World >> The Tribune


ਰੂਸ ਨੇ ਚਰਨੋਬਲ ਪਰਮਾਣੂ ਪਲਾਂਟ ਮੁੜ ਯੂਕਰੇਨ ਨੂੰ ਸੌਂਪਿਆ


Link [2022-04-02 05:34:07]



ਕੀਵ, 1 ਅਪਰੈਲ

ਰੂਸ ਨੇ ਪਰਮਾਣੂ ਪਲਾਂਟ ਚਰਨੋਬਲ ਦਾ ਕੰਟਰੋਲ ਮੁੜ ਯੂਕਰੇਨ ਨੂੰ ਸੌਂਪ ਦਿੱਤਾ ਹੈ। ਰੂਸੀ ਫੌਜਾਂ ਨੇ ਮਹੀਨਾ ਪਹਿਲਾਂ ਇਸ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਯੂਕਰੇਨ ਦੀ ਸਰਕਾਰੀ ਊਰਜਾ ਕੰਪਨੀ 'ਐਨਰਜੋਐਟਮ' ਨੇ ਕਿਹਾ ਕਿ ਪਲਾਂਟ ਵਿੱਚ ਰੇਡੀਓਐਕਟਿਵ ਕਿਰਨਾਂ ਦੇ ਖ਼ਤਰੇ ਕਰਕੇ ਰੂਸੀ ਫੌਜਾਂ ਨੇ ਉਥੋਂ ਨਿਕਲਣ ਦਾ ਫੈਸਲਾ ਕੀਤਾ ਹੈ। ਉਂਜ ਕੀਵ ਦੇ ਬਾਹਰੀ ਇਲਾਕਿਆਂ ਤੇ ਹੋਰਨਾਂ ਮੋਰਚਿਆਂ 'ਤੇ ਜੰਗ ਜਾਰੀ ਹੈ। ਇਸ ਦੌਰਾਨ ਰੂਸੀ ਅਧਿਕਾਰੀਆਂ ਨੇ ਯੂਕਰੇਨ ਉੱਤੇ ਦੋਵਾਂ ਮੁਲਕਾਂ ਦਰਮਿਆਨ ਪੈਂਦੀ ਸਰਹੱਦ 'ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਰੂਸ ਨੇ ਉਸ ਦੇ ਇਕ ਤੇਲ ਡਿੱਪੂ 'ਤੇ ਯੂਕਰੇਨੀ ਹਮਲੇ ਦਾ ਵੀ ਦਾਅਵਾ ਕੀਤਾ ਹੈ।

ਰੂਸ ਦੇ ਬੈਲਗੋਰੋਡ ਖੇਤਰ ਦੇ ਰਾਜਪਾਲ ਨੇ ਕਿਹਾ ਕਿ ਕਥਿਤ ਹਵਾਈ ਹਮਲੇ ਦੌਰਾਨ ਕਈ ਥਾਵਾਂ 'ਤੇ ਗੋਲੀਬਾਰੀ ਕੀਤੀ ਗਈ ਤੇ ਇਸ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕਰੈਮਲਿਨ ਦੇ ਤਰਜਮਾਨ ਨੇ ਕਿਹਾ ਕਿ ਯੂਕਰੇਨ ਵੱਲੋਂ ਸਰਹੱਦ 'ਤੇ ਰੂਸੀ ਖੇਤਰ ਵਿੱਚ ਕੀਤੀ ਗੋਲੀਬਾਰੀ ਨਾਲ ਦੋਵਾਂ ਮੁਲਕਾਂ ਦਰਮਿਆਨ ਚੱਲ ਰਿਹਾ ਸੰਵਾਦ ਦਾ ਅਮਲ ਅਸਰਅੰਦਾਜ਼ ਹੋ ਸਕਦਾ ਹੈ। ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ, ''ਯਕੀਨੀ ਤੌਰ ਉੱਤੇ ਗੱਲਬਾਤ ਦੇ ਚਲਦੇ ਅਮਲ ਦੌਰਾਨ ਅਜਿਹੀ ਕਿਸੇ ਕਾਰਵਾਈ ਦੀ ਉਮੀਦ ਨਹੀਂ ਸੀ।'' ਉਂਜ ਅਜੇ ਤੱਕ ਅਧਿਕਾਰਤ ਤੌਰ 'ਤੇ ਰੂਸ ਦੇ ਉਪਰੋਕਤ ਦਾਅਵਿਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਟੈਲੀਗ੍ਰਾਮ ਐਪ 'ਤੇ ਗਵਰਨਰ ਵਿਯਾਚੇਸਲਾਵ ਗਲਾਦਕੋਵ ਦੀ ਪੋਸਟ ਅਨੁਸਾਰ ਯੂਕਰੇਨੀ ਫੌਜਾਂ ਨੇ ਹੈਲੀਕਾਪਟਰਾਂ ਰਾਹੀਂ ਰੂਸ ਦੀ ਊਰਜਾ ਕੰਪਨੀ ਰੋਸਨੈਫਟ ਦੇ ਤੇਲ ਡਿੱਪੂ 'ਤੇ ਹਮਲਾ ਕੀਤਾ, ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਗਵਰਨਰ ਗਲਾਦਕੋਵ ਨੇ ਐਪ 'ਤੇ ਲਿਖਿਆ, ''ਤੇਲ ਡਿੱਪੂ ਉੱਤੇ ਦੋ ਹੈਲੀਕਾਪਟਰਾਂ ਨੇ ਹਵਾਈ ਹਮਲਾ ਕੀਤਾ, ਜਿਸ ਨਾਲ ਅੱਗ ਲੱਗ ਗਈ। ਉਹ ਘੱਟ ਉਚਾਈ ਤੋਂ ਰੂਸ ਦੀ ਸਰਹੱਦ ਵਿੱਚ ਦਾਖ਼ਲ ਹੋੲੇ ਸਨ।'' ਇਸ ਕਥਿਤ ਹਮਲੇ ਦੀ ਸੋੋਸ਼ਲ ਮੀਡੀਆ 'ਤੇ ਵੀ ਤਸਵੀਰਾਂ ਨਸ਼ਰ ਹੋਈਆਂ ਹਨ, ਜਿਨ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।

ਇਸ ਦੌਰਾਨ ਰੂਸ ਤੇ ਯੂਕਰੇਨ ਦਰਮਿਆਨ ਤੁਰਕੀ ਵਿੱਚ ਚੱਲ ਰਹੀ ਗੱਲਬਾਤ ਵਿੱਚ ਰੂਸੀ ਵਫ਼ਦ ਦੀ ਅਗਵਾਈ ਕਰ ਰਹੇ ਵਲਾਦੀਮੀਰ ਮੈਡਿੰਸਕੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕ੍ਰੀਮੀਅਨ ਪ੍ਰਾਇਦੀਪ 'ਤੇ ਆਪਣਾ ਕਬਜ਼ਾ ਕਾਇਮ ਰੱਖਣ ਤੇ ਪੂਰਬੀ ਯੂਕਰੇਨ ਵਿੱਚ ਰੂਸ ਦੀ ਹਮਾਇਤ ਵਾਲੇ ਵੱਖਵਾਦੀਆਂ ਵੱਲੋਂ ਵਿਸਥਾਰ ਦੀ ਯੋਜਨਾ ਬੇਰੋਕ ਜਾਰੀ ਰਹੇਗੀ। ਉਧਰ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਕਿਹਾ ਕਿ ਮਾਰਿਉਪੋਲ ਵਿੱਚ ਹੰਗਾਮੀ ਇਮਦਾਦ ਭੇਜਣ ਤੇ ਆਮ ਨਾਗਰਿਕਾਂ ਨੂੰ ਉਥੋਂ ਬਾਹਰ ਕੱਢਣ ਲਈ ਕਾਰਵਾਈ ਜਾਰੀ ਹੈ। -ਏਪੀ

ਆਸਟਰੇਲੀਆ ਲਈ ਵੀ 'ਵੱਡਾ ਖ਼ਤਰਾ' ਹੈ ਰੂਸ: ਜ਼ੇਲੈਂਸਕੀ

ਐਡੀਲੇਡ: ਆਸਟਰੇਲੀਅਨ ਸੰਸਦ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਭਾਵੁਕ ਅਪੀਲ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨਾ ਸਿਰਫ ਉਨ੍ਹਾਂ ਲਈ ਬਲਕਿ ਆਸਟਰੇਲੀਆ ਲਈ ਵੀ ਓਨਾ ਹੀ ਵੱਡਾ ਖ਼ਤਰਾ ਹੈ। ਆਸਟਰੇਲੀਆ ਦੀ ਗੱਲ ਕਰਦਿਆਂ ਜ਼ੇਲੈਂਸਕੀ ਨੇ ਰੂਸ ਦੀ ਹਮਾਇਤ ਵਾਲੇ ਬਾਗ਼ੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ 2014 ਵਿੱਚ ਪੂਰਬੀ ਯੂਰੋਪ ਵਿੱਚ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਐੱਮਐੱਚ 17 ਨੂੰ ਉਡਾ ਦਿੱਤਾ ਸੀ, ਜਿਸ ਵਿੱਚ 38 ਆਸਟਰੇਲਿਆਈ ਨਾਗਰਿਕਾਂ ਸਣੇ 300 ਵਿਅਕਤੀ ਮੌਜੂਦ ਸਨ। ਯੂਕਰੇਨੀ ਸਦਰ ਨੇ ਕਿਹਾ, ''ਰੂਸ ਤੁਹਾਡੇ ਮੁਲਕ ਤੇ ਤੁਹਾਡੇ ਲੋਕਾਂ ਲਈ ਵੀ ਖ਼ਤਰਾ ਹੈ।'' ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਵਿਸ਼ਵ ਨੇ 2014 ਵਿੱਚ ਯੂਕਰੇਨ ਨੂੰ ਸਜ਼ਾ ਦਿੱਤੀ ਹੁੰਦੀ ਤਾਂ 2022 ਵਿੱਚ ਉਹ ਹਮਲਾ ਕਰਨ ਦੀ ਹਿਮਾਕਤ ਨਹੀਂ ਕਰਦਾ।

ਰੂਸ-ਯੂਕਰੇਨ ਗੱਲਬਾਤ ਵੀਡੀਓ ਲਿੰਕ ਜ਼ਰੀਏ ਬਹਾਲ

ਲਵੀਵ (ਯੂਕਰੇਨ): ਰੂਸ ਤੇ ਯੂਕਰੇਨ ਦਰਮਿਆਨ ਵੀਡੀਓ ਲਿੰਕ ਜ਼ਰੀਏ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ। ਰੂਸੀ ਵਫ਼ਦ ਦੀ ਅਗਵਾਈ ਕਰ ਰਹੇ ਵਲਾਦੀਮੀਰ ਮੇਡਿੰਸਕੀ ਨੇ ਗੱਲਬਾਤ ਦੀ ਇਕ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦਫ਼ਤਰ ਨੇ ਵੀ ਖ਼ਬਰ ੲੇਜੰਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਅੱਜ ਹੋਈ ਗੱਲਬਾਤ ਤੁਰਕੀ ਵਿੱਚ ਰੂਸ ਤੇ ਯੂਕਰੇਨ ਦੇ ਵਫ਼ਦਾਂ ਦਰਮਿਆਨ ਪਿਛਲੀ ਬੈਠਕ ਤੋਂ ਤਿੰਨ ਦਿਨ ਬਾਅਦ ਹੋਈ ਹੈ। -ਏਪੀ



Most Read

2024-09-20 17:55:45