World >> The Tribune


ਰੂਸ ਤੇ ਯੂਕਰੇਨ ਦੀਆਂ ਫ਼ੌਜਾਂ ਵਿਚਾਲੇ ਕੀਵ ਨੇੜੇ ਲੜਾਈ ਤੇਜ਼


Link [2022-04-01 08:14:12]



ਕੀਵ, 31 ਮਾਰਚ

ਕੀਵ ਦੇ ਬਾਹਰਵਾਰ ਤੇ ਦੂਜੇ ਇਲਾਕਿਆਂ ਵਿੱਚ ਅੱਜ ਰੂਸ ਤੇ ਯੂਕਰੇਨ ਦੇ ਫ਼ੌਜੀਆਂ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਰੂਸ ਵੱਲੋਂ ਇਸ ਮਸਲੇ ਦੇ ਹੱਲ ਲਈ ਗੱਲਬਾਤ ਨੂੰ ਢਾਲ ਵਜੋਂ ਵਰਤਦਿਆਂ ਆਪਣੇ ਫ਼ੌਜੀਆਂ ਨੂੰ ਪੂਰਬੀ ਯੂਕਰੇਨ ਵਿੱਚ ਸਰਗਰਮੀ ਵਧਾਉਣ ਲਈ ਨਵੇਂ ਸਿਰਿਓਂ ਵਿਉਂਤਣ, ਭੇਜਣ ਤੇ ਮੁੜ ਤਾਇਨਾਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਤੜਕੇ ਸਵੇਰੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਯੂਕਰੇਨ ਵਿੱਚ ਰੂਸੀ ਫ਼ੌਜੀਆਂ ਵੱਲੋਂ ਡੋਨਬਸ 'ਚ ਸਰਗਰਮੀ ਤੇਜ਼ ਕੀਤੀ ਜਾ ਰਹੀ ਹੈ ਤੇ ਉਹ ਇਸ ਨਾਲ ਨਜਿੱਠਣ ਲਈ ਤਿਆਰੀ ਕਰ ਰਹੇ ਹਾਂ। ਇਸ ਦੌਰਾਨ ਰੂਸੀ ਫ਼ੌਜ ਵੱਲੋਂ ਇਲਾਕੇ ਵਿੱਚ ਸੀਮਤ ਗੋਲੀਬੰਦੀ ਲਈ ਸਹਿਮਤੀ ਦੇਣ ਤੋਂ ਬਾਅਦ ਮਾਰਿਉਪੋਲ ਸ਼ਹਿਰ ਵਿੱਚੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਬੱਸਾਂ ਦਾ ਇੱਕ ਕਾਫ਼ਲਾ ਰਵਾਨਾ ਹੋਇਆ। ਇਸ ਦੌਰਾਨ ਭਲਕੇ ਸ਼ੁੱਕਰਵਾਰ ਨੂੰ ਵੀਡੀਓ ਰਾਹੀਂ ਯੂਕਰੇਨ ਤੇ ਰੂਸ ਵਿਚਾਲੇ ਸੰਭਾਵਿਤ ਸ਼ਾਂਤੀ ਸਮਝੌਤੇ ਲਈ ਗੱਲਬਾਤ ਹੋ ਸਕਦੀ ਹੈ। ਇਹ ਜਾਣਕਾਰੀ ਯੂਕਰੇਨ ਦੇ ਵਫ਼ਦ ਦੇ ਮੁਖੀ ਨੇ ਦਿੱਤੀ।

ਰੈੱਡ ਕਰਾਸ ਨੇ ਕਿਹਾ ਕਿ ਇਸਦੀਆਂ ਟੀਮਾਂ ਮਾਰਿਉਪੋਲ ਸ਼ਹਿਰ ਵਿੱਚ ਰਾਹਤ ਤੇ ਮੈਡੀਕਲ ਸਮੱਗਰੀ ਸਮੇਤ ਰਵਾਨਾ ਹੋ ਗਈਆਂ ਹਨ ਤੇ ਇਸ ਨੂੰ ਆਸ ਹੈ ਕਿ ਸ਼ਹਿਰ 'ਚ ਬਾਕੀ ਬਚੇ ਸ਼ਹਿਰੀਆਂ ਨੂੰ ਬਚਾਇਆ ਜਾ ਸਕੇਗਾ। ਇਸ ਮੌਕੇ ਇੱਕ ਖੇਤਰੀ ਅਧਿਕਾਰੀ ਨੇ ਦੱਸਿਆ ਕਿ ਰੂਸੀ ਫ਼ੌਜਾਂ ਨੇ ਰਾਜਧਾਨੀ ਦੇ ਨੇੜਲੇ ਇਲਾਕਿਆਂ ਵਿੱਚ ਬੰਬਾਰੀ ਕੀਤੀ, ਜਿਸਦਾ ਹਾਲ ਹੀ 'ਚ ਰੂਸ ਨੇ ਮੁੜ ਕੰਟਰੋਲ ਹਾਸਲ ਕੀਤਾ ਸੀ। ਹਾਲਾਂਕਿ ਦੋ ਦਿਨ ਪਹਿਲਾਂ ਹੀ ਰੂਸ ਵੱਲੋਂ ਕੀਵ ਤੇ ਚਰਨੀਹੀਵ ਸ਼ਹਿਰ ਨੇੜੇ ਆਪਣੀਆਂ ਫ਼ੌਜੀ ਸਰਗਰਮੀਆਂ ਘਟਾਉਣ ਦਾ ਭਰੋਸਾ ਦਿਵਾਇਆ ਗਿਆ ਸੀ। ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਵੀ ਰੂਸ ਵੱਲੋਂ ਚਰਨੀਹੀਵ ਨੇੜੇ ਤੇਜ਼ ਬੰਬਾਰੀ ਤੇ ਮਿਜ਼ਾਇਲਾਂ ਰਾਹੀਂ ਹਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਵੀ ਯੂਕਰੇਨ ਦੇ ਤੇਲ ਸਟੋਰਾਂ 'ਤੇ ਬੁੱਧਵਾਰ ਦੇਰ ਰਾਤ ਹਮਲੇ ਕਰਨ ਦੀ ਜਾਣਾਕਰੀ ਦਿੱਤੀ ਹੈ। ਇਨ੍ਹਾਂ ਇਲਾਕਿਆਂ ਵਿੱਚ ਲੜਾਈ ਤੇਜ਼ ਹੋਣ ਦੇ ਬਾਵਜੂਦ ਰੂਸੀ ਫ਼ੌਜ ਨੇ ਕਿਹਾ ਹੈ ਕਿ ਇਹ ਮਾਰਿਉਪੋਲ ਤੋਂ ਯੂਕਰੇਨ ਦੇ ਕਬਜ਼ੇ ਵਾਲੇ ਸ਼ਹਿਰ ਜ਼ਪੋਰਿਜ਼ਹੀਆ ਤੱਕ ਗੋਲੀਬੰਦੀ ਲਈ ਵਚਨਵੱਧ ਹੈ। -ਏਪੀ

ਜ਼ੇਲੈਂਸਕੀ ਨੇ ਆਸਟਰੇਲੀਆ ਤੋਂ ਹਥਿਆਰਬੰਦ ਵਾਹਨ ਮੰਗੇ

ਕੈਨਬਰਾ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਆਸਟਰੇਲੀਆ ਤੋਂ ਰੂਸ ਖ਼ਿਲਾਫ਼ ਇਸਦੀ ਲੜਾਈ ਵਿੱਚ ਮਦਦ ਮੰਗੀ ਹੈ। ਉਨ੍ਹਾਂ ਹਥਿਆਰਬੰਦ ਵਾਹਨਾਂ ਤੋਂ ਇਲਾਵਾ ਰੂਸ 'ਤੇ ਹੋਰ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਆਸਟਰੇਲੀਆ ਨੂੰ ਭੇਜੇ ਗਏ ਵੀਡੀਓ ਸੁਨੇਹੇ ਨੂੰ ਅੱਜ ਇੱਥੋਂ ਦੀ ਸੰਸਦ 'ਚ ਦਿਖਾਇਆ ਗਿਆ। ਇਸ ਦੌਰਾਨ ਵਿਧਾਇਕਾਂ ਨੇ ਜ਼ੇਲੈਂਸਕੀ ਦੇ 16 ਮਿੰਟਾਂ ਦੇ ਭਾਸ਼ਣ ਦੀ ਸ਼ੁਰੂਆਤ ਤੇ ਅਖੀਰ 'ਤੇ ਖੜ੍ਹੇ ਹੋ ਕੇ ਉਨ੍ਹਾਂ ਦੀ ਹੌਸਲਾਅਫ਼ਜਾਈ ਕੀਤੀ। ਇਸ ਦੌਰਾਨ ਸ੍ਰੀ ਜ਼ੇਲੈਂਸਕੀ ਨੇ ਕੌਮਾਂਤਰੀ ਬੰਦਰਗਾਹਾਂ 'ਤੇ ਰੂਸ ਦੇ ਸਮੁੰਦਰੀ ਜਹਾਜ਼ਾਂ ਦੇ ਦਾਖ਼ਲੇ 'ਤੇ ਪਾਬੰਦੀ ਦੀ ਮੰਗ ਕੀਤੀ। ਆਸਟਰੇਲੀਆ ਵੱਲੋਂ ਪਹਿਲਾਂ ਹੀ ਯੂਕਰੇਨ ਨੂੰ ਫ਼ੌਜੀ ਸਹਾਇਤਾ 'ਚ 91 ਮਿਲੀਅਨ ਆਸਟਰੇਲੀਅਨ ਡਾਲਰ, 49 ਮਿਲੀਅਨ ਡਾਲਰਾਂ ਦੀ ਆਮ ਮਦਦ ਤੇ 70,000 ਮੀਟਰਿਕ ਟਨ ਕੋਲਾ ਪਹੁੰਚਾਇਆ ਜਾ ਚੁੱਕਾ ਹੈ। -ਪੀਟੀਆਈ

ਤੁਰਕੀ ਵੱਲੋਂ ਰੂਸ-ਯੂਕਰੇਨ ਵਿਚਾਲੇ ਅੱਗੇ ਗੱਲਬਾਤ ਲਈ ਪੇਸ਼ਕਸ਼

ਅੰਕਾਰਾ: ਤੁਰਕੀ ਦੇ ਸਰਵਉੱਚ ਕੂਟਨੀਤਕ ਨੇ ਕਿਹਾ ਹੈ ਕਿ ਅੰਕਾਰਾ ਵੱਲੋਂ ਯੂਕਰੇਨ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨੂੰ ਮੁੜ ਤੋਂ ਗੱਲਬਾਤ ਲਈ ਇੱਕ ਮੰਚ 'ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਤੁਰਕੀ ਦੇ 'ਐ ਹੈਬਰ' ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਮੇਵਲੁਤ ਕਾਵੂਸੋਗਲੂ ਨੇ ਕਿਹਾ ਕਿ ਇਹ ਮੀਟਿੰਗ ਦੋ ਹਫ਼ਤਿਆਂ ਅੰਦਰ ਹੋ ਸਕਦੀ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਇਸ ਤੋਂ ਪਹਿਲਾਂ ਤੁਰਕੀ ਨੇ ਇਸਤਾਂਬੁਲ ਵਿੱਚ ਯੂਕਰੇਨ ਤੇ ਰੂਸ ਦੇ ਵਾਰਤਾਕਾਰਾਂ ਦੀ ਆਹਮੋ-ਸਾਹਮਣੇ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਸੀ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਲਏ ਗਏ ਫ਼ੈਸਲੇ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ,'ਇਸ ਮੀਟਿੰਗ ਤੋਂ ਬਾਅਦ ਕੁਝ ਫ਼ੈਸਲੇ ਲਏ ਗਏ, ਖ਼ਾਸ ਤੌਰ 'ਤੇ ਤਣਾਅ ਘੱਟ ਕਰਨ ਨਾਲ ਸਬੰਧਤ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਫ਼ੈਸਲੇ ਜ਼ਮੀਨੀ ਤੌਰ 'ਤੇ ਲਾਗੂ ਕੀਤੇ ਗਏ- ਮਿਸਾਲ ਵਜੋਂ ਕੁਝ ਇਲਾਕਿਆਂ 'ਚੋਂ ਰੂਸੀ ਫ਼ੌਜੀਆਂ ਨੂੰ ਹਟਾਉਣ ਦਾ ਫ਼ੈਸਲਾ। ਰੂਸ ਦੇ ਪਾਬੰਦੀਸ਼ੁਦਾ ਅਰਬਪਤੀ ਅਬਰਾਮੋਵਿਚ ਦੇ ਗੱਲਬਾਤ ਦੌਰਾਨ ਮੌਜੂਦ ਰਹਿਣ ਬਾਰੇ ਪੁੱਛੇ ਸੁਆਲ 'ਤੇ ਕਾਵੂਸੋਗਲੂ ਨੇ ਕਿਹਾ ਕਿ ਕਾਰੋਬਾਰੀ ਯੁੱਧ ਨੂੰ ਖਤਮ ਕਰਨ ਲਈ ਉਪਯੋਗੀ ਕੋਸ਼ਿਸ਼ਾਂ 'ਚ ਲੱਗਿਆ ਹੋਇਆ ਹੈ। -ਏਪੀ



Most Read

2024-09-20 17:54:59