Breaking News >> News >> The Tribune


ਭਾਰਤ-ਆਸਟਰੇਲੀਆ ਵੱਲੋਂ ਵਪਾਰ ਸਮਝੌਤੇ ’ਤੇ ਦਸਤਖ਼ਤ


Link [2022-04-03 07:53:37]



ਨਵੀਂ ਦਿੱਲੀ, 2 ਅਪਰੈਲ

ਭਾਰਤ ਅਤੇ ਆਸਟਰੇਲੀਆ ਨੇ ਆਰਥਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਨਿਚਰਵਾਰ ਨੂੰ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਸਮਝੌਤੇ ਤਹਿਤ ਆਸਟਰੇਲੀਆ ਟੈਕਸਟਾਈਲ, ਚਮੜਾ, ਗਹਿਣੇ, ਖੇਡਾਂ ਅਤੇ ਮਸ਼ੀਨਰੀ ਸਮੇਤ 95 ਫ਼ੀਸਦੀ ਤੋਂ ਜ਼ਿਆਦਾ ਭਾਰਤੀ ਵਸਤਾਂ ਲਈ ਆਪਣੇ ਬਾਜ਼ਾਰ 'ਚ ਡਿਊਟੀ ਮੁਕਤ ਪਹੁੰਚ ਪ੍ਰਦਾਨ ਕਰੇਗਾ। ਭਾਰਤੀ ਵਿਦਿਆਰਥੀਆਂ ਨੂੰ ਆਸਟਰੇਲੀਆ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਤੋਂ ਚਾਰ ਸਾਲ ਦਾ ਕੰਮਕਾਜੀ ਵੀਜ਼ਾ ਦੇਣ ਤੋਂ ਇਲਾਵਾ ਨੌਜਵਾਨ ਮਾਹਿਰਾਂ ਲਈ ਵੀ ਕੰਮਕਾਜ ਅਤੇ ਛੁੱਟੀਆਂ ਮਨਾਉਣ ਦੇ ਵੀਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਸਮਝੌਤੇ 'ਤੇ ਕਰੀਬ ਚਾਰ ਮਹੀਨਿਆਂ 'ਚ ਅਮਲ ਹੋਣ ਦੀ ਸੰਭਾਵਨਾ ਹੈ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਅਤੇ ਆਸਟਰੇਲੀਆ ਦੇ ਵਪਾਰ, ਸੈਰ-ਸਪਾਟਾ ਤੇ ਨਿਵੇਸ਼ ਮੰਤਰੀ ਡੈਨ ਟੇਹਨ ਨੇ ਵਰਚੁਅਲੀ ਹੋਏ ਸਮਾਗਮ ਦੌਰਾਨ ਭਾਰਤ-ਆਸਟਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਵੀ ਹਾਜ਼ਰ ਸਨ। ਇਸ ਦੌਰਾਨ ਵਣਜ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੁਵੱਲੇ ਵਪਾਰ ਨੂੰ ਸਾਢੇ 27 ਅਰਬ ਡਾਲਰ ਤੋਂ ਵਧਾ ਕੇ ਅਗਲੇ ਪੰਜ ਸਾਲਾਂ 'ਚ 45-50 ਅਰਬ ਡਾਲਰ ਤੱਕ ਪਹੁੰਚਾਉਣ 'ਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਸਮਝੌਤੇ ਨਾਲ ਅਗਲੇ 5 ਤੋਂ 7 ਸਾਲਾਂ 'ਚ ਕਰੀਬ 10 ਲੱਖ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਆਸਟਰੇਲੀਆ ਸਮਝੌਤੇ ਤਹਿਤ ਪਹਿਲੇ ਦਿਨ ਤੋਂ ਬਰਾਮਦ ਦੇ ਕਰੀਬ 96.4 ਫ਼ੀਸਦ ਮੁੱਲ 'ਤੇ ਭਾਰਤ ਨੂੰ ਜ਼ੀਰੋ ਡਿਊਟੀ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ 'ਚ ਅਜਿਹੀਆਂ ਕਈ ਵਸਤਾਂ ਸ਼ਾਮਲ ਹਨ, ਜਿਨ੍ਹਾਂ 'ਤੇ ਆਸਟਰੇਲੀਆ 'ਚ ਮੌਜੂਦਾ ਸਮੇਂ 'ਚ 4-5 ਫ਼ੀਸਦ ਕਸਟਮ ਡਿਊਟੀ ਲਗਦੀ ਹੈ। ਸਮਝੌਤੇ 'ਚ ਤੀਜੇ ਮੁਲਕ ਤੋਂ ਆਉਣ ਵਾਲੇ ਉਤਪਾਦਾਂ ਨਾਲ ਪੈਣ ਵਾਲੇ ਅਸਰ ਨੂੰ ਰੋਕਣ ਲਈ ਸਖ਼ਤ ਨੇਮ ਤੈਅ ਕੀਤੇ ਗਏ ਹਨ। ਸ੍ਰੀ ਗੋਇਲ ਨੇ ਕਿਹਾ ਕਿ ਘਰੇਲੂ ਆਈਟੀ ਕੰਪਨੀਆਂ ਨੂੰ ਦੋਹਰੇ ਕਰਾਂ ਦੀ ਪੈ ਰਹੀ ਮਾਰ ਦੇ ਮੁੱਦੇ ਨੂੰ ਸੁਲਝਾਉਣ 'ਤੇ ਆਸਟਰੇਲੀਆ ਨੇ ਸਹਿਮਤੀ ਪ੍ਰਗਟਾਈ ਹੈ। ਦੂਜੇ ਪਾਸੇ ਭਾਰਤ ਵੱਲੋਂ ਆਸਟਰੇਲੀਆ ਨੂੰ ਕੋਲੇ, ਭੇਡਾਂ ਦੇ ਮੀਟ, ਉੱਨ, ਐੱਲਐੱਨਜੀ, ਮੈਗਨੀਜ਼, ਤਾਂਬੇ, ਨਿੱਕਲ ਆਦਿ ਵਸਤਾਂ ਦੀ ਬਰਾਮਦ 'ਚ ਜ਼ੀਰੋ ਡਿਊਟੀ ਦੀ ਪੇਸ਼ਕਸ਼ ਕੀਤੀ ਗਈ ਹੈ। -ਪੀਟੀਆਈ

ਵਿਦਿਆਰਥੀਆਂ, ਮਾਹਿਰਾਂ ਅਤੇ ਸੈਲਾਨੀਆਂ ਨੂੰ ਸੌਖ ਹੋਵੇਗੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੇਲੀਆ ਨਾਲ ਹੋਏ ਵਪਾਰ ਸਮਝੌਤੇ ਨੂੰ ਮੌਜੂਦਾ ਕਾਰੋਬਾਰੀ ਸੰਭਾਵਨਾਵਾਂ 'ਚ ਸਹਾਈ ਹੋਣ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਇਸ ਨਾਲ ਦੋਵੇਂ ਮੁਲਕਾਂ ਵਿਚਕਾਰ ਵਿਦਿਆਰਥੀਆਂ, ਮਾਹਿਰਾਂ ਅਤੇ ਸੈਲਾਨੀਆਂ ਦਾ ਆਦਾਨ-ਪ੍ਰਦਾਨ ਵੀ ਸੁਖਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇੰਨੇ ਥੋੜੇ ਸਮੇਂ 'ਚ ਦੁਵੱਲੇ ਸਮਝੌਤੇ 'ਤੇ ਦਸਤਖ਼ਤ ਹੋਣਾ ਦੋਵੇਂ ਮੁਲਕਾਂ ਵਿਚਕਾਰ ਆਪਸੀ ਭਰੋਸੇ ਨੂੰ ਦਰਸਾਉਂਦਾ ਹੈ। 'ਸਾਡੇ ਦੁਵੱਲੇ ਸਬੰਧਾਂ ਲਈ ਇਹ ਅਹਿਮ ਪਲ ਹੈ। ਇਸ ਸਮਝੌਤੇ ਦੇ ਆਧਾਰ 'ਤੇ ਅਸੀਂ ਸਪਲਾਈ ਚੇਨ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖਿੱਤੇ 'ਚ ਸਥਿਰਤਾ ਲਿਆਉਣ 'ਚ ਵੀ ਮਿਲ ਕੇ ਯੋਗਦਾਨ ਦੇ ਸਕਾਂਗੇ।' ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਮਝੌਤੇ ਨੂੰ ਭਾਰਤ ਅਤੇ ਆਸਟਰੇਲੀਆ ਵਿਚਕਾਰ ਵਧ ਰਹੇ ਸਬੰਧਾਂ 'ਚ ਇਕ ਮਹੱਤਵਪੂਰਨ ਪੜਾਅ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਨਾਲ ਦੋਵੇਂ ਮੁਲਕਾਂ ਦੇ ਲੋਕਾਂ ਵਿਚਕਾਰ 'ਗਰਮਜੋਸ਼ੀ ਭਰੇ ਰਿਸ਼ਤੇ' ਵੀ ਹੋਰ ਗੂੜੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਆਸਟਰੇਲੀਆ ਦੇ ਕਿਸਾਨਾਂ, ਮੈਨੂਫੈਕਚਰਰਾਂ, ਉਤਪਾਦਕਾਂ ਅਤੇ ਹੋਰ ਕਈਆਂ ਲਈ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਲਈ ਦਰਵਾਜ਼ੇ ਖੁੱਲ੍ਹ ਜਾਣਗੇ। ਮੌਰੀਸਨ ਨੇ ਕਿਹਾ ਕਿ ਭਾਰਤ ਦੇ ਕਰੀਬ 1.4 ਅਰਬ ਖਪਤਕਾਰਾਂ ਦੇ ਬਾਜ਼ਾਰ ਦਾ ਰਾਹ ਖੋਲ੍ਹ ਕੇ ਆਸਟਰੇਲੀਆ ਅਰਥਚਾਰੇ ਨੂੰ ਮਜ਼ਬੂਤ ਬਣਾ ਰਿਹਾ ਹੈ ਅਤੇ ਆਪਣੇ ਦੇਸ਼ 'ਚ ਰੁਜ਼ਗਾਰ ਦੇ ਮੌਕੇ ਵਧਾ ਰਿਹਾ ਹੈ। -ਪੀਟੀਆਈ



Most Read

2024-09-21 12:45:25