂਹ ਨੂੰ ਸਹਿਯੋਗ, ਹਮਾਇਤ ਤੇ ਮਜ਼ਬੂਤ ਕਰਨ ਲਈ ਤਿਆਰ ਹਾਂ। ਅਸੀਂ ਪਹਿਲਾਂ ਹੀ ਇਹ ਕੰਮ ਕਰ ਰਹੇ ਹਾਂ।'' ਪਵਾਰ ਨੇ ਕਿਹਾ, ''ਜਦੋਂ ਇਹ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ ਤਾਂ ਉਦੋਂ ਕੁਝ ਤੱਥਾਂ ਨੂੰ ਨਜ਼ਰਅੰਦਾਜ਼ ਕਰਨਾ ਬਣਦਾ ਹੈ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਸਭ ਤੋਂ ਮਜ਼ਬੂਤ ਪਾਰਟੀ ਹੈ। ਠੀਕ ਉਸੇ ਵੇਲੇ ਖੇਤਰੀ ਪਾਰਟੀਆਂ ਵੀ ਆਪੋ ਆਪਣੇ ਸੂਬੇ ਵਿੱਚ ਮਜ਼ਬੂਤ ਹਨ।'' ਪਵਾਰ ਨੇ ਕਿਹਾ ਕਿ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਕਾਂਗਰਸ ਦੀ ਪੂਰੇ ਦੇਸ਼ ਵਿੱਚ ਮੌਜੂਦਗੀ ਹੈ। ਐੱਨਸੀਪੀ ਮੁਖੀ ਨੇ ਕਿਹਾ, ''ਤੁਹਾਨੂੰ ਹਰ ਪਿੰਡ, ਜ਼ਿਲ੍ਹੇ ਤੇ ਰਾਜ ਵਿੱਚ ਕਾਂਗਰਸੀ ਵਰਕਰ ਮਿਲਣਗੇ। ਅਸਲੀਅਤ ਇਹ ਹੈ ਕਿ ਭਾਜਪਾ ਦਾ ਬਦਲ ਮੁਹੱਈਆ ਕਰਵਾਉਣ ਮੌਕੇ ਕਾਂਗਰਸ, ਜਿਸ ਦੀ ਵਿਆਪਕ ਮੌਜੂਦਗੀ ਹੈ, ਨੂੰ ਨਾਲ ਲੈ ਕੇ ਤੁਰਨਾ ਹੀ ਹੋਵੇਗਾ।'' ਪਵਾਰ ਨੇ ਕਿਹਾ ਕਿ ਉਸਾਰੂ ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। -ਪੀਟੀਆਈ

'ਇੱਕ ਮੁੱਦੇ 'ਤੇ ਨਾ ਟਿਕਣਾ ਰਾਜ ਠਾਕਰੇ ਦੀ ਖਾਸੀਅਤ'

ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ 'ਤੇ 'ਜਾਤ ਆਧਾਰਿਤ ਸਿਆਸਤ' ਕਰਨ ਦੇ ਰਾਜ ਠਾਕਰੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਖਾਰਜ ਕਰਦਿਆਂ ਪਾਰਟੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਐੱਮਐੱਨਐੱਸ ਪ੍ਰਧਾਨ ਕਿਸੇ ਵੀ ਮੁੱਦੇ 'ਤੇ ਇੱਕ ਰਾਇ ਨਹੀਂ ਰੱਖਦੇ ਅਤੇ ਸਾਲ 'ਚ ਤਿੰਨ ਤੋਂ ਚਾਰ ਮਹੀਨੇ ਗਾਇਬ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਇੱਕ ਰੈਲੀ ਦੌਰਾਨ ਰਾਜ ਠਾਕਰੇ ਨੇ ਸ਼ਰਦ ਪਵਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ 'ਤੇ ਸਮੇਂ-ਸਮੇਂ 'ਤੇ ਜਾਤੀ ਆਧਾਰਿਤ ਪੱਤਾ ਖੇਡਣ ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਾਇਆ ਸੀ। ਪਵਾਰ ਨੇ ਕੋਲ੍ਹਾਪੁਰ 'ਚ ਪੱਤਰਕਾਰਾਂ ਨੂੰ ਕਿਹਾ, 'ਇਸ ਦੇ ਉਲਟ ਐੱਨਸੀਪੀ ਨੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇਕਜੁੱਟ ਕੀਤਾ ਹੈ। ਰਾਜ ਠਾਕਰੇ ਨੂੰ ਟਿੱਪਣੀ ਕਰਨ ਤੋਂ ਪਹਿਲਾਂ ਐੱਨਸੀਪੀ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ।' ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐੱਮਐੱਨਐੱਸ) ਮੁਖੀ 'ਤੇ ਤਨਜ਼ ਕਸਦਿਆਂ ਪਵਾਰ ਨੇ ਕਿਹਾ, 'ਰਾਜ ਠਾਕਰੇ ਤਿੰਨ ਤੋਂ ਚਾਰ ਮਹੀਨੇ ਸੁੱਤੇ ਰਹਿੰਦੇ ਹਨ ਤੇ ਅਚਾਨਕ ਭਾਸ਼ਣ ਦੇਣ ਲਈ ਜਾਗ ਜਾਂਦੇ ਹਨ। ਇਹ ਉਨ੍ਹਾਂ ਦੀ ਖਾਸੀਅਤ ਹੈ। ਮੈਨੂੰ ਨਹੀਂ ਪਤਾ ਕਿ ਉਹ ਇੰਨੇ ਮਹੀਨੇ ਤੱਕ ਕੀ ਕਰਦੇ ਹਨ।' ਪਵਾਰ ਨੇ ਕਿਹਾ ਕਿ ਰਾਜ ਠਾਕਰੇ ਕਈ ਗੱਲਾਂ ਕਹਿੰਦੇ ਹਨ ਪਰ ਕਿਸੇ 'ਤੇ ਟਿਕੇ ਨਹੀਂ ਰਹਿੰਦੇ। -ਪੀਟੀਆਈ



Most Read

2024-09-21 12:53:47