Breaking News >> News >> The Tribune


ਰੂਸ ਨਾਲ ਸਬੰਧ ਰੱਖਣ ਵਾਲੇ ਮੁਲਕਾਂ ਨੂੰ ਅਮਰੀਕਾ ਵੱਲੋਂ ਚਿਤਾਵਨੀ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਮੁੱਖ ਅੰਸ਼

ਬਰਤਾਨੀਆ ਦੀ ਵਿਦੇਸ਼ ਮੰਤਰੀ ਵੱਲੋਂ ਜੈਸ਼ੰਕਰ ਨਾਲ ਚਰਚਾ; ਰੂਸੀ ਵਿਦੇਸ਼ ਮੰਤਰੀ ਦਿੱਲੀ ਪੁੱਜੇ

ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਨੇ ਅੱਜ ਜਿੱਥੇ ਅਮਰੀਕਾ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਮੁਲਕਾਂ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਉੱਥੇ ਹੀ ਬਰਤਾਨਵੀ ਵਿਦੇਸ਼ ਮੰਤਰੀ ਨੇ ਭਾਰਤੀ ਵਿਦੇਸ਼ ਮੰਤਰੀ ਨਾਲ ਰੂਸ-ਯੂਕਰੇਨ ਜੰਗ ਬਾਰੇ ਗੱਲਬਾਤ ਕੀਤੀ।

ਆਪਣੇ ਦੋ ਰੋਜ਼ਾ ਦੌਰੇ ਦੇ ਦੂਜੇ ਦਿਨ ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਕਿਹਾ ਕਿ ਜੋ ਵੀ ਮੁਲਕ ਅਮਰੀਕਾ ਵੱਲੋਂ ਰੂਸ 'ਤੇ ਲਾਈਆਂ ਪਾਬੰਦੀਆਂ ਦੀ ਉਲੰਘਣਾ ਜਾਂ ਪਾਲਣਾ ਕਰੇਗਾ, ਉਨ੍ਹਾਂ ਲਈ ਨਤੀਜੇ ਵੱਖ ਵੱਖ ਹੋਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਭਾਰਤ ਵੱਲੋਂ ਰੂਸ ਤੋਂ ਊਰਜਾ ਤੇ ਹੋਰ ਪਦਾਰਥਾਂ ਦੀ ਕੀਤੀ ਜਾ ਰਹੀ ਦਰਾਮਦ 'ਚ ਤੇਜ਼ੀ ਨਹੀਂ ਦੇਖਣਾ ਚਾਹੇਗਾ। ਅਮਰੀਕੀ ਆਗੂ ਨੇ ਮਾਸਕੋ ਤੇ ਪੇਈਚਿੰਗ ਦਰਮਿਆਨ 'ਹੱਦ ਰਹਿਤ' ਭਾਈਵਾਲੀ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਇਸ ਗੱਲ ਦਾ ਭਰੋਸਾ ਨਹੀਂ ਹੈ ਕਿ ਜੇਕਰ ਚੀਨ ਮੁੜ ਅਸਲ ਕੰਟਰੋਲ ਰੇਖਾ ਟੱਪੇਗਾ ਤਾਂ ਰੂਸ, ਭਾਰਤ ਦੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇ ਰੂਸ ਤੋਂ ਜੋ ਤੇਲ ਉਤਪਾਦਾਂ ਦੀ ਦਰਾਮਦ ਕੀਤੀ ਹੈ, ਉਸ ਨਾਲ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਦੀ ਕੋਈ ਉਲੰਘਣਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਵਾਸ਼ਿੰਗਟਨ ਚਾਹੇਗਾ ਕਿ ਉਸ ਦੇ ਭਾਈਵਾਲ ਤੇ ਸਹਿਯੋਗੀ ਇਸ 'ਗ਼ੈਰ ਭਰੋਸੇਯੋਗ ਸਪਲਾਇਰ' 'ਤੇ ਨਿਰਭਰਤਾ ਘਟਾਉਣ ਦੇ ਰਾਹ ਲੱਭਣ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਭਾਰਤ ਵੱਲੋਂ ਰੂਸ ਤੋਂ ਉਨ੍ਹਾਂ ਪਦਾਰਥਾਂ ਦੀ ਦਰਾਮਦ ਵਿੱਚ ਤੇਜ਼ੀ ਨਹੀਂ ਦੇਖਣਾ ਚਾਹਾਂਗੇ, ਜਿਨ੍ਹਾਂ 'ਤੇ ਅਮਰੀਕਾ ਨੇ ਪਾਬੰਦੀ ਲਗਾਈ ਹੋਈ ਹੈ।' ਉਹ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਦਰਾਮਦ ਸਬੰਧੀ ਲਏ ਗਏ ਫ਼ੈਸਲੇ ਦੇ ਸੰਦਰਭ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਤੇਲ ਤੇ ਰੱਖਿਆ ਉਤਪਾਦਾਂ ਦੀ ਜ਼ਰੂਰਤ ਪੂਰੀ ਕਰਨ ਲਈ ਭਾਰਤ ਦੀ ਮਦਦ ਲਈ ਤਿਆਰ ਹੈ।

ਇਸੇ ਦਰਮਿਆਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਲਿਜ਼ ਟਰੱਸ ਵਿਚਾਲੇ ਯੂਕਰੇਨ ਸੰਕਟ ਬਾਰੇ ਗੱਲਬਾਤ ਹੋਈ। ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਟਰੱਸ ਨੇ ਕਿਹਾ ਕਿ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਦਾ ਸਨਮਾਨ ਕਰਨਾ ਮਹੱਤਵਪੂਰਨ ਹੈ।

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਬਰਤਾਨੀਆ ਦੇ ਵਿਦੇਸ਼ ਸਕੱਤਰ ਲਿਜ਼ ਟਰੱਸ ਨਵੀਂ ਦਿੱਲੀ ਵਿੱਚ ਮਿਲਦੇ ਹੋਏ। -ਫੋਟੋ: ਰਾਇਟਰਜ਼

ਜੈਸ਼ੰਕਰ ਨੇ ਰੋਡਮੈਡ-2030 ਨੂੰ ਅਮਲ 'ਚ ਲਿਆਉਣ ਬਾਰੇ ਗੱਲ ਕੀਤੀ ਜਿਸ ਨੂੰ ਪਿਛਲੇ ਸਾਲ ਮਈ 'ਚ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਹੋਰ ਵਿਸਥਾਰ ਦੇਣ ਲਈ ਅਪਣਾਇਆ ਗਿਆ ਸੀ। ਬਰਤਾਨਵੀ ਹਾਈ ਕਮਿਸ਼ਨ ਨੇ ਇੱਕ ਬਿਆਨ 'ਚ ਕਿਹਾ ਕਿ ਟਰੱਸ ਨੇ ਭਾਰਤੀ ਵਿਦੇਸ਼ ਮੰਤਰੀ ਨਾਲ ਮੀਟਿੰਗ ਦੌਰਾਨ ਯੂਕਰੇਨ 'ਤੇ ਰੂਸ ਦਾ ਹਮਲਾ ਰੋਕਣ, ਆਲਮੀ ਸੁਰੱਖਿਆ ਮਜ਼ਬੂਤ ਕਰਨ ਲਈ ਜਮਹੂਰੀ ਮੁਲਕਾਂ ਦੇ ਮਿਲ ਕੇ ਕੰਮ ਕਰਨ ਦੇ ਮਹੱਤਵ ਬਾਰੇ ਚਰਚਾ ਕੀਤੀ। ਇਸੇ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਆਪਣੇ ਡੱਚ ਹਮਰੁਤਬਾ ਜਿਓਫਰੀ ਵੈਨ ਲਿਊਵੇਨ ਨਾਲ ਮੀਟਿੰਗ ਕਰਕੇ ਦੁਵੱਲੇ ਸੁਰੱਖਿਆ ਸਬੰਧਾਂ ਤੇ ਯੂਕਰੇਨ ਸੰਕਟ ਬਾਰੇ ਚਰਚਾ ਕੀਤੀ। -ਪੀਟੀਆਈ

ਰੂਸੀ ਵਿਦੇਸ਼ ਮੰਤਰੀ ਲਾਵਰੋਵ ਭਾਰਤ ਪਹੁੰਚੇ

ਨਵੀਂ ਦਿੱਲੀ: ਰੂਸ ਦੇ ਵਿਦੇਸ਼ ਮੰਤਰੀ ਸੇਰਗੇਈ ਲਾਵਰੋਵ ਅੱਜ ਦੋ ਰੋਜ਼ਾ ਯਾਤਰਾ 'ਤੇ ਭਾਰਤ ਪਹੁੰਚ ਗਏ ਹਨ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਲਾਵਰੋਵ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਸੂਤਰਾਂ ਅਨੁਸਾਰ ਇਸ ਮੁਲਾਕਾਤ ਦੌਰਾਨ ਭਾਰਤ ਵੱਲੋਂ ਰੂਸ ਤੋਂ ਐੱਸ-400 ਮਿਜ਼ਾਈਲ ਪ੍ਰਣਾਲੀ ਦੇ ਪੁਰਜ਼ੇ ਤੇ ਹੋਰ ਫੌਜੀ ਸਾਜ਼ੋ ਸਾਮਾਨ ਦੀ ਸਪਲਾਈ ਯਕੀਨੀ ਬਣਾਉਣ 'ਤੇ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ



Most Read

2024-09-21 15:45:30