Breaking News >> News >> The Tribune


ਕੇਜਰੀਵਾਲ ਦੇ ਘਰ ਅੱਗੇ ਭਾਜਪਾ ਯੂਥ ਵਿੰਗ ਵਰਕਰਾਂ ਵੱਲੋਂ ਭੰਨ-ਤੋੜ


Link [2022-03-31 05:35:17]



ਨਵੀਂ ਦਿੱਲੀ, 30 ਮਾਰਚ

ਮੁੱਖ ਅੰਸ਼

ਸੀਸੀਟੀਵੀ ਕੈਮਰੇ ਤੇ ਬੈਰੀਅਰ ਤੋੜੇ, ਗੇਟ ਉਤੇ ਰੰਗ ਸੁੱਟਿਆ 'ਕਸ਼ਮੀਰ ਫਾਈਲਜ਼' ਬਾਰੇ ਕੇਜਰੀਵਾਲ ਦੀ ਟਿੱਪਣੀ ਖ਼ਿਲਾਫ਼ ਭਾਜਪਾ ਯੂਥ ਵਿੰਗ ਕਰ ਰਿਹਾ ਸੀ ਰੋਸ ਮੁਜ਼ਾਹਰਾ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਵਿੰਗ ਦੇ ਕਾਰਕੁਨਾਂ ਨੇ ਅੱਜ ਇੱਥੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਲੱਗੇ ਲੱਗੇ ਸੀਸੀਟੀਵੀ ਕੈਮਰੇ ਤੇ ਬੈਰੀਅਰ ਤੋੜ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਰਿਹਾਇਸ਼ ਦੇ ਮੁੱਖ ਗੇਟ ਉਤੇ ਪੇਂਟ ਸੁੱਟ ਦਿੱਤਾ। ਇਸੇ ਦੌਰਾਨ ਬੂਮ ਬੈਰੀਅਰ ਵੀ ਤੋੜ ਦਿੱਤਾ ਗਿਆ। ਯੂਥ ਵਿੰਗ ਦੇ ਕਾਰਕੁਨ ਇੱਥੇ ਕੇਜਰੀਵਾਲ ਵੱਲੋਂ 'ਕਸ਼ਮੀਰ ਫਾਈਲਜ਼' ਫ਼ਿਲਮ ਬਾਰੇ ਕੀਤੀ ਟਿੱਪਣੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ਕੇਜਰੀਵਾਲ ਦੀ ਟਿੱਪਣੀ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਖਿੱਚੋਤਾਣ ਕਾਫ਼ੀ ਵਧੀ ਹੋਈ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ 'ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਇਹ ਕੇਜਰੀਵਾਲ ਨੂੰ ਮਾਰਨ ਦੀ 'ਸਾਜ਼ਿਸ਼' ਸੀ ਕਿਉਂਕਿ ਭਗਵਾਂ ਪਾਰਟੀ ਚੋਣਾਂ 'ਚ 'ਆਪ' ਨੂੰ ਹਰਾਉਣ ਵਿਚ ਨਾਕਾਮ ਰਹੀ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਸੀਪੀ (ਉੱਤਰ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ। ਗ੍ਰਿਫ਼ਤਾਰੀਆਂ ਲਈ ਟੀਮਾਂ ਭੇਜੀਆਂ ਗਈਆਂ ਹਨ। ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਦੇ ਯੂਥ ਵਿੰਗ ਨੇ ਦਿੱਲੀ ਪੁਲੀਸ ਦੀ ਮੌਜੂਦਗੀ 'ਚ ਮੁੱਖ ਮੰਤਰੀ ਦੇ ਰਿਹਾਇਸ਼ ਦੇ ਬਾਹਰ ਸੀਸੀਟੀਵੀ ਕੈਮਰੇ ਤੇ ਬੈਰੀਅਰ ਭੰਨ੍ਹ ਦਿੱਤੇ। ਭਾਜਪਾ ਯੁਵਾ ਮੋਰਚਾ ਦੇ ਮੁਜ਼ਾਹਰਾਕਾਰੀ ਕੌਮੀ ਪ੍ਰਧਾਨ ਤੇ ਸੰਸਦ ਮੈਂਬਰ ਤੇਜਸਵੀ ਸੂਰਿਆ ਦੀ ਅਗਵਾਈ 'ਚ ਇੱਥੇ ਕੇਜਰੀਵਾਲ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿਚ ਰਿਲੀਜ਼ ਵਿਵਾਦਤ ਫ਼ਿਲਮ 'ਕਸ਼ਮੀਰ ਫਾਈਲਜ਼' ਜੋ ਕਿ ਕਸ਼ਮੀਰੀ ਪੰਡਿਤਾਂ ਦੇ ਕਸ਼ਮੀਰ ਛੱਡਣ ਉਤੇ ਅਧਾਰਿਤ ਹੈ, ਉਤੇ ਟਿੱਪਣੀ ਕੀਤੀ ਸੀ। ਇਸ ਦਾ ਭਾਜਪਾ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਜਪਾ ਆਗੂ ਇਸ ਫ਼ਿਲਮ ਦਾ ਰਿਲੀਜ਼ ਦੇ ਸਮੇਂ ਤੋਂ ਹੀ ਪ੍ਰਚਾਰ ਕਰ ਰਹੇ ਹਨ। ਕਈ ਰਾਜਾਂ ਵਿਚ ਫ਼ਿਲਮ ਨੂੰ ਟੈਕਸ ਮੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਦੀ ਰਿਹਾਇਸ਼ 6, ਫਲੈਗ ਸਟਾਫ਼ ਰੋਡ ਉਤੇ ਹੈ। ਰੋਸ ਮੁਜ਼ਾਹਰਾ ਅੱਜ ਸਵੇਰੇ 11.30 'ਤੇ ਸ਼ੁਰੂ ਹੋਇਆ। ਦਿੱਲੀ ਪੁਲੀਸ ਨੇ ਕਿਹਾ ਕਿ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਪਰ 15-20 ਮੁਜ਼ਾਹਰਾਕਾਰੀ ਕਿਸੇ ਤਰ੍ਹਾਂ ਫਲੈਗ ਸਟਾਫ਼ ਰੋਡ ਪਹੁੰਚ ਗਏ ਤੇ ਉਨ੍ਹਾਂ ਨੂੰ ਤੁਰੰਤ ਉੱਥੋਂ ਹਟਾ ਦਿੱਤਾ ਗਿਆ। ਡੀਸੀਪੀ ਕਲਸੀ ਨੇ ਦੱਸਿਆ ਕਿ ਕੁਝ ਮੁਜ਼ਾਹਰਾਕਾਰੀ ਕਰੀਬ ਇਕ ਵਜੇ ਦੋ ਬੈਰੀਕੇਡ ਉਲੰਘ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪਹੁੰਚ ਗਏ ਜਿੱਥੇ ਉਨ੍ਹਾਂ ਹੰਗਾਮਾ ਤੇ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਕੋਲ ਪੇਂਟ ਦਾ ਇਕ ਛੋਟਾ ਬਕਸਾ ਸੀ ਜੋ ਉਨ੍ਹਾਂ ਮੁੱਖ ਦਰਵਾਜ਼ੇ ਉਤੇ ਸੁੱਟ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਰੀਬ 70 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ

ਕੇਜਰੀਵਾਲ ਦੀ ਹੱਤਿਆ ਕਰਨਾ ਚਾਹੁੰਦੀ ਹੈ ਭਾਜਪਾ: ਸਿਸੋਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਹਾਲੀਆ ਪੰਜਾਬ ਚੋਣਾਂ 'ਚ ਅਰਵਿੰਦ ਕੇਜਰੀਵਾਲ ਨੂੰ ਨਹੀਂ ਹਰਾ ਸਕੀ ਤੇ ਹੁਣ ਉਨ੍ਹਾਂ ਦੀ ਹੱਤਿਆ ਕਰਨਾ ਚਾਹੁੰਦੀ ਹੈ। ਸਿਸੋਦੀਆ ਨੇ ਦੋਸ਼ ਲਾਇਆ ਕਿ ਅੱਜ ਦੀ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਪੁਲੀਸ ਦੀ ਮਦਦ ਨਾਲ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਯੋਜਨਾਬੱਧ ਸੀ ਤੇ 'ਆਪ' ਇਸ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਏਗੀ।

'ਆਪ' ਨੇ ਪਹਿਲੀ ਵਾਰ ਨਹੀਂ ਕੀਤਾ ਕੇਜਰੀਵਾਲ 'ਤੇ ਹਮਲੇ ਦਾ ਡਰਾਮਾ: ਸਿਰਸਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ 'ਆਪ' ਆਗੂ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲਾ ਹੋਣ ਦਾ 'ਡਰਾਮਾ' ਕੀਤਾ ਜਾ ਰਿਹਾ ਹੈ ਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਡਰਾਮਾ ਕੀਤਾ ਗਿਆ ਹੋਵੇ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਕਸ਼ਮੀਰੀ ਪੰਡਿਤਾਂ ਦੀਆਂ ਭਾਵਨਾਵਾਂ ਤੇ ਉਨ੍ਹਾਂ ਦੀ ਤ੍ਰਾਸਦੀ ਦਾ ਮਖੌਡ ਉਡਾਇਆ ਸੀ ਜਿਸ ਦਾ ਡਰ ਹੁਣ ਕੇਜਰੀਵਾਲ ਤੇ ਸਿਸੋਦੀਆ ਨੂੰ ਸਤਾ ਰਿਹਾ ਹੈ। ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਕਿ ਕਿਵੇਂ ਪੁਲੀਸ ਦੇ ਬੈਰੀਅਰ ਤੋੜਨ ਨੂੰ ਕੇਜਰੀਵਾਲ ਦੇ ਘਰ 'ਤੇ ਹਮਲਾ ਕਰਾਰ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹਮਲਾ ਕਾਇਰਤਾ ਪੂਰਨ ਕਾਰਵਾਈ: ਮਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਪੁਲੀਸ ਦੀ ਮੌਜੂਦਗੀ ਵਿਚ 'ਹਮਲਾ' ਕਾਇਰਤਾ ਪੂਰਨ ਕਾਰਵਾਈ ਹੈ ਜੋ ਦਿਖਾਉਂਦਾ ਹੈ ਕਿ ਭਾਜਪਾ ਹੁਣ 'ਆਪ' ਤੋਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਆਪ' ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਬੁਖਲਾਹਟ ਵਿਚ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਹਾਜ਼ਰੀ ਵਿੱਚ ਅਜਿਹਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਟਵੀਟ ਕੀਤਾ ਕਿ ਦੇਸ਼ ਦੇ ਸ਼ਾਸਕ ਡਰੇ ਹੋਏ ਹਨ। ਹੇਅਰ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ।

ਲੋਕ ਰੋਹ ਤੋਂ ਡਰੀ ਡਰਾਮਾ ਕਰ ਰਹੀ ਹੈ 'ਆਪ': ਭਾਜਪਾ

ਭਾਜਪਾ ਨੇ ਕਿਹਾ ਕਿ 'ਆਪ' ਡਰਾਮਾ ਕਰ ਰਹੀ ਹੈ ਤੇ ਖ਼ੁਦ ਨੂੰ 'ਪੀੜਤ' ਦਿਖਾ ਰਹੀ ਹੈ ਕਿਉਂਕਿ ਕੇਜਰੀਵਾਲ ਦੀਆਂ ਟਿੱਪਣੀਆਂ ਮਗਰੋਂ 'ਲੋਕਾਂ ਦਾ ਗੁੱਸਾ' ਪਾਰਟੀ ਉਤੇ ਨਿਕਲ ਰਿਹਾ ਹੈ। ਭਾਜਪਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀਆਂ ਟਿੱਪਣੀਆਂ ਨਾਲ ਕਸ਼ਮੀਰੀ ਪੰਡਿਤਾਂ ਦਾ 'ਮਜ਼ਾਕ' ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਯੁਵਾ ਮੋਰਚਾ ਦੇ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।



Most Read

2024-09-21 17:34:26