World >> The Tribune


ਚੀਨ ਦੇ ਸ਼ੰਘਾਈ ’ਚ ਕਰੋਨਾ ਕੇਸਾਂ ਦੀ ਗਿਣਤੀ ਵਧਣ ਲੱਗੀ


Link [2022-04-04 08:14:35]



ਪੇਈਚਿੰਗ, 3 ਅਪਰੈਲ

ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ 'ਚ ਕੋਵਿਡ-19 ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਲੱਖਾਂ ਲੋਕ ਲੌਕਡਾਊਨ ਕਾਰਨ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਸਿਹਤ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਲੰਘੇ 24 ਘੰਟਿਆਂ ਅੰਦਰ ਕਰੋਨਾ ਦੇ 438 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 7,788 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ 'ਚ ਲਾਗ ਦੇ ਲੱਛਣ ਨਹੀਂ ਹਨ। ਦੋਵਾਂ ਤਰ੍ਹਾਂ ਦੇ ਮਾਮਲੇ ਬੀਤੇ ਕੱਲ ਮੁਕਾਬਲੇ ਥੋੜੇ ਵੱਧ ਹਨ। ਦੂਜੇ ਪਾਸੇ ਉੱਤਰ-ਪੂਰਬੀ ਸੂਬੇ ਜਿਲਿਨ 'ਚ ਵੀ ਅੱਜ ਕਰੋਨਾ ਦੇ ਕੁੱਲ 4,455 ਨਵੇਂ ਕੇਸ ਸਾਹਮਣੇ ਆਏ ਹਨ। ਕਈ ਦੇਸ਼ਾਂ ਮੁਕਾਬਲੇ ਕੇਸਾਂ ਦੀ ਇਹ ਗਿਣਤੀ ਘੱਟ ਹੈ ਪਰ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ 2019 ਦੇ ਅੰਤ 'ਚ ਵੂਹਾਨ ਵਿੱਚ ਮਿਲੇ ਕੇਸਾਂ ਤੋਂ ਬਾਅਦ ਸਭ ਤੋਂ ਵੱਧ ਹੈ। ਸ਼ੰਘਾਈ ਵਿੱਚ 2.6 ਕਰੋੜ ਦੀ ਆਬਾਦੀ ਦੋ ਗੇੜਾਂ 'ਚ ਲੌਕਡਾਊਨ ਦਾ ਸਾਹਮਣਾ ਕਰ ਰਹੀ ਹੈ। ਪੂਰਬੀ ਪੋਡੌਂਗ ਖੇਤਰ ਦੇ ਲੋਕਾਂ ਨੂੰ ਆਉਂਦੇ ਸ਼ੁੱਕਰਵਾਰ ਨੂੰ ਘਰਾਂ ਤੋਂ ਨਿਕਲਣ ਦੀ ਇਜਾਜ਼ਤ ਦਿੱਤੀ ਜਾਣੀ ਹੈ ਜਦਕਿ ਪੱਛਮੀ ਪੁਸ਼ੀ ਖੇਤਰ 'ਚ ਚਾਰ ਦਿਨ ਲਈ ਲੌਕਡਾਊਨ ਲੱਗਾ ਹੋਇਆ ਹੈ। ਇੱਥੋਂ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਰੋਜ਼ਾਨਾ ਕੋਵਿਡ-19 ਦੀ ਜਾਂਚ ਕਰਨ, ਘਰਾਂ 'ਚ ਮਾਸਕ ਲਾਉਣ ਸਮੇਤ ਹੋ ਉਪਾਅ ਕਰਨ। ਵੂਹਾਨ 'ਚ 75 ਦਿਨ ਲਈ ਲੌਕਡਾਊਨ ਕੀਤਾ ਗਿਆ ਸੀ ਪਰ ਉੱਥੇ ਲੋਕਾਂ ਨੇ ਇਸ ਸਬੰਧੀ ਜ਼ਿਆਦਾ ਸ਼ਿਕਾਇਤ ਨਹੀਂ ਕੀਤੀ ਸੀ ਪਰ ਸ਼ੰਘਾਈ 'ਚ ਕਈ ਲੋਕ ਇਸ ਦੀ ਸ਼ਿਕਾਇਤ ਕਰ ਰਹੇ ਹਨ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਹਾਕਮ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਸੁਨ ਚੁਨਲੈਨ ਨੇ ਅਪੀਲ ਕੀਤੀ ਹੈ ਕਿ ਸ਼ੰਘਾਈ 'ਚ ਕੋਵਿਡ-19 ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕਦਮ ਚੁੱਕੇ ਜਾਣ। -ਪੀਟੀਆਈ



Most Read

2024-09-20 17:59:52