Breaking News >> News >> The Tribune


ਲੋਕ ਸਭਾ ਵਿੱਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਵਿਚਾਲੇ ਤਿੱਖੀ ਬਹਿਸ


Link [2022-03-31 05:35:17]



ਨਵੀਂ ਦਿੱਲੀ/ਦਾਰਜੀਲਿੰਗ, 30 ਮਾਰਚ

ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਸੌਗਾਤਾ ਰੌਏ ਨੇ ਅੱਜ ਕੇਂਦਰ ਸਰਕਾਰ 'ਤੇ ਗੈਰ-ਭਾਜਪਾ ਸ਼ਾਸਨ ਵਾਲੇ ਸੂਬਿਆਂ ਦੀਆਂ ਸਰਕਾਰਾਂ ਖ਼ਿਲਾਫ਼ ਕੇਂਦਰੀ ਏਜੰਸੀਆਂ ਨੂੰ ਇਸਤੇਮਾਲ ਕਰਨ ਦਾ ਦੋਸ਼ ਲਗਾਇਆ, ਜਿਸ ਕਰ ਕੇ ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ।

ਇਸ ਦੌਰਾਨ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਟੀਐੱਮਸੀ ਆਗੂ ਸੌਗਾਤਾ ਰੌਏ ਨੇ ਕੁਝ ਸ਼ਬਦ ਕਹੇ, ਜਿਸ 'ਤੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਸਦਨ ਦੇ ਇਕ ਸੀਨੀਅਰ ਮੈਂਬਰ ਨੂੰ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਟੀਐੱਮਸੀ ਦੇ ਸੰਸਦ ਮੈਂਬਰ ਸੌਗਾਤਾ ਰੌਏ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੈਰ-ਭਾਜਪਾ ਸ਼ਾਸਨ ਵਾਲੇ ਸੂਬਿਆਂ ਖ਼ਿਲਾਫ਼ ਕੇਂਦਰ ਦੀਆਂ ਦੋ ਏਜੰਸੀਆਂ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਇਸਤੇਮਾਲ ਕੀਤੇ ਜਾਣ ਸਬੰਧੀ ਉਹ ਪਹਿਲਾਂ ਹੀ ਧਿਆਨ ਦਿਵਾਊ ਮਤਾ ਪੇਸ਼ ਕਰ ਚੁੱਕੇ ਹਨ। ਇਸੇ ਦੌਰਾਨ ਹਾਲ ਹੀ ਵਿੱਚ ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਹੋਈਆਂ ਨੌਂ ਵਿਅਕਤੀਆਂ ਦੀਆਂ ਹੱਤਿਆਵਾਂ ਦੇ ਸਬੰਧ ਵਿੱਚ ਭਾਜਪਾ ਦੀ ਇਕ ਤੱਥ-ਖੋਜ ਟੀਮ ਵੱਲੋਂ ਅੱਜ ਆਪਣੀ ਰਿਪੋਰਟ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੂੰ ਸੌਂਪੀ ਗਈ। ਇਸ ਰਿਪੋਰਟ ਵਿੱਚ ਟੀਮ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਪੁਲੀਸ ਤੇ ਸਿਆਸੀ ਆਗੂਆਂ ਦੀ ਪੁਸ਼ਤਪਨਾਹੀ ਹੇਠ ਮਾਫੀਆ ਰਾਜ ਚੱਲ ਰਿਹਾ ਹੈ।

ਚਾਰ ਸਾਬਕਾ ਆਈਪੀਐੱਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਭਾਜਪਾ ਦੀ ਪੰਜ ਮੈਂਬਰੀ ਟੀਮ ਵੱਲੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਕੇਂਦਰ ਸਰਕਾਰ ਦੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ।

ਇਸ ਟੀਮ ਵਿੱਚ ਰਾਜ ਸਭਾ ਮੈਂਬਰ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਪੁਲੀਸ ਮੁਖੀ ਬ੍ਰਿਜਲਾਲ, ਲੋਕ ਸਭਾ ਮੈਂਬਰ ਅਤੇ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਸੱਤਿਆਪਾਲ ਸਿੰਘ, ਰਾਜ ਸਭਾ ਮੈਂਬਰ ਅਤੇ ਸਾਬਕਾ ਆਈਪੀਐੱਸ ਅਧਿਕਾਰੀ ਕੇ.ਸੀ. ਰਾਮਾਮੂਰਤੀ, ਪੱਛਮੀ ਬੰਗਾਲ ਕੇਡਰ ਦੇ ਸਾਬਕਾ ਆਈਪੀਐੱਸ ਅਧਿਕਾਰੀ ਭਾਰਤੀ ਘੋਸ਼ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸੁਕੰਤਾ ਮਜੂਮਦਾਰ ਸ਼ਾਮਲ ਹਨ। -ਪੀਟੀਆਈ

ਸੀਬੀਆਈ ਜਾਂਚ ਨੂੰ ਕਮਜ਼ੋਰ ਕਰੇਗੀ ਰਿਪੋਰਟ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਤੱਥ ਖੋਜ ਟੀਮ ਦੀ ਰਿਪੋਰਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਰਿਪੋਰਟ ਮਾਮਲੇ ਦੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਕਮਜ਼ੋਰ ਕਰੇਗੀ ਅਤੇ ਇਸ ਵਿੱਚ ਦਖ਼ਲਅੰਦਾਜ਼ੀ ਵਧੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਬੀਰਭੂਮ ਜ਼ਿਲ੍ਹੇ ਦੇ ਟੀਐੱਮਸੀ ਪ੍ਰਧਾਨ ਅਨੂਬ੍ਰਤਾ ਮੰਡਲ ਦਾ ਨਾਮ ਲਿਆ ਗਿਆ ਹੈ, ਜਿਸ ਤੋਂ ਸਪੱਸ਼ਟ ਤੌਰ 'ਤੇ ਭਾਜਪਾ ਦਾ ਬਦਲੇ ਵਾਲਾ ਰਵੱਈਆ ਝਲਕਦਾ ਹੈ।

ਚੋਣ ਕਮਿਸ਼ਨ ਨੇ ਟੀਐੱਮਸੀ ਦੇ ਵਿਧਾਇਕ ਨੂੰ ਉਪ ਚੋਣਾਂ ਲਈ ਪ੍ਰਚਾਰ ਕਰਨ ਤੋਂ ਰੋਕਿਆ

ਕੋਲਕਾਤਾ: ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਰਿੰਦਰਨਾਥ ਚੱਕਰਬਰਤੀ ਨੂੰ ਭਾਜਪਾ ਵੋਟਰਾਂ ਤੇ ਸਮਰਥਕਾਂ ਨੂੰ ਕਥਿਤ ਤੌਰ 'ਤੇ ਧਮਕਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੱਛਮੀ ਬੰਗਾਲ ਦੀਆਂ ਆਸਨਸੋਲ ਤੇ ਬਾਲੀਗੰਜ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਹਾਲ ਹੀ ਵਿੱਚ ਵਾਇਰਲ ਹੋਈ ਇੱਕ ਵੀਡੀਓ ਵਿੱਚ ਪਾਂਡਵੇਸ਼ਵਰ ਤੋਂ ਵਿਧਾਇਕ ਚੱਕਰਬਰਤੀ ਪਾਰਟੀ ਦੇ ਕਾਰਕੁਨਾਂ ਨੂੰ ਕਥਿਤ ਤੌਰ 'ਤੇ ਭਾਜਪਾ ਵਰਕਰਾਂ ਤੇ ਸਮਰਥਕਾਂ ਨੂੰ ਵੋਟਿੰਗ ਕੇਂਦਰਾਂ 'ਤੇ ਨਾ ਜਾਣ ਦੇਣ ਦੀ ਧਮਕੀ ਦੇਣ ਦੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਹਨ। -ਪੀਟੀਆਈ



Most Read

2024-09-21 17:46:58