Breaking News >> News >> The Tribune


ਅਮਰੀਕੀ ਦੂਤਾਵਾਸ ਦੇ ਸਾਈਨਬੋਰਡ ’ਤੇ ਲਾਇਆ ਪੋਸਟਰ, ਕੇਸ ਦਰਜ


Link [2022-04-03 04:35:35]



ਨਵੀਂ ਦਿੱਲੀ: ਦਿੱਲੀ ਸਥਿਤ ਅਮਰੀਕੀ ਦੂਤਵਾਸ ਦੇ 'ਸਾਈਨਬੋਰਡ' ਉਤੇ ਪੋਸਟਰ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੋਸਟਰ ਵਿੱਚ ਕਥਿਤ ਤੌਰ 'ਤੇ 'ਭਾਰਤ ਨੂੰ ਧਮਕਾਉਣ' ਖ਼ਿਲਾਫ਼ ਬਾਈਡਨ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ। ਪੋਸਟਰ ਵਿੱਚ ਲਿਖਿਆ ਗਿਆ, ''ਬੇ-ਭਰੋਸੇਯੋਗ ਬਾਇਡਨ ਪ੍ਰਸ਼ਾਸਨ। ਭਾਰਤ ਨੂੰ ਧਮਕਾਉਣਾ ਬੰਦ ਕਰੋ। ਸਾਨੂੰ ਤੁਹਾਡੀ ਲੋੜ ਨਹੀਂ। ਅਮਰੀਕਾ ਨੂੰ ਚੀਨ ਖ਼ਿਲਾਫ਼ ਭਾਰਤ ਦੀ ਲੋੜ ਹੈ। ਸਾਨੂੰ ਆਪਣੀਆਂ ਸਾਰੀਆਂ ਅਨੁਸ਼ਾਸਿਤ ਅਤੇ ਬਹਾਦਰ ਭਾਰਤੀ ਫੌਜਾਂ 'ਤੇ ਮਾਣ ਹੈ। ਜੈ ਜਵਾਨ ਜੈ ਭਾਰਤ।' ਡੀਸੀਪੀ (ਨਵੀਂ ਦਿੱਲੀ) ਅੰਮ੍ਰਿਤਾ ਗੁਗੂਲੋਠ ਨੇ ਕਿਹਾ ਕਿ ਲੰਘੀ ਰਾਤ ਕਰੀਬ 10.15 ਵਜੇ ਉਕਤ ਘਟਨਾ ਬਾਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲੀਸ ਨੇ ਦਿੱਲੀ ਜਾਇਦਾਦ ਦੇ ਨੁਕਸਾਨ ਦੀ ਰੋਕਥਾਮ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ।

ਡੀਸੀਪੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਅਮਰੀਕੀ ਦੂਤਾਵਾਸ ਦੇ ਗੇਟ ਨੰ. 7 ਨੇੜੇ ਸਾਈਨਬੋਰਡ 'ਤੇ ਲੱਗੇ ਇਸ ਪੋਸਟਰ ਉੱਪਰ ਹਿੰਦੂ ਸੈਨਾ ਦਾ ਲੋਗੋ ਸੀ। ਸੰਗਠਨ ਨੇ ਟਵਿੱਟਰ ਰਾਹੀਂ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਦੋ ਪੋਸਟਰ ਟਵੀਟ ਕੀਤੇ, ਜਿਨ੍ਹਾਂ ਵਿੱਚੋਂ ਇੱਕ ਅਮਰੀਕੀ ਦੂਤਘਰ ਦੇ ਬਾਹਰ ਚਿਪਕਾਇਆ ਗਿਆ ਸੀ, ਜਦਕਿ ਦੂਜੇ ਵਿੱਚ ਭਾਰਤੀ ਅਮਰੀਕੀਆਂ ਨੂੰ 'ਜਮਹੂਰੀਅਤ ਵਿਰੋਧੀਆਂ' ਨੂੰ ਫੰਡਿੰਗ ਤੇ ਹਮਾਇਤ ਦੇਣ ਤੋਂ ਰੋਕਣ ਦੀ ਅਪੀਲ ਕੀਤੀ ਗਈ ਸੀ। ਵਿਸ਼ਨੂੰ ਗੁਪਤਾ ਨੇ ਟਵੀਟ ਰਾਹੀਂ ਦਾਅਵਾ ਕੀਤਾ ਕਿ ਹਿੰਦੂ ਜਥੇਬੰਦੀਆਂ ਨੇ ਭਾਰਤ ਨੂੰ ਧਮਕਾਉਣ 'ਤੇ ਬਾਇਡਨ ਪ੍ਰਸ਼ਾਸਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। -ਪੱਤਰ ਪ੍ਰੇਰਕ



Most Read

2024-09-21 15:43:20