Breaking News >> News >> The Tribune


ਸਰਕਾਰ ਦੀ ਜਲ ਸੰਭਾਲ ਮੁਹਿੰਮ ਨਾਲ ਜੁੜਨ ਲੋਕ: ਕੋਵਿੰਦ


Link [2022-03-30 08:14:10]



ਨਵੀਂ ਦਿੱਲੀ, 29 ਮਾਰਚ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਜਲ ਸੰਭਾਲ ਮੁਹਿੰਮ ਨਾਲ ਜੁੜਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡਾਂ ਦੇ ਸਰਪੰਚ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਉਣ। ਰਾਸ਼ਟਰਪਤੀ ਅੱਜ ਰਾਜਾਂ, ਜ਼ਿਲ੍ਹਿਆਂ, ਨਿਗਮਾਂ/ਕੌਂਸਲਾਂ ਅਤੇ ਸਕੂਲਾਂ ਸਮੇਤ ਹੋਰਾਂ ਨੂੰ ਕੌਮੀ ਜਲ ਐਵਾਰਡਾਂ ਨਾਲ ਸਨਮਾਨਿਤ ਕਰ ਰਹੇ ਸਨ। ਸੂਬਿਆਂ ਦੇ ਵਰਗ ਵਿੱਚ ਉੱਤਰ ਪ੍ਰਦੇਸ਼ ਨੂੰ ਪਹਿਲਾ ਜਦਕਿ ਜ਼ਿਲ੍ਹਿਆਂ ਦੇ ਵਰਗ ਵਿੱਚ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਇਸ ਮੌਕੇ 'ਜਲ ਸ਼ਕਤੀ ਅਭਿਆਨ: ਮੀਂਹ ਦਾ ਪਾਣੀ ਸੰਭਾਲਣ ਬਾਰੇ ਮੁਹਿੰਮ 2022' ਵੀ ਸ਼ੁਰੂ ਕੀਤੀ। ਇਹ ਮੁਹਿੰਮ ਇਸ ਸਾਲ 30 ਨਵੰਬਰ ਤੱਕ ਜਾਰੀ ਰਹੇਗੀ।

ਇੱਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ, 'ਸਾਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੇਸ਼ 'ਚ ਜੰਗੀ ਪੱਧਰ 'ਤੇ ਕਰੋਨਾ ਟੀਕਾਕਰਨ ਮੁਹਿੰਮ ਚਲਾਈ ਗਈ, ਉਸੇ ਤਰ੍ਹਾਂ ਸਾਨੂੰ ਪਾਣੀ ਦੀ ਸੰਭਾਲ ਲਈ ਇਹ ਮੁਹਿੰਮ ਨੂੰ ਵੱਡੇ ਪੱਧਰ 'ਤੇ ਚਲਾਉਣਾ ਚਾਹੀਦਾ ਹੈ।' ਕੌਮੀ ਜਲ ਐਵਾਰਡਜ਼ ਲਈ ਸੂਬਿਆਂ ਦੇ ਵਰਗ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ ਤੇ ਤਾਮਿਲ ਨਾਡੂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਹਾਸਲ ਹੋਇਆ ਜਦਕਿ ਸਰਵੋਤਮ ਕਾਰਗੁਜ਼ਾਰੀ ਵਾਲੇ ਉੱਤਰੀ ਭਾਰਤ ਦੇ ਜ਼ਿਲ੍ਹਿਆਂ 'ਚੋਂ ਯੂਪੀ ਦੇ ਮੁਜ਼ੱਫਰਨਗਰ ਨੂੰ ਪਹਿਲਾ ਤੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨੂੰ ਦੂਜਾ ਸਥਾਨ ਹਾਸਲ ਹੋਇਆ। ਇਸੇ ਤਰ੍ਹਾਂ ਦੱਖਣੀ ਭਾਰਤ 'ਚੋਂ ਕੇਰਲਾ ਦੇ ਤਿਰੂਵਨੰਤਪੁਰਮ ਨੂੰ ਪਹਿਲਾ ਤੇ ਆਂਧਰਾ ਪ੍ਰਦੇਸ਼ ਦੇ ਕਡੱਪਾ ਨੂੰ ਦੂਜਾ ਸਥਾਨ ਹੋਇਆ ਹੈ। -ਪੀਟੀਆਈ



Most Read

2024-09-21 20:23:40