World >> The Tribune


ਸ੍ਰੀਲੰਕਾ ’ਚ ਵਿੱਤੀ ਸੰਕਟ ਵਧਿਆ, ਐਮਰਜੈਂਸੀ ਲਾਗੂ


Link [2022-04-03 08:33:49]



ਮੁੱਖ ਅੰਸ਼

ਪੁਲੀਸ ਕਿਸੇ ਨੂੰ ਵੀ ਗ਼ੈਰਕਾਨੂੰਨੀ ਇਕੱਠ ਕਰਨ 'ਤੇ ਕਰ ਸਕਦੀ ਹੈ ਗ੍ਰਿਫ਼ਤਾਰ ਪੂਰੇ ਮੁਲਕ 'ਚ ਸਰਕਾਰ ਖ਼ਿਲਾਫ਼ ਮੁਜ਼ਾਹਰੇ ਦੇਸ਼ ਵਿਚ ਲੰਮੇ ਬਿਜਲੀ ਕੱਟ ਤੇ ਜ਼ਰੂਰੀ ਚੀਜ਼ਾਂ ਦੀ ਕਿੱਲਤ

ਕੋਲੰਬੋ, 2 ਅਪਰੈਲ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਮੁਲਕ ਵਿਚ ਡੂੰਘੇ ਹੋਏ ਆਰਥਿਕ ਸੰਕਟ ਦੇ ਮੱਦੇਨਜ਼ਰ ਐਮਰਜੈਂਸੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਚ ਥਾਂ-ਥਾਂ ਰੋਸ ਮੁਜ਼ਾਹਰੇ ਹੋ ਰਹੇ ਹਨ। ਰਾਸ਼ਟਰਪਤੀ ਦੇ ਘਰ ਦੇ ਬਾਹਰ ਵੀ ਲੋਕਾਂ ਨੇ ਰੋਸ ਜ਼ਾਹਿਰ ਕੀਤਾ ਹੈ। ਸ਼ੁੱਕਰਵਾਰ ਰਾਤ ਰਾਸ਼ਟਰਪਤੀ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਪਹਿਲੀ ਅਪਰੈਲ ਤੋਂ ਤੁਰੰਤ ਪ੍ਰਭਾਵ ਨਾਲ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਐਮਰਜੈਂਸੀ ਲਾਉਣ ਦਾ ਮਕਸਦ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਇਹ ਜਨਤਕ ਵਿਵਸਥਾ ਬਣਾਏ ਰੱਖਣ ਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਲਾਈ ਗਈ ਹੈ। ਮੁਜ਼ਾਹਰਾਕਾਰੀ ਦੋਸ਼ ਲਾ ਰਹੇ ਹਨ ਕਿ ਸਰਕਾਰ ਨੇ ਵਿੱਤੀ ਸੰਕਟ ਦਾ ਸਹੀ ਢੰਗ ਨਾਲ ਸਾਹਮਣਾ ਨਹੀਂ ਕੀਤਾ। ਦੱਸਣਯੋਗ ਹੈ ਕਿ ਸ੍ਰੀਲੰਕਾ ਵਿਚ ਲੰਮੇ ਬਿਜਲੀ ਕੱਟ ਲੱਗ ਰਹੇ ਹਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਪੈਦਾ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਲੱਗਣ ਦੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਸੰਵਿਧਾਨ ਵੱਲੋਂ ਯਕੀਨੀ ਬਣਾਏ ਗਏ ਬੁਨਿਆਦੀ ਹੱਕਾਂ ਵਿਚ ਅੜਿੱਕਾ ਪੈ ਸਕਦਾ ਹੈ। ਵਕੀਲਾਂ ਮੁਤਾਬਕ ਹੁਣ ਪੁਲੀਸ ਕਿਸੇ ਨੂੰ ਵੀ ਗ਼ੈਰਕਾਨੂੰਨੀ ਇਕੱਠ ਕਰਨ 'ਤੇ ਗ੍ਰਿਫ਼ਤਾਰ ਕਰ ਸਕਦੀ ਹੈ। ਐਮਰਜੈਂਸੀ ਨੂੰ ਸੰਸਦ ਹਰ 30 ਦਿਨ ਬਾਅਦ ਮਨਜ਼ੂਰ ਕਰੇਗੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਜਪਕਸੇ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ 54 ਜਣਿਆਂ ਨੂੰ ਪੁਲੀਸ ਨੇ ਵੀਰਵਾਰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਵਿਚੋਂ 21 ਨੂੰ ਜ਼ਮਾਨਤ ਮਿਲ ਗਈ ਹੈ। 27 ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਹਸਪਤਾਲ ਦਾਖਲ ਹਨ। ਵੇਰਵਿਆਂ ਮੁਤਾਬਕ ਵੀਰਵਾਰ ਪੁਲੀਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਹਿੰਸਕ ਟਕਰਾਅ ਹੋਇਆ ਸੀ ਤੇ ਪੁਲੀਸ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ। -ਪੀਟੀਆਈ

ਸਾਬਕਾ ਰਾਸ਼ਟਰਪਤੀ ਵੱਲੋਂ ਗੋਟਬਾਯਾ ਨੂੰ ਸਰਬ ਪਾਰਟੀ ਸਰਕਾਰ ਦੇ ਗਠਨ ਦਾ ਸੱਦਾ

ਸੱਤਾਧਾਰੀ ਗੱਠਜੋੜ ਦਾ ਹਿੱਸਾ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮੈਤਰੀਪਲਾ ਸਿਰੀਸੇਨਾ ਦੀ 'ਫਰੀਡਮ ਪਾਰਟੀ' ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੂੰ ਸਰਬ ਪਾਰਟੀ ਸਰਕਾਰ ਦੇ ਗਠਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਵਿੱਤੀ ਸੰਕਟ ਤੋਂ ਨਿਕਲਣ ਵਿਚ ਸਹਾਈ ਹੋਵੇਗਾ। ਸਿਰੀਸੇਨਾ ਨੇ ਕਿਹਾ ਕਿ ਜੇ ਗੋਟਬਾਯਾ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਹ ਗੱਠਜੋੜ ਛੱਡ ਵੀ ਸਕਦੇ ਹਨ। ਫਰੀਡਮ ਪਾਰਟੀ ਦੇ ਸੰਸਦ ਵਿਚ 14 ਮੈਂਬਰ ਹਨ ਤੇ ਸੱਤਾਧਾਰੀ ਗੱਠਜੋੜ ਵਿਚ 11 ਪਾਰਟੀਆਂ ਹਨ।

ਭਾਰਤ ਨੇ 40 ਹਜ਼ਾਰ ਟਨ ਡੀਜ਼ਲ ਸ੍ਰੀਲੰਕਾ ਭੇਜਿਆ

ਕੋਲੰਬੋ: ਭਾਰਤ ਤੋਂ 40 ਹਜ਼ਾਰ ਮੀਟਰਿਕ ਟਨ ਡੀਜ਼ਲ ਦੀ ਖੇਪ ਅੱਜ ਸ੍ਰੀਲੰਕਾ ਪੁੱਜ ਗਈ ਹੈ। ਬਿਜਲੀ ਕੱਟਾਂ ਨਾਲ ਜੂਝ ਰਹੇ ਟਾਪੂਨੁਮਾ ਮੁਲਕ ਨੂੰ ਨਵੀਂ ਦਿੱਲੀ ਵੱਲੋਂ ਭੇਜੀ ਇਹ ਡੀਜ਼ਲ ਦੀ ਚੌਥੀ ਖੇਪ ਹੈ। ਸਿਲੋਨ ਇਲੈਕਟ੍ਰੀਸਿਟੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਵੱਲੋਂ ਭੇਜੀ ਡੀਜ਼ਲ ਸਪਲਾਈ ਨਾਲ ਮੌਜੂਦਾ ਬਿਜਲੀ ਕੱਟਾਂ ਵਿੱਚ ਕੁਝ ਰਾਹਤ ਮਿਲੇਗੀ। ਵੀਰਵਾਰ ਨੂੰ ਮੁਲਕ ਵਿੱਚ 13 ਘੰਟੇ ਦਾ ਕੱਟ ਲੱਗਾ ਸੀ, ਜੋ 1996 ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਤਿੰਨ ਰੋਜ਼ਾ ਹੜਤਾਲ ਮਗਰੋਂ ਸਭ ਤੋਂ ਵੱਡਾ ਬਿਜਲੀ ਕੱਟ ਹੈ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਸ੍ਰੀਲੰਕਾ ਨੂੰ 40 ਹਜ਼ਾਰ ਮੀਟਰਿਕ ਟਨ ਡੀਜ਼ਲ ਦੀ ਇਕ ਹੋਰ ਖੇਪ ਭੇਜਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ



Most Read

2024-09-20 17:56:40