Breaking News >> News >> The Tribune


ਭਾਜਪਾ ਨੇ ‘ਹਨੂੰਮਾਨ’ ਦੇ ਬੰਗਲੇ ਨੂੰ ਅੱਗ ਲਗਾਈ: ਤੇਜਸਵੀ


Link [2022-04-03 04:35:35]



ਪਟਨਾ, 2 ਅਪਰੈਲ

ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਲੋਕ ਜਨਸ਼ਕਤੀ ਪਾਰਟੀ (ਆਰ) ਦੇ ਆਗੂ ਚਿਰਾਗ ਪਾਸਵਾਨ ਤੋਂ ਸਰਕਾਰੀ ਬੰਗਲਾ ਖਾਲੀ ਕਰਵਾਉਣ 'ਤੇ ਭਾਜਪਾ ਖ਼ਿਲਾਫ਼ ਤਿੱਖਾ ਵਿਅੰਗ ਕੱਸਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ 'ਹਨੂੰਮਾਨ' ਦੇ ਬੰਗਲੇ ਨੂੰ ਅੱਗ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚਿਰਾਗ ਪਾਸਵਾਨ ਨੇ ਇਕ ਵਾਰ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਹਨੂੰਮਾਨ' ਹਨ। ਦਿੱਲੀ ਦੇ 12, ਜਨਪਥ ਸਥਿਤ ਬੰਗਲਾ ਕੋਈ ਤਿੰਨ ਦਹਾਕੇ ਪਹਿਲਾਂ ਚਿਰਾਗ ਦੇ ਪਿਤਾ ਮਰਹੂਮ ਰਾਮ ਵਿਲਾਸ ਪਾਸਵਾਨ ਨੂੰ ਅਲਾਟ ਹੋਇਆ ਸੀ ਅਤੇ ਬੁੱਧਵਾਰ ਨੂੰ ਇਹ ਬੰਗਲਾ ਖਾਲੀ ਕਰਵਾ ਲਿਆ ਗਿਆ ਹੈ। ਬੰਗਲਾ ਕੇਂਦਰੀ ਮੰਤਰੀਆਂ ਨੂੰ ਅਲਾਟ ਹੁੰਦਾ ਹੈ ਅਤੇ ਜੂਨੀਅਰ ਪਾਸਵਾਨ ਸਰਕਾਰ ਦਾ ਹਿੱਸਾ ਨਹੀਂ ਹੈ ਜਿਸ ਕਾਰਨ ਉਸ ਤੋਂ ਬੰਗਲਾ ਖਾਲੀ ਕਰਵਾਇਆ ਗਿਆ ਹੈ। ਸ੍ਰੀ ਪਾਸਵਾਨ ਦੇ ਅਕਤੂਬਰ 2020 'ਚ ਦੇਹਾਂਤ ਮਗਰੋਂ ਇਹ ਬੰਗਲਾ ਰੇਲਵੇ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪਿਛਲੇ ਸਾਲ ਅਗਸਤ 'ਚ ਅਲਾਟ ਕੀਤਾ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਤੇਜਸਵੀ ਨੇ ਕਿਹਾ,''ਰਾਮ ਵਿਲਾਸ ਪਾਸਵਾਨ ਆਪਣੇ ਆਖਰੀ ਸਾਹਾਂ ਤੱਕ ਭਾਜਪਾ ਨਾਲ ਖੜ੍ਹੇ ਰਹੇ ਸਨ। ਭਾਜਪਾ ਨੇ 'ਹਨੂੰਮਾਨ' ਦੇ ਬੰਗਲੇ ਨੂੰ ਅੱਗ ਲਗਾ ਦਿੱਤੀ ਹੈ। ਭਾਜਪਾ ਨੂੰ ਹਮਾਇਤ ਦੇਣ ਦਾ ਇਹ ਨਤੀਜਾ ਹੈ। ਉਨ੍ਹਾਂ ਪਹਿਲਾਂ ਹੀ ਪਾਸਵਾਨ ਦੀ ਪਾਰਟੀ ਨੂੰ ਤੋੜ ਦਿੱਤਾ ਅਤੇ ਆਗੂਆਂ ਨੂੰ ਵੀ ਵੱਖਰੇ ਕਰ ਦਿੱਤਾ ਹੈ।'' ਲੋਕ ਜਨਸ਼ਕਤੀ ਪਾਰਟੀ ਦੋ ਧੜਿਆਂ 'ਚ ਵੰਡੀ ਗਈ ਹੈ ਜਿਸ 'ਚੋਂ ਇਕ ਦੀ ਅਗਵਾਈ ਚਿਰਾਗ ਅਤੇ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੀ ਅਗਵਾਈ ਪਾਰਸ ਪਾਸਵਾਨ ਕਰ ਰਿਹਾ ਹੈ। ਉਧਰ ਚਿਰਾਗ ਪਾਸਵਾਨ ਨੇ ਬੰਗਲੇ 'ਚੋਂ ਅਚਾਨਕ ਕੱਢਣ 'ਤੇ ਹੈਰਾਨੀ ਜਤਾਉਂਦਿਆਂ ਦੋਸ਼ ਲਾਇਆ ਹੈ ਕਿ ਇਸ ਪਿੱਛੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਾਜ਼ਿਸ਼ ਜਾਪਦੀ ਹੈ। ਚਿਰਾਗ ਨੇ ਕਿਹਾ ਕਿ ਇਕ ਸੀਨੀਅਰ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਉਸ ਨੂੰ ਬੰਗਲੇ 'ਚੋਂ ਨਹੀਂ ਕੱਢਿਆ ਜਾਵੇਗਾ ਪਰ ਇਕ ਦਿਨ ਬਾਅਦ ਹੀ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ। -ਏਜੰਸੀ



Most Read

2024-09-21 15:51:50