Breaking News >> News >> The Tribune


ਦੇਸ਼, ਮੋਦੀ ਅਤੇ ਸ਼ਾਹ ਬਾਰੇ ਭੜਕਾਊ ਟਿੱਪਣੀਆਂ ਲਈ ਕੱਵਾਲ ਖ਼ਿਲਾਫ਼ ਕੇਸ


Link [2022-04-01 08:14:11]



ਰੀਵਾ, 31 ਮਾਰਚ

ਮੁੱਖ ਅੰਸ਼

ਕੱਵਾਲ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਮੱਧ ਪ੍ਰਦੇਸ਼ ਦੇ ਮੰਤਰੀ ਨੇ ਕਲਾਕਾਰਾਂ ਨੂੰ ਦਿੱਤੀ ਚਿਤਾਵਨੀ

ਮੱਧ ਪ੍ਰਦੇਸ਼ ਪੁਲੀਸ ਨੇ ਦੇਸ਼, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਥਿਤ ਤੌਰ 'ਤੇ ਭੜਕਾਊ ਟਿੱਪਣੀਆਂ ਕਰਨ ਦੇ ਦੋਸ਼ ਹੇਠ ਕੱਵਾਲ ਸ਼ਰੀਫ਼ ਪਰਵਾਜ਼ ਵਿਰੁੱਧ ਕੇਸ ਦਰਜ ਕੀਤਾ ਹੈ। ਰੀਵਾ ਜ਼ਿਲ੍ਹੇ ਦੇ ਮਾਂਗਵਾ ਕਸਬੇ 'ਚ 28 ਮਾਰਚ ਨੂੰ ਹੋਏ ਸੰਗੀਤਕ ਪ੍ਰੋਗਰਾਮ ਦੌਰਾਨ ਕੱਵਾਲ ਵੱਲੋਂ ਭਾਰਤ, ਮੋਦੀ, ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਲਾਕਾਰਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਖ਼ਿਲਾਫ਼ ਕੋਈ ਵੀ ਗੀਤ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੇ ਦਿਮਾਗ 'ਚ ਦੇਸ਼ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ ਕਿਉਂਕਿ ਕੇਂਦਰ 'ਚ 'ਰਾਸ਼ਟਰਵਾਦੀਆਂ' ਵੱਲੋਂ ਸਰਕਾਰ ਚਲਾਈ ਜਾ ਰਹੀ ਹੈ। ਕਸਬੇ ਦੇ ਕੁਝ ਵਸਨੀਕਾਂ ਵੱਲੋਂ ਸ਼ਿਕਾਇਤ ਦਰਜ ਕਰਾਉਣ ਮਗਰੋਂ ਬੁੱਧਵਾਰ ਨੂੰ ਸ਼ਰੀਫ਼ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਕੱਵਾਲ ਦਾ ਨਾਮ ਨਵਾਜ਼ ਸ਼ਰੀਫ਼ ਦੱਸਿਆ ਸੀ।

ਵੀਡੀਓ 'ਚ ਸ਼ਰੀਫ਼ ਇਹ ਆਖਦਾ ਸੁਣਾਈ ਦੇ ਰਿਹਾ ਹੈ,''ਮੋਦੀ ਜੀ ਕਹਿਤੇ ਹੈਂ ਹਮ ਹੈਂ, ਯੋਗੀ ਜੀ ਕਹਿਤੇ ਹੈਂ ਹਮ ਹੈਂ, ਅਮਿਤ ਸ਼ਾਹ ਕਹਿਤੇ ਹੈਂ ਹਮ ਹੈਂ, ਲੇਕਿਨ ਹੈ ਕੌਣ? ਅਗਰ ਗਰੀਬ ਨਵਾਜ਼ ਚਾਹ ਲੇ ਤੋ ਹਿੰਦੂਸਤਾਨ ਪਤਾ ਹੀ ਨਹੀਂ ਚਲੇਗਾ ਕਹਾਂ ਪਰ ਬਸਾ ਥਾ, ਕਹਾਂ ਪਰ ਥਾ।'' ਭੋਪਾਲ 'ਚ ਮੰਤਰੀ ਮਿਸ਼ਰਾ ਨੇ ਕਿਹਾ ਕਿ ਕੱਵਾਲ ਖ਼ਿਲਾਫ਼ ਧਾਰਾ 505, 153 ਅਤੇ 298 ਤਹਿਤ ਪਰਚਾ ਦਰਜ ਕੀਤਾ ਗਿਆ ਹੈ। -ਪੀਟੀਆਈ



Most Read

2024-09-21 18:01:46