Breaking News >> News >> The Tribune


ਕੇਂਦਰੀ ਹਕੂਮਤ ਵਾਲੀ ਪਾਰਟੀ ਗੁੰਡਾਗਰਦੀ ਕਰੇਗੀ ਤਾਂ ਗਲਤ ਸੁਨੇਹਾ ਜਾਵੇਗਾ: ਕੇਜਰੀਵਾਲ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਕੇਂਦਰ 'ਚ ਬੈਠੀ ਪਾਰਟੀ ਵੱਲੋਂ 'ਗੁੰਡਾਗਰਦੀ' ਕੀਤੀ ਜਾਵੇਗੀ ਤਾਂ ਇਸ ਨਾਲ ਲੋਕਾਂ 'ਚ ਗਲਤ ਸੁਨੇਹਾ ਜਾਵੇਗਾ ਅਤੇ ਦੇਸ਼ ਤਰੱਕੀ ਦੇ ਰਾਹ 'ਤੇ ਨਹੀਂ ਪਵੇਗਾ। ਉਂਜ ਉਨ੍ਹਾਂ ਆਪਣੇ ਬਿਆਨ 'ਚ ਭਾਜਪਾ ਦਾ ਨਾਮ ਨਹੀਂ ਲਿਆ ਹੈ। ਕੇਜਰੀਵਾਲ ਦਾ ਇਹ ਬਿਆਨ ਭਾਜਪਾ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸਰਕਾਰੀ ਸੰਪਤੀ ਦੀ ਭੰਨ-ਤੋੜ ਕਰਨ ਦੇ ਇਕ ਦਿਨ ਬਾਅਦ ਆਇਆ ਹੈ। ਮੋਰਚੇ ਦੇ ਕਾਰਕੁਨਾਂ ਨੇ 'ਦਿ ਕਸ਼ਮੀਰ ਫਾਈਲਜ਼' ਫਿਲਮ 'ਤੇ ਕੇਜਰੀਵਾਲ ਦੀ ਟਿੱਪਣੀ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਭੰਨ-ਤੋੜ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ,''ਅਰਵਿੰਦ ਕੇਜਰੀਵਾਲ ਨਹੀਂ ਸਗੋਂ ਦੇਸ਼ ਮਹੱਤਵਪੂਰਨ ਹੈ। ਮੈਂ ਬੜਾ ਛੋਟਾ ਵਿਅਕਤੀ ਅਤੇ ਆਮ ਆਦਮੀ ਹਾਂ। ਮੈਂ ਦੇਸ਼ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦਾ ਹਾਂ। ਅਜਿਹੀ ਗੁੰਡਾਗਰਦੀ ਨਾਲ ਭਾਰਤ ਦੀ ਤਰੱਕੀ ਨਹੀਂ ਹੋਵੇਗੀ।'' ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਿਆਰ ਨਾਲ ਕੰਮ ਕਰਨਾ ਪਵੇਗਾ ਤਾਂ ਹੀ ਦੇਸ਼ ਖੁਸ਼ਹਾਲ ਬਣ ਸਕਦਾ ਹੈ। 'ਅਸੀਂ ਪਹਿਲਾਂ ਹੀ ਗੰਦੀ ਸਿਆਸਤ, ਲੜਾਈ-ਝਗੜੇ ਅਤੇ ਗੁੰਡਾਗਰਦੀ ਕਰਕੇ 75 ਸਾਲ ਬਰਬਾਦ ਕਰ ਦਿੱਤੇ ਹਨ। ਜੇਕਰ ਹੁਣ ਅਸੀਂ ਆਪਣੇ ਮੁਲਕ ਨੂੰ ਅਗਾਂਹ ਲਿਜਾਉਣਾ ਚਾਹੁੰਦੇ ਹਾਂ ਅਤੇ ਭਾਰਤ ਨੂੰ 21ਵੀਂ ਸਦੀ ਦਾ ਮੁਲਕ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਮਿਲ ਕੇ ਪਿਆਰ ਨਾਲ ਕੰਮ ਕਰਨਾ ਪਵੇਗਾ।' -ਪੀਟੀਆਈ

ਰਿਹਾਇਸ਼ 'ਤੇ ਭੰਨ-ਤੋੜ ਕਰਨ ਵਾਲੇ 8 ਗ੍ਰਿਫ਼ਤਾਰ, ਮਾਮਲਾ ਹਾਈ ਕੋਰਟ ਪੁੱਜਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਭੰਨ-ਤੋੜ ਕਰਨ ਦੇ ਮਾਮਲੇ 'ਚ ਪੁਲੀਸ ਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ 'ਆਪ' ਵਿਧਾਇਕ ਸੌਰਭ ਭਾਰਦਵਾਜ ਨੇ ਦਿੱਲੀ ਹਾਈ ਕੋਰਟ ਦਾ ਰੁਖ ਕਰਕੇ ਕੇਜਰੀਵਾਲ ਦੀ ਰਿਹਾਇਸ਼ 'ਤੇ ਹੋਏ ਹਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਹੈ। ਦਿੱਲੀ ਹਾਈ ਕੋਰਟ ਵੱਲੋਂ ਅਰਜ਼ੀ ਭਲਕੇ ਸੁਣਵਾਈ ਲਈ ਸੂਚੀਬੱਧ ਕੀਤੀ ਜਾ ਸਕਦੀ ਹੈ।



Most Read

2024-09-21 17:36:11