Breaking News >> News >> The Tribune


ਪੈਟਰੋਲ ਤੇ ਈ-ਵਾਹਨਾਂ ਦੀ ਕੀਮਤ ਬਰਾਬਰ ਹੋਵੇਗੀ: ਗਡਕਰੀ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਵਿੱਚ ਦੱਸਿਆ ਕਿ ਦੋ ਸਾਲਾਂ ਅੰਦਰ ਦੇਸ਼ ਵਿੱਚ ਪੈਟਰੋਲ ਤੇ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਬਰਾਬਰ ਹੋਣਗੀਆਂ। ਗਡਕਰੀ ਨੇ ਕਿਹਾ ਕਿ ਸੰਸਦੀ ਅਹਾਤੇ 'ਚ ਚਾਰਜਿੰਗ ਸਟੇਸ਼ਨ ਲੱਗ ਜਾਣ ਤੋਂ ਬਾਅਦ ਸੰਸਦ ਮੈਂਬਰ ਬਿਜਲਈ ਵਾਹਨ ਖਰੀਦ ਸਕਦੇ ਹਨ। ਉਨ੍ਹਾਂ ਪ੍ਰਸ਼ਨ ਕਾਲ ਦੌਰਾਨ ਕਿਹਾ, 'ਮੈਂ ਸਾਰੇ ਸੰਸਦ ਮੈਂਬਰਾਂ ਨੂੰ ਭਰੋਸਾ ਦਿੰਦਾ ਹਾਂ ਕਿ ਦੋ ਸਾਲਾਂ ਅੰਦਰ ਇਲੈਕਟ੍ਰਿਕ ਦੋਪਹੀਆ, ਤਿੰਨ ਪਹੀਆ ਤੇ ਚਾਰ ਪਹੀਆ ਵਾਹਨਾਂ ਦੀਆਂ ਕੀਮਤਾਂ ਪੈਟਰੋਲ ਵਾਲੇ ਵਾਹਨਾਂ ਦੇ ਬਰਾਬਰ ਹੋਣਗੀਆਂ ਅਤੇ ਦੇਸ਼ ਬਦਲ ਜਾਵੇਗਾ।' ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਬਲਦਵੇਂ ਈਂਧਣ ਜਿਵੇਂ ਹਰਿਤ ਹਾਈਡਰੋਜਨ, ਬਿਜਲੀ,ਈਥਾਨੌਲ, ਮੈਥਾਨੌਲ, ਬਾਇਓ-ਡੀਜ਼ਲ, ਬਾਇਓ-ਐੱਲਐੱਨਜੀ ਤੇ ਬਾਇਓ-ਸੀਐੱਨਜੀ ਹੈ ਅਤੇ ਸਰਕਾਰ ਇਸ ਦਿਸ਼ਾ ਵੱਲ ਕੰਮ ਕਰ ਰਹੀ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਪਿਛਲੇ ਇੱਕ ਹਫ਼ਤੇ ਅੰਦਰ ਦੋਪਹੀਆ ਇਲੈਕਟ੍ਰਿਕ ਵਾਹਨਾਂ 'ਚ ਅੱਗ ਲੱਗਣ ਦੀਆਂ ਚਾਰ ਘਟਨਾਵਾਂ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਸਰਕਾਰ ਫੋਰੈਂਸਿਕ ਜਾਂਚ ਤੋਂ ਬਾਅਦ ਵਾਹਨਾਂ ਦੇ ਨਿਰਮਾਤਾਵਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰੇਗੀ।

ਲੋਕ ਸਭਾ ਵਿੱਚ ਇੱਕ ਵੱਖਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਟਰੱਕਾਂ ਤੇ ਬੱਸਾਂ ਦੇ 37,078 ਦੇ ਹਾਦਸੇ ਹੋਏ ਹਨ ਤੇ ਇਨ੍ਹਾਂ ਹਾਦਸਿਆਂ 'ਚ 13,532 ਮੌਤਾਂ ਹੋਈਆਂ ਹਨ। ਉਨ੍ਹਾਂ ਸਦਨ ਵਿੱਚ ਲਿਖਤੀ ਜਵਾਬ ਵਿੱਚ ਦੱਸਿਆ ਕਿ ਕੌਮੀ ਮਾਰਗਾਂ 'ਤੇ ਟਰੱਕ ਡਰਾਈਵਰਾਂ ਸਮੇਤ ਹੋਰ ਵਾਹਨ ਚਾਲਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਵੱਲ ਧਿਆਨ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਫਾਸਟ ਟੈਗ ਸਿਸਟਮ ਨਾਲ ਹੁਣ ਵਾਹਨਾਂ ਨੂੰ ਟੌਲ ਪਲਾਜ਼ਿਆਂ ਨੂੰ ਪਾਰ ਕਰਨ 'ਚ ਸਿਰਫ਼ 47 ਸਕਿੰਟ ਦਾ ਸਮਾਂ ਲੱਗਦਾ ਹੈ ਤੇ ਟੌਲ ਪਲਾਜ਼ਿਆਂ 'ਤੇ ਲੱਗਣ ਵਾਲਾ ਸਮਾਂ 56 ਫੀਸਦ ਤੱਕ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਅੰਦਰ 24 ਮਾਰਚ 2022 ਤੱਕ ਫਾਸਟ ਟੈਗ ਰਾਹੀਂ ਕੁੱਲ 32,451 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। -ਪੀਟੀਆਈ



Most Read

2024-09-21 15:52:13