Breaking News >> News >> The Tribune


ਵਧ ਰਹੀ ਮਹਿੰਗਾਈ ਦਾ ਅਸਰ ਹਰ ਘਰ ’ਤੇ: ਕਾਂਗਰਸ


Link [2022-04-03 07:53:37]



ਨਵੀਂ ਦਿੱਲੀ, 2 ਅਪਰੈਲ

ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸਰਕਾਰ ਵੱਲੋਂ ਨਵੇਂ ਮਾਲੀ ਵਰ੍ਹੇ 'ਚ ਆਮ ਲੋਕਾਂ 'ਤੇ 1.25 ਲੱਖ ਕਰੋੜ ਰੁਪਏ ਦੇ ਵਾਧੂ ਟੈਕਸਾਂ ਦਾ ਬੋਝ ਪਾਇਆ ਗਿਆ ਹੈ। ਉਨ੍ਹਾਂ ਵਧ ਰਹੀ ਮਹਿੰਗਾਈ ਨੂੰ ਹਰੇਕ ਵਿਅਕਤੀ ਦੀ ਰੋਜ਼ੀ-ਰੋਟੀ ਨੂੰ ਸਭ ਤੋਂ ਵੱਡੀ ਚੁਣੌਤੀ ਦੱਸਿਆ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸਰਕਾਰ ਖ਼ਿਲਾਫ਼ ਵਰ੍ਹਦਿਆਂ ਕਿਹਾ,''ਚੋਣਾਂ 'ਚ ਜਿੱਤ ਨਾਲ ਲੁੱਟ ਦਾ ਲਾਇਸੈਂਸ ਨਵਾਂ ਮੰਤਰ ਹੈ।

ਮੋਦੀ ਸਰਕਾਰ ਦੀ ਰਿਕਾਰਡ ਤੋੜ ਮਹਿੰਗਾਈ ਨੇ ਦੇਸ਼ ਦੇ ਹਰੇਕ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।'' ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਸਰਕਾਰ ਡੀਏਪੀ ਖਾਦ ਦੀ ਕੀਮਤ 150 ਰੁਪਏ ਬੈਗ ਵਧਾ ਕੇ 62 ਕਰੋੜ ਕਿਸਾਨਾਂ 'ਤੇ ਟੈਕਸ ਲਗਾ ਰਹੀ ਹੈ। 'ਮੋਦੀ ਸਰਕਾਰ ਡੀਏਪੀ ਦੀ ਕੀਮਤ 1200 ਤੋਂ ਵਧਾ ਕੇ 1350 ਰੁਪਏ ਪ੍ਰਤੀ ਬੈਗ ਕਰਕੇ ਅੰਨਦਾਤਿਆਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਕਿਸਾਨਾਂ 'ਤੇ ਬੋਝ ਪਾ ਕੇ 3600 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਤਰ ਕੀਤਾ ਜਾ ਰਿਹਾ ਹੈ।'

ਉਨ੍ਹਾਂ ਕਿਹਾ ਕਿ ਐੱਨਪੀਕੇਐੱਸ ਦੀ ਕੀਮਤ ਵੀ 110 ਰੁਪਏ ਪ੍ਰਤੀ ਬੈਗ ਵਧਾ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ 'ਤੇ 3740 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਰੋਜ਼ ਪੈਟਰੋਲ-ਡੀਜ਼ਲ ਦੀ ਕੀਮਤ ਵਧਾ ਕੇ ਲੋਕਾਂ ਨੂੰ 'ਗੁੱਡ ਮੌਰਨਿੰਗ ਗਿਫ਼ਟ' ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਹਕੂਮਤ 'ਚ ਅਜਿਹੀ ਕੋਈ ਵਸਤੂ ਨਹੀਂ ਹੈ ਜਿਸ ਦੀ ਕੀਮਤ ਨਾ ਵਧਾਈ ਗਈ ਹੋਵੇ। -ਪੀਟੀਆਈ

ਜਾਂਚ ਏਜੰਸੀਆਂ 'ਤੇ ਸ਼ਿਕੰਜਾ ਕਸਣ ਜੱਜ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਚੀਫ ਜਸਟਿਸ ਤੇ ਉਨ੍ਹਾਂ ਦੇ ਸਾਥੀ ਜੱਜਾਂ ਨੂੰ ਅਪੀਲ ਕੀਤੀ ਕਿ ਉਹ ਸੀਬੀਆਈ, ਈਡੀ ਅਤੇ ਆਮਦਨ ਕਰ ਵਿਭਾਗ ਸਮੇਤ ਹੋਰ ਏਜੰਸੀਆਂ ਨੂੰ ਭਾਜਪਾ ਸਰਕਾਰ ਦੇ ਹੱਥਠੋਕੇ ਬਣਨ ਤੋਂ ਰੋਕਣ ਲਈ ਸਖਤ ਕਦਮ ਚੁੱਕਣ। ਕਾਂਗਰਸ ਨੇ ਕਿਹਾ ਕਿ ਇਸ ਸਬੰਧੀ ਸਿਰਫ਼ ਸਖਤ ਭਾਸ਼ਾ ਵਰਤਣ ਨਾਲ ਕੁਝ ਨਹੀਂ ਹੋਵੇਗਾ। ਕਾਂਗਰਸ ਨੇ ਇਹ ਗੱਲ ਚੀਫ ਜਸਟਿਸ ਐੱਨਵੀ ਰਾਮੰਨਾ ਵੱਲੋਂ ਬੀਤੇ ਦਿਨ ਇੱਕ ਭਾਸ਼ਣ ਦੌਰਾਨ ਇਨ੍ਹਾਂ ਏਜੰਸੀਆਂ ਸਬੰਧੀਆਂ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਕਹੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੀਬੀਆਈ ਆਪਣੀ ਭਰੋਸੇਯੋਗਤਾ ਗੁਆ ਰਹੀ ਹੈ ਕਿਉਂਕਿ ਇਸ ਵੱਲੋਂ ਕੁਝ ਕੇਸਾਂ 'ਚ ਕੀਤੀਆਂ ਗਈਆਂ ਕਾਰਵਾਈਆਂ 'ਤੇ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੀਫ ਜਸਟਿਸ ਤੇ ਹੋਰ ਜੱਜਾਂ ਨੂੰ ਸੀਬੀਆਈ, ਈਡੀ ਤੇ ਆਮਦਨ ਕਰ ਵਿਭਾਗ 'ਤੇ ਸ਼ਿਕੰਜਾ ਕਸਣਾ ਚਾਹੀਦਾ ਹੈ ਤੇ ਮੋਦੀ ਤੇ ਭਾਜਪਾ ਸਰਕਾਰ ਦੀ ਕਠਪੁਤਲੀ ਬਣਨ ਕਾਰਨ ਇਨ੍ਹਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। -ਪੀਟੀਆਈ



Most Read

2024-09-21 12:56:28