Breaking News >> News >> The Tribune


ਤੇਲ ਕੀਮਤਾਂ ’ਚ ਵਾਧਾ ਵਾਪਸ ਲਵੇ ਕੇਂਦਰ ਸਰਕਾਰ: ਰਾਹੁਲ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਤੇਲ ਕੀਮਤਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਤੱਕ ਰਿਕਾਰਡ ਵਾਧਾ ਕੀਤਾ ਜਾ ਚੁੱਕਾ ਹੈ ਤੇ ਇਹ ਵਾਧਾ ਵਾਪਸ ਲਿਆ ਜਾਣਾ ਚਾਹੀਦਾ ਹੈ।

ਇੱਥੇ ਵਿਜੈ ਚੌਕ 'ਚ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਦਸ ਦਿਨ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਨੌਂ ਵਾਰ ਵਾਧਾ ਹੋ ਚੁੱਕਾ ਹੈ ਅਤੇ ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜ਼ਿੰਦਗੀ 'ਤੇ ਹੋ ਰਿਹਾ ਹੈ। ਸੰਸਦ ਦੇ ਦੋਵਾਂ ਸਦਨਾਂ ਦੇ ਕਾਂਗਰਸ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਤੇ ਉਨ੍ਹਾਂ ਇੱਥੇ ਤੇਲ ਕੀਮਤਾਂ ਦੇ ਵਿਰੋਧ ਵਿੱਚ ਧਰਨਾ ਦਿੱਤਾ। ਇਸ ਮੌਕੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਕਿਹਾ, 'ਵਧ ਰਹੀਆਂ ਤੇਲ ਕੀਮਤਾਂ ਕਾਰਨ ਗਰੀਬ ਤੇ ਮੱਧਵਰਗ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਲਈ ਸਰਕਾਰ ਤੋਂ ਸਾਡੀ ਮੰਗ ਹੈ ਕਿ ਸਰਕਾਰ ਤੇਲ ਕੀਮਤਾਂ ਨੂੰ ਕੰਟਰੋਲ ਕਰੇ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ।' ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਅਸੀਂ ਦੇਖ ਰਹੇ ਹਾਂ ਕਿ ਪੈਟਰੋਲ ਤੇ ਡੀਜ਼ਲ ਲਗਾਤਾਰ ਮਹਿੰਗੇ ਹੋ ਰਹੇ ਹਨ। ਸਰਕਾਰ ਇਸ ਤੋਂ ਕਰੋੜਾਂ ਰੁਪਏ ਕਮਾ ਰਹੀ ਹੈ। ਇਸ ਖ਼ਿਲਾਫ਼ ਕਾਂਗਰਸ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕਰ ਰਹੀ ਹੈ। ਸਰਕਾਰ ਨੂੰ ਇਹ ਰੋਕਣਾ ਚਾਹੀਦਾ ਹੈ ਤੇ ਭਰੋਸਾ ਦੇਣਾ ਚਾਹੀਦਾ ਹੈ ਕਿ ਤੇਲ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ।' ਉਨ੍ਹਾਂ ਕਿਹਾ, 'ਮੈਂ ਪਹਿਲਾਂ ਹੀ ਕਿਹਾ ਸੀ ਕਿ ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾ ਲੈਣ ਕਿਉਂਕਿ ਜਦੋਂ ਚੋਣਾਂ ਹੋ ਜਾਣਗੀਆਂ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਲੱਗ ਪਵੇਗਾ।'

ਸ੍ਰੀ ਗਾਂਧੀ ਨੇ ਭਾਰਤੀ ਉਪ ਮਹਾਦੀਪ 'ਚ ਤੇਲ ਕੀਮਤਾਂ ਦੇ ਵੇਰਵੇ ਟਵਿੱਟਰ 'ਤੇ ਸਾਂਝੇ ਕਰਦਿਆਂ ਦੱਸਿਆ ਕਿ ਭਾਰਤੀ ਰੁਪਏ ਵਿੱਚ ਅਫ਼ਗਾਨਿਸਤਾਨ 'ਚ ਪੈਟਰੋਲ 66.99 ਰੁਪਏ ਪ੍ਰਤੀ ਲਿਟਰ, ਪਾਕਿਸਤਾਨ 'ਚ 62.38 ਰੁਪਏ, ਸ੍ਰੀਲੰਕਾ 'ਚ 72.76, ਭੂਟਾਨ 'ਚ 78.53, ਨੇਪਾਲ ਵਿੱਚ 97.05 ਤੇ ਭਾਰਤ ਵਿੱਚ 101.81 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉਨ੍ਹਾਂ ਹੈਸ਼ਟੈਗ 'ਮਹਿੰਗਾਈ ਮੁਕਤ ਭਾਰਤ' ਦੀ ਵਰਤੋਂ ਕਰਦਿਆਂ ਟਵੀਟ ਕੀਤਾ, 'ਕੈਮਰੇ ਅੱਗੇ ਗਿਆਨ ਸਾਂਝਾ ਕਰਨ ਵਾਲੇ 'ਫਕੀਰ' ਨੂੰ ਸਵਾਲ ਨਾ ਕਰੋ ਜੋ 'ਜੁਮਲਿਆਂ' ਦਾ ਝੋਲਾ ਭਰ ਕੇ ਭਾਰਤ ਨੂੰ ਲੁੱਟ ਰਿਹਾ ਹੈ।' -ਪੀਟੀਆਈ

ਤੇਲ ਕੀਮਤਾਂ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ 'ਚ ਹੰਗਾਮਾ

ਨਵੀਂ ਦਿੱਲੀ: ਕਾਂਗਰਸ, ਤ੍ਰਿਣਾਮੂਲ ਕਾਂਗਰਸ ਸਮੇਤ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਇਜਾਜ਼ਤ ਨਾ ਮਿਲਣ 'ਤੇ ਰੋਸ ਜਤਾਉਂਦਿਆਂ ਸਦਨ 'ਚੋਂ ਵਾਕਆਊਟ ਕਰ ਦਿੱਤਾ। ਲੋਕ ਸਭਾ ਦੀ ਕਾਰਵਾਈ ਸਵੇਰੇ ਸ਼ੁਰੂ ਹੋਣ 'ਤੇ ਵਿਰੋਧੀ ਪਾਰਟੀਆਂ ਦੇ ਮੈਂਬਰ ਤੇਲ ਕੀਮਤਾਂ 'ਚ ਵਾਧੇ ਦਾ ਮੁੱਦਾ ਉਠਾਉਣ ਲੱਗੇ ਅਤੇ ਸਪੀਕਰ ਦੀ ਸੀਟ ਨੇੜੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ। ਲੋਕ ਸਭਾ ਦੇ ਪ੍ਰਧਾਨ ਓਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਸੰਸਦ ਮੈਂਬਰਾਂ ਨੂੰ ਇਹ ਮੁੱਦਾ ਉਠਾਉਣ ਲਈ ਇਸ ਸੈਸ਼ਨ ਦੌਰਾਨ ਚਾਰ ਵਾਰ ਮੌਕਾ ਦਿੱਤਾ ਹੈ। ਵਿਰੋਧੀ ਮੈਂਬਰਾਂ ਦਾ ਹੰਗਾਮਾ ਹਾਲਾਂਕਿ ਜਾਰੀ ਰਿਹਾ ਅਤੇ ਪ੍ਰਧਾਨ ਨੇ ਹੰਗਾਮੇ ਵਿਚਾਲੇ ਹੀ ਪ੍ਰਸ਼ਨ ਕਾਲ ਚਲਾਇਆ। ਕਾਂਗਰਸ, ਟੀਐੱਮਸੀ, ਡੀਐੱਮਕੇ, ਸੀਪੀਆਈ (ਐੱਮ), ਸੀਪੀਆਈ ਦੇ ਮੈਂਬਰਾਂ ਨੇ ਇਹ ਮੁੱਦਾ ਉਠਾਉਣ ਦੀ ਇਜਾਜ਼ਤ ਨਾ ਮਿਲਣ 'ਤੇ ਵਿਰੋਧ ਜ਼ਾਹਿਰ ਕੀਤਾ। ਕਰੀਬ 30 ਮਿੰਟ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ 'ਚੋਂ ਵਾਕਆਊਟ ਕਰ ਗਏ। -ਪੀਟੀਆਈ



Most Read

2024-09-21 17:57:39