Sport >> The Tribune


ਧਮੋਟ ਦੰਗਲ: ਛੋਟੀ ਝੰਡੀ ਦੀ ਕੁਸ਼ਤੀ ਸੋਨੂੰ ਜੰਮੂ ਨੇ ਜਿੱਤੀ


Link [2022-04-03 08:53:39]



ਦੇਵਿੰਦਰ ਸਿੰਘ ਜੱਗੀ

ਪਾਇਲ, 2 ਅਪਰੈਲ

ਨੇੜਲੇ ਪਿੰਡ ਧਮੋਟ ਖੁਰਦ ਵਿੱਚ ਬਾਬਾ ਰਾਘੋ ਰਾਮ ਦੀ ਸਾਲਾਨਾ ਬਰਸੀ 'ਤੇ ਡੇਰਾ ਰਾਮਸਰ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵਾਸੀਆਂ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਦੰਗਲ ਮੇਲਾ ਕਰਵਾਇਆ ਗਿਆ। ਇਸ ਦੰਗਲ ਮੇਲੇ ਵਿੱਚ 6 ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਵੱਡੀ ਝੰਡੀ ਦੀ ਕੁਸ਼ਤੀ ਬਾਜ ਰੌਣੀ ਅਤੇ ਮੇਜਰ ਲੀਲਾ ਵਿੱਚ ਡੇਰਾ ਰਾਮਸਰ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕਰਵਾਈ ਗਈ, ਜੋ ਪੂਰੇ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰਹੀ। ਛੋਟੀ 5100 ਦੀ ਝੰਡੀ ਦੀ ਕੁਸ਼ਤੀ ਸੋਨੂੰ ਜੰਮੂ ਨੇ ਜੱਸਾ ਉਟਾਲਾਂ ਦੀ ਪਿੱਠ ਲਾ ਕੇ ਜਿੱਤੀ। 7100 ਰੁਪਏ ਦੀ ਝੰਡੀ ਦੀ ਕੁਸ਼ਤੀ ਅਜੇ ਦੋਰਾਹਾ ਤੇ ਬਲਜੀਤ ਸਮਾਣਾ ਵਿਚਕਾਰ ਪੂਰੇ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰਹੀ। ਇਸ ਦੰਗਲ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਪ੍ਰਧਾਨ ਗੁਰਮੀਤ ਸਿੰਘ, ਸਰਪੰਚ ਰਮਨਪਾਲ ਸਿੰਘ, ਆੜਤੀ ਕੁਲਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਪੰਚ, ਸੁਖਵੀਰ ਸਿੰਘ ਤੇ ਹੋਰਾਂ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ।

ਪਟਕੇ ਦੀ ਕੁਸ਼ਤੀ ਕਮਲਪ੍ਰੀਤ ਤੇ ਹਰਮਨ 'ਚ ਬਰਾਬਰ

ਜਗਰਾਉਂ (ਜਸਬੀਰ ਸ਼ੇਤਰਾ): ਨੇੜਲੇ ਪਿੰਡ ਅਖਾੜਾ ਦੇ ਇਤਿਹਾਸਕ ਗੁਰਦੁਆਰਾ ਕੈਮਾਂ ਵਾਲੀ ਢਾਬ ਦਾ ਸਾਲਾਨਾ ਜੋੜ ਮੇਲਾ ਗਰਾਮ ਪੰਚਾਇਤ ਤੇ ਗੁਰਦੁਆਰਾ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਪਟਕੇ ਦੀ ਪਹਿਲੀ ਕੁਸ਼ਤੀ 'ਚ ਕਮਲਪ੍ਰੀਤ ਅੰਮ੍ਰਿਤਸਰ ਤੇ ਹਰਮਨ ਆਲਮਗੀਰ ਵਿਚਾਲੇ ਫਸਵਾਂ ਮੁਕਾਬਲਾ ਹੋਇਆ। ਇਸ 'ਚ ਭਾਰੀ ਜ਼ੋਰ ਅਜ਼ਮਾਈ ਤੋਂ ਬਾਅਦ ਦੋਹਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦਿੱਤਾ ਗਿਆ। ਪਹਿਲੇ ਪਟਕੇ ਦੀ ਕੁਸ਼ਤੀ 'ਚ 71 ਹਜ਼ਾਰ ਦੀ ਨਕਦ ਰਾਸ਼ੀ ਦੋਵਾਂ ਜੇਤੂਆਂ 'ਚ ਤਕਸੀਮ ਕੀਤੀ ਗਈ। ਦੂਜੇ ਪਟਕੇ ਦੀ ਕੁਸ਼ਤੀ 'ਚ ਮਨਪ੍ਰੀਤ ਸਿੰਘ ਅੰਮ੍ਰਿਤਸਰ ਨੇ ਕਰਨ ਫਿਰੋਜ਼ਪੁਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਤੀਜੇ ਪਟਕੇ ਦੀ ਕੁਸ਼ਤੀ 'ਚ ਰਵੀ ਵੇਰਾ ਜੇਤੂ ਰਿਹਾ।

ਪਹਿਲੀ ਝੰਡੀ ਦੀ ਕੁਸ਼ਤੀ ਆਲਮਗੀਰ ਤੇ ਮੇਜਰ ਨੇ ਜਿੱਤੀ

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਧਾਲੀਆਂ ਵਿੱਚ ਸਾਲਾਨਾ ਜੋੜ ਮੇਲੇ ਦੇ ਅਖੀਰਲੇ ਦਿਨ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ 'ਚ 36 ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਪਹਿਲੀ ਝੰਡੀ ਦੀ ਕੁਸ਼ਤੀ ਪਹਿਲਵਾਨ ਹਰਮਨਪ੍ਰੀਤ ਆਲਮਗੀਰ ਅਤੇ ਮੇਜਰ ਸਿੰਘ ਲੀਲ ਵਿਚਕਾਰ ਹੋਈ, ਜਿਸ ਵਿੱਚ ਦੋਵੇਂ ਪਹਿਲਵਾਨ ਬਰਾਬਰ ਰਹੇ। ਦੂਸਰੀ ਝੰਡੀ ਦੀ ਕੁਸ਼ਤੀ ਮੁਕਾਬਲੇ 'ਚ ਪਹਿਲਵਾਨ ਰਣਜੀਤ ਲੀਲ ਨੇ ਚੰਦਨ ਨੂੰ ਚਿੱਤ ਕੀਤਾ। ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਸਾਬਕਾ ਸਰਪੰਚ ਧਰਮਪਾਲ ਸਿੰਘ, ਬਾਬਾ ਜਸਵੰਤ ਸਿੰਘ ਧਾਲੀਆਂ ਤੇ ਪਤਵੰਤਿਆਂ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।



Most Read

2024-09-20 05:41:18