World >> The Tribune


ਰੂਸ ਨੇ ਕੇਂਦਰੀ ਯੂਕਰੇਨ ਦੇ ਦੋ ਸ਼ਹਿਰਾਂ ’ਤੇ ਮਿਜ਼ਾਈਲਾਂ ਦਾਗ਼ੀਆਂ


Link [2022-04-03 08:33:49]



ਲਵੀਵ, 2 ਅਪਰੈਲ

ਰੂਸ ਨੇ ਅੱਜ ਕੇਂਦਰੀ ਯੂਕਰੇਨ ਦੇ ਦੋ ਸ਼ਹਿਰਾਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਹਮਲੇ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪੁੱਜਾ। ਇਹ ਹਮਲੇ ਅੱਧੀ ਰਾਤ ਨੂੰ ਕੀਤੇ ਗਏ ਹਨ। ਜਿਨ੍ਹਾਂ ਦੋ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿੱਚ ਕੀਵ ਦੇ ਪੂਰਬ ਵਿੱਚ ਪੋਲਟਾਵਾ ਸਿਟੀ ਤੇ ਕਰੇਮੇਨਚੁੱਕ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਅਜੇ ਕੋਈ ਖ਼ਬਰ ਨਹੀਂ ਹੈ। ਇਕ ਯੂਕਰੇਨੀ ਅਧਿਕਾਰੀ ਨੇ ਕਾਲਾ ਸਾਗਰ ਦੇ ਨਾਲ ਓਡੈੱਸਾ ਖਿੱਤੇ ਵਿੱਚ ਰੂਸ ਵੱਲੋਂ ਘੱਟੋ-ਘੱਟ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦਾ ਦਾਅਵਾ ਕੀਤਾ ਹੈ। ਮੁਕਾਮੀ ਆਗੂ ਨੇ ਕਿਹਾ ਕਿ ਮਿਜ਼ਾਈਲਾਂ ਰੂਸ ਦੇ ਕਬਜ਼ੇ ਵਾਲੇ ਕ੍ਰਿਮੀਅਨ ਪ੍ਰਾਇਦੀਪ ਤੋਂ ਛੱਡੀਆਂ ਗਈਆਂ ਸਨ। ਉਧਰ ਰੂਸ ਨੇ ਆਮ ਲੋਕਾਂ ਦੀ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ। ਇਧਰ ਯੂਕਰੇਨ ਨੇ ਪਰਮਾਣੂ ਪਲਾਂਟ ਚਰਨੋਬਲ 'ਤੇ ਕਬਜ਼ੇ ਤੋਂ ਇਕ ਦਿਨ ਮਗਰੋਂ ਪਲਾਂਟ 'ਤੇ ਮੁਲਕ ਦਾ ਝੰਡਾ ਲਹਿਰਾ ਦਿੱਤਾ ਹੈ। ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਜਿੱਥੋਂ ਵੀ ਲੰਘੀਆਂ ਹਨ, ਪਿੱਛੇ 'ਤਬਾਹੀ ਦਾ ਮੰਜ਼ਰ' ਛੱਡ ਗਈਆਂ ਹਨ। ਉਨ੍ਹਾਂ ਯੂਕਰੇਨੀ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਕਿ ਰੂਸ ਵੱਲੋਂ ਅਜੇ ਹੋਰ ਗੋਲਾਬਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਆਮ ਵਾਂਗ ਜਿਊਣ ਤੋਂ ਪਹਿਲਾਂ ਇਹ ਯਕੀਨੀ ਕਰ ਲੈਣ ਕਿ ਸਬੰਧਤ ਥਾਵਾਂ 'ਤੇ ਕਈ ਬਾਰੂਦੀ ਸੁਰੰਗ ਨਾ ਹੋਵੇ।

ਇਸ ਦੌਰਾਨ ਯੂਕਰੇਨੀ ਫੌਜਾਂ ਨੇ ਰਾਜਧਾਨੀ ਕੀਵ ਤੋਂ ਪੂਰਬ ਵਿੱਚ 20 ਕਿਲੋਮੀਟਰ ਦੀ ਦੂਰੀ 'ਤੇ ਵਸੇ ਸ਼ਹਿਰ ਬ੍ਰੋਵੇਰੀ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਬ੍ਰੋਵੇਰੀ ਦੇ ਮੇਅਰ ਨੇ ਲੰਘੀ ਸ਼ਾਮ ਟੈਲੀਵਿਜ਼ਨ 'ਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰੂਸੀ ਫੌਜਾਂ ਬ੍ਰੋਵੇਰੀ ਜ਼ਿਲ੍ਹੇ ਵਿੱਚੋਂ ਅਮਲੀ ਰੂਪ ਵਿਚ ਨਿਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਬ੍ਰੋਵੇਰੀ ਦੇ ਕਈ ਵਸਨੀਕ ਪਹਿਲਾਂ ਹੀ ਸ਼ਹਿਰ ਵਿੱਚ ਪਰਤ ਆਏ ਹਨ ਤੇ ਦੁਕਾਨਾਂ ਤੇ ਹੋਰ ਕਾਰੋਬਾਰ ਮੁੜ ਖੁੱਲ੍ਹਣ ਲੱਗੇ ਹਨ। ਉਧਰ ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਉਹ ਯੂਕਰੇਨੀ ਫੌਜਾਂ ਨੂੰ ਰੂਸ ਦੇ ਟਾਕਰੇ ਲਈ 300 ਮਿਲੀਅਨ ਡਾਲਰ ਦਾ ਫੌਜੀ ਸਾਜ਼ੋ-ਸਾਮਾਨ ਮੁਹੱਈਆ ਕਰ ਰਿਹਾ ਹੈ। -ਰਾਇਟਰਜ਼/ਏਪੀ

ਰੂਸ-ਯੂਕਰੇਨ ਜੰਗ ਰੋਕਣ ਲਈ ਬਾਇਡਨ ਨੂੰ ਸੁਝਾਅ

ਪੇਈਚਿੰਗ: ਚੀਨੀ ਵਿਦੇਸ਼ ਮੰਤਰਾਲੇ ਵਿੱਚ ਯੂਰੋਪੀਨ ਮਾਮਲਿਆਂ ਦੇ ਡਾਇਰੈਕਟਰ ਜਨਰਲ ਵੈਂਗ ਲੁਟੌਂਗ ਨੇ ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਨੂੰ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਦਖ਼ਲ ਦੇਣ ਦਾ ਸੁਝਾਅ ਦਿੱਤਾ ਹੈ। ਚੀਨੀ ਕੂਟਨੀਤਕ ਨੇ ਕਿਹਾ ਕਿ ਬਾਇਡਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਫੋਨ ਕਰਕੇ ਵਾਅਦਾ ਕਰਨ ਕਿ ਉਹ ਨਾਟੋ ਦਾ ਹੋਰ ਵਿਸਥਾਰ ਨਹੀਂ ਕਰਨਗੇ ਤੇ ਯੂਕਰੇਨ ਵਿੱਚ ਯੁੱਧਨੀਤਕ ਹਥਿਆਰਾਂ ਦੀ ਤਾਇਨਾਤੀ ਨਹੀਂ ਕੀਤੀ ਜਾਵੇਗੀ ਤੇ ਯੂਕਰੇਨ ਪੂਰੀ ਤਰ੍ਹਾਂ ਨਿਰਪੱਖ ਰਹੇਗਾ। ਲੁਟੌਂਗ ਨੇ ਕਿਹਾ ਕਿ ਬਾਇਡਨ ਜੇਕਰ ਸੁਝਾਅ ਮੰਨ ਲੈਣ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ। -ਪੀਟੀਆਈ



Most Read

2024-09-20 17:48:37