Breaking News >> News >> The Tribune


ਬੱਚੀ ਨਾਲ ਜਬਰ-ਜਨਾਹ ਕੇਸ ’ਚ ਸਕੂਲ ਚੇਅਰਮੈਨ ਤੇ ਪ੍ਰਬੰਧਕ ਗ੍ਰਿਫ਼ਤਾਰ


Link [2022-04-03 04:35:35]



ਕੇਪੀ ਸਿੰਘ

ਗੁਰਦਾਸਪੁਰ, 2 ਅਪਰੈਲ

ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਬੀਤੇ ਦਿਨ ਚਾਰ ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਹੋਏ ਜਬਰ-ਜਨਾਹ ਦੇ ਮਾਮਲੇ 'ਚ ਅਜੇ ਤੱਕ ਮੁੱਖ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੁਲੀਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਇੱਕ ਪ੍ਰਬੰਧਕ ਜੈਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਗ੍ਰਿਫ਼ਤਾਰੀਆਂ ਮਗਰੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਸਮੇਤ ਹੋਰਨਾਂ ਪ੍ਰਦਰਸ਼ਨਕਾਰੀਆਂ ਨੇ ਬੀਤੇ 24 ਘੰਟਿਆਂ ਤੋਂ ਜੀਟੀ ਰੋਡ 'ਤੇ ਲਗਾਇਆ ਧਰਨਾ ਅੱਜ ਸਵੇਰੇ ਖ਼ਤਮ ਕਰ ਦਿੱਤਾ।

ਇਸ ਸਬੰਧੀ ਡੀਐੱਸਪੀ ਹੈੱਡਕੁਆਰਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਨਾਲ ਹੋਏ ਜਬਰ-ਜਨਾਹ ਦੇ ਦੋਸ਼ ਹੇਠ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਸਕੂਲ ਦੇ ਸੀਸੀ ਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ ਪਰ ਕੁਝ ਸਾਹਮਣੇ ਨਹੀਂ ਆਇਆ। ਇਸ ਦੇ ਨਾਲ ਹੀ ਸਕੂਲ, ਬੱਚੀ ਦੇ ਘਰ ਅਤੇ ਸਕੂਲ ਤੋਂ ਬਾਅਦ ਬੱਚੀ ਜਿੱਥੇ ਵੀ ਗਈ, ਇਨ੍ਹਾਂ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਚਾਰ ਸਾਲਾ ਬੱਚੀ ਇੱਕ ਨਿੱਜੀ ਸਕੂਲ 'ਚ ਐੱਲਕੇਜੀ 'ਚ ਪੜ੍ਹਦੀ ਹੈ। ਵੀਰਵਾਰ ਰਾਤ ਉਸ ਦੀ ਬੇਟੀ ਨੇ ਪੇਟ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਜਾਂਚ ਮਗਰੋਂ ਡਾਕਟਰਾਂ ਨੇ ਉਸ ਨਾਲ ਜਬਰ ਜਨਾਹ ਹੋਣ ਦੀ ਪੁਸ਼ਟੀ ਕੀਤੀ। ਇਸ ਔਰਤ ਨੇ ਦੋਸ਼ ਲਗਾਇਆ ਇਹ ਹਰਕਤ ਸਕੂਲ ਦੇ ਹੀ ਕਿਸੇ ਕਰਮਚਾਰੀ ਦੀ ਹੈ ਅਤੇ ਇਸ ਲਈ ਸਕੂਲ ਪ੍ਰਸ਼ਾਸਨ ਜ਼ਿੰਮੇਵਾਰ ਹੈ।

ਚੇਅਰਮੈਨ ਦੇ ਹੱਕ ਵਿੱਚ ਨਿੱਤਰੇ ਸਕੂਲ-ਕਾਲਜ ਪ੍ਰਬੰਧਕ

ਪੁਲੀਸ ਵੱਲੋਂ ਸਕੂਲ ਦੇ ਚੇਅਰਮੈਨ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਇੱਕਪਾਸੜ ਦਸਦਿਆਂ ਅੱਜ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਤ ਜਥੇਬੰਦੀਆਂ ਨੇ ਪੁਲੀਸ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਤੁਰੰਤ ਸਕੂਲ ਦੇ ਚੇਅਰਮੈਨ ਅਤੇ ਮਾਲਕ ਦੇ ਪੁੱਤਰ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਪੂਰੇ ਪੰਜਾਬ ਦੇ ਸਕੂਲ-ਕਾਲਜ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਚੇਅਰਮੈਨ ਦੀ ਪਤਨੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੇ ਪਤੀ ਤੇ ਭਤੀਜੇ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਡੀਸੀ ਦੀ ਰਿਹਾਇਸ਼ ਸਾਹਮਣੇ ਆਤਮ ਦਾਹ ਕਰ ਲਵੇਗੀ।



Most Read

2024-09-21 15:49:27