World >> The Tribune


ਖਾਲਿਸਤਾਨ ਦੇ ਪ੍ਰਚਾਰ ਦੇ ਦੋਸ਼ ਹੇਠ ਯੂਕੇ ਦੇ ਚੈਨਲ ਦਾ ਲਾਇਸੈਂਸ ਮੁਅੱਤਲ


Link [2022-04-04 03:56:08]



ਲੰਡਨ, 2 ਅਪਰੈਲ

ਯੂਕੇ ਦੇ ਮੀਡੀਆ ਉਤੇ ਨਿਗਰਾਨੀ ਰੱਖਣ ਵਾਲੀ ਅਥਾਰਿਟੀ ਨੇ 'ਖਾਲਸਾ ਟੈਲੀਵਿਜ਼ਨ ਲਿਮਟਿਡ' ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਚੈਨਲ ਖ਼ਿਲਾਫ਼ ਕੀਤੀ ਜਾ ਰਹੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 'ਕੇਟੀਵੀ' ਖਾਲਿਸਤਾਨ ਦਾ ਪ੍ਰਚਾਰ ਕਰ ਰਿਹਾ ਸੀ ਤੇ ਇਸ ਨੇ ਪ੍ਰਸਾਰਨ ਨਿਯਮਾਂ ਦੀ ਉਲੰਘਣਾ ਕੀਤੀ ਹੈ। 'ਆਫਿਸ ਆਫ਼ ਕਮਿਊਨੀਕੇਸ਼ਨਜ਼' (ਆਫਕਾਮ) ਨੇ ਇਸ ਬਾਰੇ ਫ਼ੈਸਲਾ ਇਸੇ ਹਫ਼ਤੇ ਲਿਆ ਸੀ। 'ਕੇਟੀਵੀ' ਉਤੇ ਪਿਛਲੇ ਸਾਲ 30 ਦਸੰਬਰ ਨੂੰ ਪ੍ਰਸਾਰਿਤ ਹੋਏ ਇਕ ਪ੍ਰੋਗਰਾਮ ਤੋਂ ਬਾਅਦ ਆਫਕਾਮ ਨੇ ਚੈਨਲ ਨੂੰ ਨੋਟਿਸ ਜਾਰੀ ਕੀਤਾ ਸੀ। ਨੋਟਿਸ ਵਿਚ ਚੈਨਲ 'ਤੇ ਪ੍ਰਸਾਰਨ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲਾਇਆ ਗਿਆ ਸੀ। ਇਸ ਵਿਚ ਦਰਜ ਕੀਤਾ ਗਿਆ ਸੀ ਕਿ ਚੈਨਲ ਨੇ ਅਜਿਹਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਹੈ ਜਿਸ ਦਾ ਇਰਾਦਾ 'ਅਪਰਾਧ ਕਰਨ ਲਈ ਜਾਂ ਵਿਵਸਥਾ 'ਚ ਗੜਬੜ ਪੈਦਾ ਕਰਨ ਲਈ ਉਕਸਾਉਣਾ ਸੀ।' ਚੈਨਲ ਉਤੇ 30 ਦਸੰਬਰ ਨੂੰ 95 ਮਿੰਟ ਦਾ ਲਾਈਵ ਪ੍ਰੋਗਰਾਮ ਕੀਤਾ ਗਿਆ ਸੀ ਤੇ ਆਫਕਾਮ ਨੇ ਇਸ ਨੂੰ ਹਿੰਸਾ ਭੜਕਾਉਣ ਵਾਲਾ ਕਰਾਰ ਦਿੱਤਾ ਹੈ। ਪ੍ਰਸਾਰਨ ਰੈਗੂਲੇਟਰ ਆਫਕਾਮ ਨੇ ਕਿਹਾ ਕਿ ਪ੍ਰੋਗਰਾਮ ਦੇ ਪੇਸ਼ਕਾਰ ਨੇ ਪੂਰੇ ਪ੍ਰੋਗਰਾਮ ਵਿਚ ਇਸ ਤਰ੍ਹਾਂ ਦੀਆਂ ਕਈ ਟਿੱਪਣੀਆਂ ਕੀਤੀਆਂ ਜੋ ਕਿ ਖਾਲਿਸਤਾਨ ਦੇ ਮਕਸਦ ਲਈ ਹਿੰਸਾ, ਹੱਤਿਆ ਤੇ ਹੋਰ ਕਦਮਾਂ ਨੂੰ ਜਾਇਜ਼ ਠਹਿਰਾ ਰਹੀਆਂ ਸਨ। ਆਫਕਾਮ ਨੇ ਖਾਲਸਾ ਟੀਵੀ ਦੇ ਲਾਇਸੈਂਸ ਉਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਚੈਨਲ ਕੋਲ ਹੁਣ ਅਪੀਲ ਲਈ 21 ਦਿਨ ਹਨ। ਇਸ ਤੋਂ ਬਾਅਦ ਆਫਕਾਮ ਲਾਇਸੈਂਸ ਬਹਾਲ ਕਰਨ ਜਾਂ ਨਾ ਕਰਨ ਬਾਰੇ ਫ਼ੈਸਲਾ ਲਏਗਾ। 'ਕੇਟੀਵੀ' ਯੂਕੇ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਲਈ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਨੋਟਿਸ ਮਿਲਣ ਤੋਂ ਬਾਅਦ ਚੈਨਲ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਪ੍ਰਸਾਰਿਤ ਪ੍ਰੋਗਰਾਮ ਵਿਚ ਹਿੰਸਕ ਕਾਰਵਾਈ ਦਾ ਸੱਦਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਆਫਕਾਮ ਨੂੰ 'ਗਲਤਫ਼ਹਿਮੀ ਹੋਈ ਹੈ'। -ਪੀਟੀਆਈ



Most Read

2024-09-20 17:52:26