World >> The Tribune


ਇਜ਼ਰਾਈਲ ’ਚ ਅਤਿਵਾਦੀਆਂ ਵੱਲੋਂ ਗੋਲੀਬਾਰੀ; ਪੰਜ ਹਲਾਕ


Link [2022-03-31 08:34:04]



ਯੇਰੋਸ਼ਲਮ, 30 ਮਾਰਚ

ਤਲ ਅਵੀਵ ਦੀ ਇਸ ਉਪਨਗਰੀ ਨੇੜੇ ਮੰਗਲਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਵਿੱਚ ਲਗਪਗ ਪੰਜ ਜਣੇ ਮਾਰੇ ਗਏ। ਇਜ਼ਰਾਈਲ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਅਤਿਵਾਦੀ ਹਮਲੇ ਦੀ ਇਹ ਤੀਜੀ ਘਟਨਾ ਹੈ। ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲਿਆਂ ਦੌਰਾਨ ਹੁਣ ਤੱਕ 11 ਇਜ਼ਰਾਇਲੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਹਮਲੇ ਮਗਰੋਂ ਸਖ਼ਤ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਅਤਿਵਾਦ ਨੂੰ ਸਖ਼ਤੀ ਨਾਲ ਕੁਚਲਣ ਦਾ ਸੰਕਲਪ ਲਿਆ। ਹਮਲੇ ਮਗਰੋਂ ਪੁਲੀਸ ਹਾਈ ਅਲਰਟ 'ਤੇ ਹੈ। ਬੈਨੇਟ ਨੇ ਇੱਕ ਬਿਆਨ ਵਿੱਚ ਕਿਹਾ, ''ਇਜ਼ਰਾਈਲ ਭਿਆਨਕ ਅਰਬ ਅਤਿਵਾਦ ਦਾ ਸਾਹਮਣਾ ਕਰ ਰਿਹਾ ਹੈ। ਸੁਰੱਖਿਆ ਬਲ ਇਸ 'ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ। ਅਸੀਂ ਅਤਿਵਾਦ ਨਾਲ ਦ੍ਰਿੜ੍ਹਤਾ, ਮੁਸ਼ੱਕਤ ਅਤੇ ਸਖ਼ਤੀ ਨਾਲ ਨਜਿੱਠਾਂਗੇ।'' ਪ੍ਰਧਾਨ ਮੰਤਰੀ ਬੈਨੇਟ ਨੇ ਪ੍ਰਣ ਲੈਂਦਿਆਂ ਕਿਹਾ, ''ਉਹ ਸਾਨੂੰ ਇੱਥੋਂ ਨਹੀਂ ਹਿਲਾ ਸਕਣਗੇ। ਅਸੀਂ ਜਿੱਤਾਂਗੇ।'' ਪੁਲੀਸ ਨੇ ਦੱਸਿਆ ਕਿ ਤੇਲ ਅਵੀਵ ਨੇੜੇ ਬਨੇਈ ਬਰੈਕ ਵਿੱਚ ਦੋ ਵੱਖ-ਵੱਖ ਇਲਾਕਿਆਂ ਵਿੱਚ ਗੋਲੀਬਾਰੀ ਹੋਈ ਹੈ। ਪੀੜਤਾਂ ਵਿੱਚੋਂ ਇੱਕ ਪੁਲੀਸ ਅਧਿਕਾਰੀ ਦੱਸਿਆ ਜਾਂਦਾ ਹੈ, ਜੋ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂਕਿ ਬਾਕੀ ਆਮ ਨਾਗਰਿਕ ਸਨ। ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮੀਡੀਆ ਸਲਾਹਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਬੈਨੇਟ ਨੇ ਬਨੇਈ ਬਰੈਕ ਅਤੇ ਰਮਤ ਗਨ ਵਿੱਚ ਹੋਏ ਅਤਿਵਾਦੀਆਂ ਹਮਲਿਆਂ ਦੀਆਂ ਘਟਨਾਵਾਂ 'ਤੇ ਚਰਚਾ ਕਰਨ ਲਈ ਮੀਟਿੰਗ ਕੀਤੀ ਹੈ। -ਪੀਟੀਆਈ

ਭਾਰਤ ਵੱਲੋਂ ਇਜ਼ਰਾਈਲ 'ਚ ਹੋਏ ਅਤਿਵਾਦੀ ਹਮਲਿਆਂ ਦੀ ਨਿਖੇਧੀ

ਨਵੀਂ ਦਿੱਲੀ: ਭਾਰਤ ਨੇ ਇਜ਼ਰਾਈਲ ਵਿੱਚ ਹੋਏ ਅਤਿਵਾਦੀਆਂ ਹਮਲਿਆਂ ਦੀ ਨਿਖੇਧੀ ਕਰਦਿਆਂ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਟਵੀਟ ਕਰ ਕੇ ਕਿਹਾ, ''ਅਸੀਂ ਇਜ਼ਰਾਈਲ ਵਿੱਚ ਹੋਏ ਅਤਿਵਾਦੀ ਹਮਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਸਾਡੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ।'' ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਆਪਣੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਗੈਂਟਜ਼ ਨੂੰ ਫੋਨ ਕਰ ਕੇ ਇਨ੍ਹਾਂ ਹਮਲਿਆਂ ਵਿੱਚ ਜਾਨ ਗੁਆਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ। ਗੱਲਬਾਤ ਦੌਰਾਨ ਰਾਜਨਾਥ ਨੇ ਕਿਹਾ ਕਿ ਅਤਿਵਾਦ ਇੱਕ ਵਿਸ਼ਵਵਿਆਪੀ ਖ਼ਤਰਾ ਹੈ, ਜਿਸ ਦੀ ਅੱਜ ਦੇ ਸਭਿਅਕ ਸੰਸਾਰ ਵਿੱਚ ਕੋਈ ਥਾਂ ਨਹੀਂ ਹੈ। ਇਜ਼ਰਾਇਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਅਤਿਵਾਦੀ ਹਮਲਿਆਂ ਮਗਰੋਂ ਅਸਥਿਰ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਗੈਂਟਜ਼ ਵੱਲੋਂ 30 ਤੋਂ 31 ਮਾਰਚ ਤੱਕ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਨੂੰ ਮੁਲਤਵੀ ਕਰਨ ਦੀ ਪਿੱਠਭੂਮੀ ਵਿੱਚ ਟੈਲੀਫੋਨ 'ਤੇ ਗੱਲਬਾਤ ਹੋਈ ਸੀ। -ਪੀਟੀਆਈ



Most Read

2024-09-20 19:52:23