Breaking News >> News >> The Tribune


ਭਾਰਤ-ਨੇਪਾਲ ਵਿੱਚ ਸਰਹੱਦੀ ਵਿਵਾਦ ’ਤੇ ਚਰਚਾ


Link [2022-04-03 04:35:35]



ਮੁੱਖ ਅੰਸ਼

ਰੇਲਵੇ ਤੇ ਊਰਜਾ ਸੈਕਟਰ ਵਿੱਚ ਸਹਿਯੋਗ ਵਧਾਉਣ ਲਈ ਚਾਰ ਸਮਝੌਤੇ ਸਹੀਬੰਦ ਨੇਪਾਲ 'ਚ ਰੂਪੇਅ ਪੇਮੈਂਟ ਕਾਰਡ ਦੀ ਸ਼ੁਰੂਆਤ

ਨਵੀਂ ਦਿੱਲੀ, 2 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਉਨ੍ਹਾਂ ਦੇ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਨੇ ਅੱਜ ਸਰਹੱਦ ਪਾਰ ਰੇਲਵੇ ਨੈੱਟਵਰਕ ਅਤੇ ਪਾਵਰ ਟਰਾਂਸਮਿਸ਼ਨ ਲਾਈਨ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਨੇਪਾਲ ਵਿੱਚ ਭਾਰਤ ਦੇ ਰੂਪੇਅ ਪੇਅਮੈਂਟ ਕਾਰਡ ਦੀ ਸ਼ੁਰੂਆਤ ਵੀ ਕੀਤੀ ਗਈ। ਦੋਵਾਂ ਆਗੂਆਂ ਨੇ ਗੱਲਬਾਤ ਜ਼ਰੀਏ ਦੁਵੱਲੇ ਰਿਸ਼ਤਿਆਂ ਨੂੰ ਵਿਸਥਾਰ ਦੇਣ ਦਾ ਸੰਕਲਪ ਦੁਹਰਾਇਆ। ਇਸ ਦੌਰਾਨ ਦੋਵਾਂ ਮੁਲਕਾਂ ਨੇ ਰੇਲਵੇ ਤੇ ਊਰਜਾ ਸੈਕਟਰ ਵਿੱਚ ਸਹਿਯੋਗ ਵਧਾਉਣ ਲਈ ਚਾਰ ਸਮਝੌਤਿਆਂ ਨੂੰ ਵੀ ਕਲਮਬੰਦ ਕੀਤਾ। ਦਿਓਬਾ ਨੇ ਮਗਰੋਂ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਗੱਲਬਾਤ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਸਰਹੱਦੀ ਮੁੱਦੇ ਉੱਤੇ ਵੀ ਵਿਚਾਰ ਚਰਚਾ ਹੋਈ ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਦਾ ਸਥਾਪਿਤ ਦੁਵੱਲੇ ਚੌਖਟੇ ਰਾਹੀਂ ਹੱਲ ਕੱਢਿਆ ਜਾਵੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਨੇਪਾਲ ਵਿਚਾਲੇ ਦੋਸਤਾਨਾ ਸਬੰਧ ਬੇਜੋੜ ਹਨ ਤੇ ਕੁੱਲ ਆਲਮ ਵਿੱਚ ਅਜਿਹੇ ਰਿਸ਼ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਨੇਪਾਲ ਦੇ ਸ਼ਾਂਤੀ, ਖ਼ੁਸ਼ਹਾਲੀ ਤੇ ਵਿਕਾਸ ਦੇ ਸਫ਼ਰ ਵਿੱਚ ਭਾਰਤ ਹਮੇਸ਼ਾ ਉਸ ਦੇ ਨਾਲ ਖੜ੍ਹਦਾ ਰਿਹਾ ਹੈ ਤੇ ਅੱਗੋਂ ਵੀ ਉਸ ਦਾ ਮਜ਼ਬੂਤ ਭਾਈਵਾਲ ਰਹੇਗਾ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਬਿਜਲੀ ਖੇਤਰ ਵਿੱਚ ਸਹਿਯੋਗ ਇਸ ਸੈਕਟਰ ਵਿੱਚ ਭਵਿੱਖੀ ਸਹਿਯੋਗ ਲਈ ਬਲੂਪ੍ਰਿੰਟ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਇਹ ਸਹਿਮਤੀ ਵੀ ਬਣੀ ਕਿ ਭਾਰਤੀ ਕੰਪਨੀਆਂ ਦੀ ਨੇਪਾਲ ਦੀ ਪਣਬਿਜਲੀ ਵਿਕਾਸ ਯੋਜਨਾਵਾਂ ਵਿੱਚ ਵੱਡੀ ਸ਼ਮੂਲੀਅਤ ਹੋਵੇਗੀ। ਗੱਲਬਾਤ ਮਗਰੋਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਬਿਹਾਰ ਦੇ ਜੈਨਗਰ ਤੋਂ ਨੇਪਾਲ ਦੇ ਕੁਰਥਾ ਨੂੰ ਜੋੜਦੀ ਪਹਿਲੀ ਬਰੌਡ-ਗੇਜ ਯਾਤਰੀ ਰੇਲਗੱਡੀ ਨੂੰ ਝੰਡੀ ਦਿਖਾ ਕੇ ਪਲੇਠੇ ਸਫ਼ਰ ਲਈ ਰਵਾਨਾ ਕੀਤਾ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਪਾਲ ਦੇ ਭਾਰਤ ਨਾਲ ਰਿਸ਼ਤੇ 'ਬਹੁਤ ਅਹਿਮ' ਹਨ। ਦੱਸ ਦੇਈਏ ਕਿ ਦਿਓਬਾ ਉੱਚ ਪੱਧਰੀ ਵਫ਼ਦ ਨਾਲ ਤਿੰਨ ਰੋਜ਼ਾ ਫੇਰੀ ਤਹਿਤ ਸ਼ੁੱਕਰਵਾਰ ਨੂੰ ਭਾਰਤ ਪੁੱਜੇ ਸਨ। ਪਿਛਲੇ ਸਾਲ ਜੁਲਾਈ ਵਿੱਚ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਦਿਓਬਾ ਦੀ ਇਹ ਪਹਿਲੀ ਵਿਦੇਸ਼ ਫੇਰੀ ਹੈ। -ਪੀਟੀਆਈ

ਭਾਰਤ-ਨੇਪਾਲ ਸਰਹੱਦੀ ਮੁੱਦੇ ਨੂੰ ਜ਼ਿੰਮੇਵਾਰੀ ਨਾਲ ਮੁਖਾਤਿਬ ਹੋਣ ਦੀ ਲੋੜ: ਸ਼੍ਰਿੰਗਲਾ

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਕਿਹਾ ਕਿ ਦੋਵਾਂ ਮੁਲਕ ਦੇ ਗੂੜ੍ਹੇ ਤੇ ਦੋਸਤਾਨਾ ਸਬੰਧਾਂ ਨੂੰ ਵੇਖਦਿਆਂ ਇਸ ਵਿੱਚ ਕੋਈ ਦੋ-ਰਾਏ ਨਹੀਂ ਕਿ ਭਾਰਤ ਤੇ ਨੇਪਾਲ ਦਰਮਿਆਨ ਸਰਹੱਦੀ ਮੁੱਦੇ ਨੂੰ ਸੰਵਾਦ ਜ਼ਰੀੲੇ ਪੂਰੀ ਜ਼ਿੰਮੇਵਾਰੀ ਨਾਲ ਮੁਖਾਤਿਬ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦੇ ਸਿਆਸੀਕਰਨ ਤੋਂ ਬਚਿਆ ਜਾਵੇ। ਸਾਲ 2020 ਵਿੱਚ ਨੇਪਾਲ ਵੱਲੋਂ ਨਵਾਂ ਸਿਆਸੀ ਨਕਸ਼ਾ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਭਾਰਤ-ਨੇਪਾਲ ਰਿਸ਼ਤਿਆਂ ਵਿੱਚ ਕਸ਼ੀਦਗੀ ਵੱਧ ਗਈ ਸੀ। ਨੇਪਾਲ ਨੇ ਉਦੋੋਂ ਨਵੇਂ ਨਕਸ਼ੇ ਵਿੱਚ ਭਾਰਤ ਦੇ ਤਿੰਨ ਖੇਤਰਾਂ- ਲਿੰਪੀਆਧੂਰਾ, ਕਾਲਾਪਾਨੀ ਤੇ ਲਿਪੂਲੇਖ ਨੂੰ ਨੇਪਾਲ ਦਾ ਹਿੱਸਾ ਦੱਸਿਆ ਸੀ।

ਭਾਰਤ-ਆਸਟਰੇਲੀਆ ਵੱਲੋਂ ਵਪਾਰ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ: ਭਾਰਤ ਅਤੇ ਆਸਟਰੇਲੀਆ ਨੇ ਆਰਥਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਨਿਚਰਵਾਰ ਨੂੰ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਭਾਰਤੀ ਵਿਦਿਆਰਥੀਆਂ ਨੂੰ ਆਸਟਰੇਲੀਆ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਤੋਂ ਚਾਰ ਸਾਲ ਦਾ ਕੰਮਕਾਜੀ ਵੀਜ਼ਾ ਦੇਣ ਤੋਂ ਇਲਾਵਾ ਨੌਜਵਾਨ ਮਾਹਿਰਾਂ ਲਈ ਵੀ ਕੰਮਕਾਜ ਅਤੇ ਛੁੱਟੀਆਂ ਮਨਾਉਣ ਦੇ ਵੀਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ।



Most Read

2024-09-21 12:54:02