World >> The Tribune


ਇਮਰਾਨ ਦੇ ਭਵਿੱਖ ਦਾ ਫ਼ੈਸਲਾ ਅੱਜ


Link [2022-04-03 08:33:49]



ਇਸਲਾਮਾਬਾਦ: ਕ੍ਰਿਕਟ ਤੋਂ ਸਿਆਸਤ 'ਚ ਆਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਸੰਸਦ 'ਚ ਬੇਭਰੋਸਗੀ ਦੇ ਮਤੇ 'ਤੇ ਭਲਕੇ ਵੋਟਿੰਗ ਹੋਵੇਗੀ। ਇਸ ਨਾਲ ਉਨ੍ਹਾਂ ਦੇ ਭਵਿੱਖ ਦਾ ਫ਼ੈਸਲਾ ਹੋ ਜਾਵੇਗਾ। ਇਮਰਾਨ ਨੇ ਮਤੇ 'ਤੇ ਵੋਟਿੰਗ ਦੌਰਾਨ ਭਾਵੇਂ 'ਇਨਸਵਿੰਗ ਯੌਰਕਰ ਗੇਂਦ ਸੁੱਟਣ' ਦਾ ਵਾਅਦਾ ਕੀਤਾ ਹੈ ਪਰ ਬਹੁਮਤ ਦੇ ਮਾਮਲੇ 'ਚ ਵਿਰੋਧੀ ਧਿਰ ਅੱਗੇ ਨਿਕਲ ਗਈ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਸੰਸਦ ਮੈਂਬਰ ਇਮਰਾਨ ਦਾ ਸਾਥ ਛੱਡ ਗਏ ਹਨ ਜਦਕਿ ਦੋ ਭਾਈਵਾਲ ਪਾਰਟੀਆਂ ਨੇ ਹਮਾਇਤ ਵਾਪਸ ਲੈਂਦਿਆਂ ਵਿਰੋਧੀ ਧਿਰ ਨਾਲ ਹੱਥ ਮਿਲਾ ਲਏ ਹਨ। ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਵੱਲੋਂ ਪੇਸ਼ ਬੇਭਰੋਸਗੀ ਦੇ ਮਤੇ 'ਤੇ ਐਤਵਾਰ ਨੂੰ ਨੈਸ਼ਨਲ ਅਸੈਂਬਲੀ 'ਚ ਵੋਟਿੰਗ ਹੋਣ ਦੀ ਸੰਭਾਵਨਾ ਹੈ। ਇਮਰਾਨ ਨੂੰ ਸਰਕਾਰ ਬਚਾਉਣ ਲਈ 342 'ਚੋਂ 172 ਵੋਟਾਂ ਦੀ ਲੋੜ ਹੈ ਜਦਕਿ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 175 ਮੈਂਬਰਾਂ ਦੀ ਹਮਾਇਤ ਹਾਸਲ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਮਰਾਨ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ 'ਆਖਰੀ ਗੇਂਦ ਤੱਕ ਲੜਨਗੇ।' ਏਆਰਆਈ ਨਿਊਜ਼ ਨਾਲ ਇੰਟਰਵਿਊ ਦੌਰਾਨ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਕਿ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਬੇਭਰੋਸਗੀ ਦੇ ਵੋਟ ਦਾ ਸਾਹਮਣਾ ਕਰਨ, ਛੇਤੀ ਚੋਣਾਂ ਕਰਾਉਣ ਜਾਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਤਿੰਨ ਰਾਹ ਦਿੱਤੇ ਹਨ। ਉਨ੍ਹਾਂ ਕਿਹਾ,''ਮੇਰੇ ਮੁਤਾਬਕ ਛੇਤੀ ਚੋਣਾਂ ਕਰਾਉਣਾ ਬਿਹਤਰੀਨ ਬਦਲ ਹੈ। ਮੈਂ ਅਸਤੀਫ਼ਾ ਦੇਣ ਬਾਰੇ ਨਹੀਂ ਸੋਚ ਸਕਦਾ ਹਾਂ। ਬੇਭਰੋਸਗੀ ਦੇ ਮਤੇ ਬਾਰੇ ਮੈਂ ਮੰਨਦਾ ਹਾਂ ਕਿ ਮੈਂ ਆਖਰੀ ਮਿੰਟ ਤੱਕ ਲੜਾਂਗਾ।'' ਉਧਰ ਸੂਤਰਾਂ ਮੁਤਾਬਕ ਸਰਕਾਰ ਅਤੇ ਸਾਂਝੀ ਵਿਰੋਧੀ ਧਿਰ ਵਿਚਕਾਰ ਅੰਦਰਖਾਤੇ ਗੱਲਬਾਤ ਚੱਲ ਰਹੀ ਹੈ। ਜੇਕਰ ਵਿਰੋਧੀ ਧਿਰ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਵਾਪਸ ਲੈ ਲੈਂਦੀ ਹੈ ਤਾਂ ਇਸ ਦੇ ਇਵਜ਼ 'ਚ ਨੈਸ਼ਨਲ ਅਸੈਂਬਲੀ ਭੰਗ ਕਰਕੇ ਫੌਰੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਉਂਜ ਇਮਰਾਨ ਨੇ ਵਿਰੋਧੀ ਧਿਰ 'ਤੇ ਵਿਦੇਸ਼ੀ ਹੱਥਾਂ 'ਚ ਖੇਡਣ ਦਾ ਦੋਸ਼ ਲਾਇਆ ਹੈ। -ਪੀਟੀਆਈ



Most Read

2024-09-20 17:57:21