World >> The Tribune


ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲੋਂ ਬਹੁਮਤ ਖੁੱਸਿਆ


Link [2022-03-31 08:34:04]



ਇਸਲਾਮਾਬਾਦ, 30 ਮਾਰਚ

ਮੁੱਖ ਅੰਸ਼

ਸ਼ਾਹਬਾਜ਼ ਸ਼ਰੀਫ ਦੇ ਅਗਲਾ ਪ੍ਰਧਾਨ ਮੰਤਰੀ ਬਣਨ ਦੇ ਚਰਚੇ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸੰਸਦ ਵਿੱਚ ਬਹੁਮਤ ਗੁਆ ਲਿਆ। ਦਰਅਸਲ, ਸੱਤਾਧਾਰੀ ਗੱਠਜੋੜ 'ਚ ਸ਼ਾਮਲ ਇੱਕ ਮੁੱਖ ਭਾਈਵਾਲ ਨੇ ਵਿਰੋਧੀ ਧਿਰ ਦਾ ਸਾਥ ਦੇ ਦਿੱਤਾ, ਜਿਸ ਵੱਲੋਂ ਕੌਮੀ ਅਸੈਂਬਲੀ ਵਿੱਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪਾਇਆ ਗਿਆ ਸੀ। ਮੁਲਕ ਦੀ ਤਹਿਰੀਕ-ਏ-ਇਨਸਾਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੀ ਮੁੱਖ ਭਾਈਵਾਲ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ ਨੇ ਆਪਣੇ ਸੱਤ ਮੈਂਬਰਾਂ ਨਾਲ ਐਲਾਨ ਕੀਤਾ ਕਿ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਸ ਵੱਲੋਂ ਸਰਕਾਰ ਤੋਂ ਅੱਡ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਰੋਧੀ ਧਿਰ ਵੱਲੋਂ 342 ਸੀਟਾਂ ਵਾਲੇ ਹੇਠਲੇ ਸਦਨ ਵਿੱਚ ਉਨ੍ਹਾਂ ਨੂੰ ਗੱਦੀਓਂ ਲਾਹੁਣ ਲਈ ਕੀਤੀ ਕੋਸ਼ਿਸ਼ ਨੂੰ ਫੇਲ੍ਹ ਕਰਨ ਲਈ 172 ਵੋਟਾਂ ਦੀ ਲੋੜ ਸੀ। ਹਾਲਾਂਕਿ, ਜਮਾਇਤ ਉਲੇਮਾ-ਏ-ਇਸਲਾਮਾ ਦੇ ਮੁਖੀ ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਵਿਰੋਧੀਆਂ ਕੋਲ 175 ਵਿਧਾਇਕਾਂ ਦਾ ਸਮਰਥਨ ਹੈ ਤੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਦੌਰਾਨ ਇਮਰਾਨ ਖਾਨ ਨੇ ਮੁਲਕ ਨੂੰ ਸੰਬੋਧਨ ਕਰ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਹੈ।

ਐੱਮਕਿਊਐੱਮ ਦੇ ਆਗੂ ਖਾਲਿਦ ਮਕਮੂਲ ਸਿੱਦੀਕੀ ਤੇ ਵਿਰੋਧੀ ਧਿਰ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਪ੍ਰੈੱਸ ਕਾਨਫਰੰਸ ਲਈ ਪੁੱਜਣ ਮੌਕੇ। -ਫੋਟੋ: ਏਪੀ/ਪੀਟੀਆਈ

ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ)ਦੇ ਮੁਖੀ ਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ 69 ਸਾਲਾ ਖਾਨ ਨੂੰ ਹਟਾਉਣ ਮਗਰੋਂ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਸ਼ਾਹਬਾਜ਼ ਨੇ ਕਿਹਾ ਕਿ ਅੱਜ ਇੱਕ ਅਹਿਮ ਦਿਨ ਹੈ ਕਿਉਂਕਿ ਵਿਰੋਧੀ ਪਾਰਟੀਆਂ ਪਾਕਿਸਤਾਨ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਭਾਵੇਂ ਉਨ੍ਹਾਂ ਨੂੰ ਲੋਕਾਂ ਵੱਲੋਂ ਚੁਣਿਆ ਗਿਆ ਹੈ, ਇੱਕ ਨਵੀਂ ਰਵਾਇਤ ਕਾਇਮ ਕਰਨ ਲਈ ਅਸਤੀਫ਼ਾ ਦੇ ਦੇਣ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਹੁਮਤ ਗੁਆ ਚੁੱਕੇ ਹਨ। ਇਸ ਦੌਰਾਨ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਸ੍ਰੀ ਖਾਨ ਨੇ ਇੱਕ ਧਮਕੀ ਭਰਿਆ ਪੱਤਰ ਵੀ ਸਾਂਝਾ ਕੀਤਾ ਸੀ, ਜਿਨ੍ਹਾਂ ਉਨ੍ਹਾਂ 'ਤੇ ਪੂਰਾ ਭਰੋਸਾ ਪ੍ਰਗਟਾਇਆ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੈਬਨਿਟ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀ। ਕੈਬਨਿਟ ਮੈਂਬਰਾਂ ਤੇ ਇਸ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਲੈਣ ਲਈ ਸੱਦੇ ਗਏ ਮੈਂਬਰਾਂ ਨੂੰ ਧਮਕੀ ਭਰੇ ਪੱਤਰ ਸਬੰਧੀ ਭਰੋਸੇ 'ਚ ਲਿਆ ਗਿਆ, ਜਿਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੱਤਰ ਉਨ੍ਹਾਂ ਦੀ ਸਰਕਾਰ ਡੇਗਣ ਲਈ ਕੀਤੀ ਗਈ ਵਿਦੇਸ਼ੀ ਸਾਜ਼ਿਸ਼ ਦਾ ਸਬੂਤ ਹੈ। ਭਲਕੇ ਬੇਭਰੋਸਗੀ ਮਤੇ 'ਤੇ ਬਹਿਸ ਹੋਵੇਗੀ। ਅੱਜ ਦੋ ਕੈਬਨਿਟ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਹਨ। -ਪੀਟੀਆਈ

ਬੇਭਰੋਸਗੀ ਦਾ ਸਾਹਮਣਾ ਕਰਨ ਵਾਲੇ ਇਮਰਾਨ ਤੀਜੇ ਪ੍ਰਧਾਨ ਮੰਤਰੀ

ਪਾਕਿਸਤਾਨ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਨਹੀਂ ਕੀਤਾ ਗਿਆ ਤੇ ਖਾਨ ਅਜਿਹੀ ਚੁਣੌਤੀ ਦਾ ਸਾਹਮਣਾ ਕਰਨ ਵਾਲੇ ਤੀਜੇ ਪ੍ਰਧਾਨ ਮੰਤਰੀ ਹਨ। ਇਮਰਾਨ ਖਾਨ ਸਾਲ 2018 ਵਿੱਚ 'ਨਵਾਂ ਪਾਕਿਸਤਾਨ' ਬਣਾਉਣ ਦਾ ਵਾਅਦਾ ਕਰ ਕੇ ਸੱਤਾ 'ਚ ਆਏ ਸਨ ਪਰ ਮਹਿੰਗਾਈ 'ਤੇ ਕਾਬੂ ਪਾਉਣ 'ਚ ਅਸਫ਼ਲ ਰਹੇ, ਜਿਸ ਕਾਰਨ ਉਨ੍ਹਾਂ ਦੇ ਵਿਰੋਧੀਆਂ ਨੂੰ ਸਰਕਾਰ 'ਤੇ ਸ਼ਿਕੰਜਾ ਕੱਸਣ ਦਾ ਮੌਕਾ ਮਿਲ ਗਿਆ। ਦੱਸਣਯੋਗ ਹੈ ਕਿ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੀ ਪੰਜ ਸਾਲਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ।

ਫੌਜ ਮੁਖੀ ਨੇ ਇਮਰਾਨ ਤੋਂ ਅਸਤੀਫ਼ਾ ਨਹੀਂ ਮੰਗਿਆ: ਚੌਧਰੀ

ਇਸਲਾਮਾਬਾਦ: ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਮੁਲਕ ਦੀ ਫ਼ੌਜ ਦੇ ਮੁਖੀ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਤੀਫ਼ਾ ਦੇਣ ਸਬੰਧੀ ਖ਼ਬਰਾਂ ਦਾ ਖੰਡਨ ਕੀਤਾ ਹੈ। ਫ਼ੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੇ ਪ੍ਰਧਾਨ ਮੰਤਰੀ ਖਾਨ ਵਿਚਾਲੇ ਮੀਟਿੰਗ ਸਬੰਧੀ ਖ਼ਬਰਾਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ,'ਨਾ ਤਾਂ ਫ਼ੌਜ ਮੁਖੀ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਹੈ ਤੇ ਨਾ ਹੀ ਉਹ ਅਸਤੀਫ਼ਾ ਦੇਣਗੇ। -ਪੀਟੀਆਈ



Most Read

2024-09-20 19:35:51