World >> The Tribune


ਪਾਕਿਸਤਾਨ ਵੱਲੋਂ ਅਮਰੀਕੀ ਕੂਟਨੀਤਕ ਤਲਬ


Link [2022-04-02 05:34:07]



ਇਸਲਾਮਾਬਾਦ, 1 ਅਪਰੈਲ

ਪਾਕਿਸਤਾਨ ਨੇ ਅਮਰੀਕੀ ਕੂਟਨੀਤਕ ਤਲਬ ਕਰਕੇ ਮੁਲਕ ਦੇ ਅੰਦਰੂਨੀ ਮਾਮਲਿਆਂ 'ਚ ਅਮਰੀਕਾ ਦੇ ਕਥਿਤ ਦਖ਼ਲ ਦਾ ਵਿਰੋਧ ਜਤਾਇਆ ਹੈ। ਉਂਜ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਸੱਤਾ ਤੋਂ ਬੇਦਖ਼ਲ ਕਰਨ ਲਈ 'ਵਿਦੇਸ਼ੀ ਸਾਜ਼ਿਸ਼' 'ਚ ਵਾਸ਼ਿੰਗਟਨ ਦੀ ਭੂਮਿਕਾ ਹੈ। ਵਿਦੇਸ਼ ਦਫ਼ਤਰ ਵੱਲੋਂ ਇਸਲਾਮਾਬਾਦ 'ਚ ਅਮਰੀਕੀ ਕੂਟਨੀਤਕ ਐਂਜਿਲਾ ਪੀ ਐਗਲਰ ਨੂੰ ਤਲਬ ਕੀਤਾ ਗਿਆ। ਇਹ ਕਦਮ ਪਾਕਿਸਤਾਨ ਦੀ ਕੌਮੀ ਸੁਰੱਖਿਆ ਪਰਿਸ਼ਦ ਵੱਲੋਂ ਵੀਰਵਾਰ ਨੂੰ ਲਏ ਗਏ ਫ਼ੈਸਲੇ ਮਗਰੋਂ ਉਠਾਇਆ ਗਿਆ। ਵਿਦੇਸ਼ ਦਫ਼ਤਰ ਨੇ ਰਸਮੀ ਸੰਵਾਦ ਦੌਰਾਨ ਵਿਦੇਸ਼ੀ ਅਧਿਕਾਰੀ ਵੱਲੋਂ ਵਰਤੀ ਗਈ ਭਾਸ਼ਾ ਦੇ ਮੁੱਦੇ 'ਤੇ ਵੀ ਅਮਰੀਕੀ ਕੂਟਨੀਤਕ ਨੂੰ ਵਿਰੋਧ ਦਾ ਪੱਤਰ ਸੌਂਪਿਆ ਹੈ। ਇਮਰਾਨ ਖ਼ਾਨ ਵੱਲੋਂ ਜਿਸ ਕਥਿਤ ਪੱਤਰ ਦਾ ਜ਼ਿਕਰ ਕੀਤਾ ਗਿਆ ਹੈ, ਉਸ 'ਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਖ਼ਿਲਾਫ਼ ਵਿਰੋਧੀ ਧਿਰ ਦਾ ਬੇਵਿਸਾਹੀ ਮਤਾ ਡਿੱਗ ਜਾਂਦਾ ਹੈ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। -ਪੀਟੀਆਈ

'ਪਾਕਿਸਤਾਨ ਦੀ ਸੰਵਿਧਾਨਕ ਪ੍ਰਕਿਰਿਆ ਦੀ ਹਮਾਇਤ ਕਰਦਾ ਹੈ ਅਮਰੀਕਾ'

ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਮੁਲਕ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਦੇਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਵੀਰਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੀ ਸੰਵਿਧਾਨਕ ਪ੍ਰਕਿਰਿਆ ਅਤੇ ਕਾਨੂੰਨ ਦੇ ਸ਼ਾਸਨ ਦੀ ਹਮਾਇਤ ਕਰਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ,''ਅਸੀਂ ਪਾਕਿਸਤਾਨ ਦੇ ਘਟਨਾਕ੍ਰਮ 'ਤੇ ਨੇੜਿਉਂ ਨਜ਼ਰ ਰੱਖ ਰਹੇ ਹਾਂ। ਅਸੀਂ ਪਾਕਿਸਤਾਨ ਦੀ ਸੰਵਿਧਾਨਕ ਪ੍ਰਕਿਰਿਆ ਅਤੇ ਕਾਨੂੰਨ ਦੇ ਸ਼ਾਸਨ ਦੀ ਹਮਾਇਤ ਅਤੇ ਸਤਿਕਾਰ ਕਰਦੇ ਹਾਂ। ਪਰ ਜਦੋਂ ਦੋਸ਼ਾਂ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ 'ਚ ਕੋਈ ਸਚਾਈ ਨਹੀਂ ਹੈ।'' ਉਧਰ ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਕੇਟ ਬੈਡਿੰਗਫੀਲਡ ਨੇ ਵੀ ਕਿਹਾ ਕਿ ਦੋਸ਼ਾਂ 'ਚ ਕੋਈ ਸਚਾਈ ਨਹੀਂ ਹੈ। -ਪੀਟੀਆਈ



Most Read

2024-09-20 17:47:09