Breaking News >> News >> The Tribune


ਵਿਦਿਆਰਥੀ ਪ੍ਰੀਖਿਆ ਨੂੰ ਤਿਉਹਾਰ ਵਜੋਂ ਮਨਾਉਣ: ਮੋਦੀ


Link [2022-04-02 07:14:49]



ਨਵੀਂ ਦਿੱਲੀ, 1 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆਵਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਤਣਾਅ ਨਾ ਲੈਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੀਖਿਆ ਦੀ ਚੁਣੌਤੀ ਨੂੰ ਪਹਿਲਾਂ ਵੀ ਸਫ਼ਲਤਾ ਨਾਲ ਪੂਰਾ ਕੀਤਾ ਹੈ। ਉਨ੍ਹਾਂ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧੂਰੇ ਸੁੁਪਨਿਆਂ ਤੇ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਬੱਚਿਆਂ 'ਤੇ ਬੇਲੋੜਾ ਦਬਾਅ ਨਾ ਪਾਉਣ।

ਇਥੇ ਤਾਲਕਟੋਰਾ ਸਟੇਡੀਅਮ ਵਿੱਚ 'ਪ੍ਰੀਕਸ਼ਾ ਪੇ ਚਰਚਾ' ਪ੍ਰੋਗਰਾਮ ਦੇ ਪੰਜਵੇਂ ਸੰਸਕਰਨ ਤਹਿਤ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਤਬਾਹੀ ਜਾਂ ਬਰਬਾਦੀ ਦਾ ਕਾਰਨ ਨਹੀਂ ਬਲਕਿ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਗਿਆਨ ਲਈ 'ਆਨਲਾਈਨ' ਮਾਧਿਅਮ ਵੀ ਵਰਤੋਂ ਕਰਕੇ ਇਸ ਨੂੰ ਆਫਲਾਈਨ ਮੋਡ ਰਾਹੀਂ ਅਮਲ ਵਿੱਚ ਲਿਆ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪ੍ਰੀਖਿਆਵਾਂ ਨੂੰ ਤਿਉਹਾਰਾਂ ਵਜੋਂ ਮਨਾਉਣ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਲੈਣ। ਸ੍ਰੀ ਮੋਦੀ ਨੇ ਕਿਹਾ, ''ਤੁਸੀਂ ਪਹਿਲੀ ਵਾਰ ਪ੍ਰੀਖਿਆਵਾਂ ਨਹੀਂ ਦੇ ਰਹੇ। ਲਿਹਾਜ਼ਾ ਤੁਹਾਨੂੰ ਤਣਾਅ ਲੈਣ ਦੀ ਕੋਈ ਲੋੜ ਨਹੀਂ। ਯਾਦ ਰੱਖੋ, ਤੁਸੀਂ ਇਸ ਤੋਂ ਪਹਿਲਾਂ ਵੀ ਪ੍ਰੀਖਿਆਵਾਂ ਦੀ ਚੁਣੌਤੀ ਨੂੰ ਸਫ਼ਲਤਾ ਨਾਲ ਪੂਰਾ ਕੀਤਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ, ''ਇਹ ਮੇਰਾ ਪਸੰਦੀਦਾ ਪ੍ਰੋਗਰਾਮ ਹੈ, ਪਰ ਕੋਵਿਡ ਕਰਕੇ ਮੈਂ ਤੁਹਾਡੇ (ਵਿਦਿਆਰਥੀਆਂ) ਰੂਬਰੂ ਨਹੀਂ ਹੋ ਸਕਿਆ। ਮੈਨੂੰ ਇਕ ਵਿਸ਼ੇਸ਼ ਖੁਸ਼ੀ ਮਿਲੀ ਹੈ ਕਿਉਂਕਿ ਮੈਂ ਲੰਮੇ ਸਮੇਂ ਬਾਅਦ ਤੁਹਾਨੂੰ ਮਿਲ ਰਿਹਾ ਹਾਂ।''

ਇਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਐਲਾਨੀ ਕੌਮੀ ਸਿੱਖਿਆ ਨੀਤੀ ਨੂੰ ਦੇਸ਼ ਦੇ ਹਰ ਵਰਗ ਨੇ ਖਿੜੇ ਮੱਥੇ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ, '20ਵੀਂ ਸਦੀ ਦੇ ਵੇਲਾ ਵਿਹਾਅ ਚੁੱਕੇ ਵਿਚਾਰ ਤੇ ਨੀਤੀਆਂ 21ਵੀਂ ਸਦੀ ਵਿੱਚ ਭਾਰਤ ਦੀ ਵਿਕਾਸ ਦੀ ਰਫ਼ਤਾਰ ਨੂੰ ਸੇਧ ਨਹੀਂ ਦੇ ਸਕਦੇ। ਕੌਮੀ ਸਿੱਖਿਆ ਨੀਤੀ (ਐੱਨਈਪੀ) ਵਿੱਚ ਕਈ ਲੋਕਾਂ ਦੀ ਸ਼ਮੂਲੀਅਤ ਵੇਖਣ ਨੂੰ ਮਿਲੀ ਹੈ। ਇਹ ਇਕ ਵਿਸ਼ਵ ਰਿਕਾਰਡ ਹੈ।'' ਬੋਰਡ ਪ੍ਰੀਖਿਆਵਾਂ ਤੇ ਕਾਲਜ ਦਾਖਲਿਆਂ ਵਿੱਚ ਆਈਆਂ ਤਬਦੀਲੀਆਂ ਨੂੰ ਜ਼ਿਹਨ ਵਿੱਚ ਰੱਖਦਿਆਂ ਤਿਆਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਮੁਕਾਬਲੇ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਮੁਕਾਬਲੇ ਦੌਰਾਨ ਹੀ ਸਾਡੀ ਅਸਲ ਪਰਖ ਹੁੰਦੀ ਹੈ। ਤੁਸੀਂ ਖੁਸ਼ਕਿਸਮਤ ਹੋ ਕੇ ਤੁਹਾਨੂੰ ਅਜਿਹਾ ਮੌਕਾ ਮਿਲ ਰਿਹਾ ਹੈ।'' ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ ਕਰਵਾਇਆ ਜਾਂਦਾ ਹੈ। ਪਿਛਲੇ ਸਾਲ ਇਹ ਪ੍ਰੋਗਰਾਮ 7 ਅਪਰੈਲ ਨੂੰ ਆਨਲਾਈਨ ਮੋਡ ਵਿੱਚ ਹੋਇਆ ਸੀ। -ਪੀਟੀਆਈ

'ਕੁੜੀਆਂ ਦੀ ਯੋਗਤਾ ਨੂੰ ਮਾਨਤਾ ਨਾ ਦੇਣ ਵਾਲਾ ਸਮਾਜ ਤਰੱਕੀ ਨਹੀਂ ਕਰ ਸਕਦਾ'

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਮੁੰਡਿਆਂ ਤੇ ਕੁੜੀਆਂ ਵਿੱਚ ਕੋਈ ਵਿਤਕਰਾ ਨਾ ਕਰਨ ਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇੇਣ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਕੋਈ ਸਮਾਜ ਕੁੜੀਆਂ ਦੀ ਯੋਗਤਾ ਨੂੰ ਪਛਾਣ/ਮਾਨਤਾ ਦੇਣ ਤੋਂ ਖੁੰਝ ਜਾਵੇ ਤਾਂ ਉਹ ਫਿਰ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕੁੜੀਆਂ ਅੱਜ ਹਰ ਪਰਿਵਾਰ ਲਈ ਵੱਡਾ ਅਸਾਸਾ ਤੇ ਤਾਕਤ ਹਨ। ਉਨ੍ਹਾਂ ਅਹਿਲਿਆ ਬਾਈ ਤੇ ਲਕਸ਼ਮੀ ਬਾਈ ਜਿਹੀਆਂ ਸ਼ਖ਼ਸੀਅਤਾਂ ਦੀ ਮਿਸਾਲ ਵੀ ਦਿੱਤੀ। -ਪੀਟੀਆਈ



Most Read

2024-09-21 15:47:14