Breaking News >> News >> The Tribune


ਟਰੇਡ ਯੂਨੀਅਨਾਂ ਦੀ ਹੜਤਾਲ ਨੂੰ ਮਿਲਿਆ ਭਰਵਾਂ ਹੁੰਗਾਰਾ


Link [2022-03-30 08:14:10]



ਨਵੀਂ ਦਿੱਲੀ, 29 ਮਾਰਚ

ਵਰਕਰਾਂ, ਕਿਸਾਨਾਂ ਅਤੇ ਆਮ ਲੋਕਾਂ 'ਤੇ ਅਸਰ ਪਾਉਣ ਵਾਲੀਆਂ ਸਰਕਾਰੀ ਨੀਤੀਆਂ ਖ਼ਿਲਾਫ਼ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਦੋ ਦਿਨੀਂ ਹੜਤਾਲ ਨੂੰ ਪੂਰੇ ਦੇਸ਼ 'ਚ ਭਰਵਾਂ ਹੁੰਗਾਰਾ ਮਿਲਿਆ ਹੈ। ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਜਨਜੀਵਨ 'ਤੇ ਹੜਤਾਲ ਕਾਰਨ ਅੱਜ ਅਸਰ ਪਿਆ। ਰਿਪੋਰਟਾਂ ਮੁਤਾਬਕ ਕੁਝ ਸੂਬਿਆਂ 'ਚ ਜਨਤਕ ਟਰਾਂਸਪੋਰਟ ਅਤੇ ਬੈਂਕਿੰਗ ਸੇਵਾਵਾਂ ਅੱਜ ਦੂਜੇ ਦਿਨ ਵੀ ਅੰਸ਼ਕ ਤੌਰ 'ਤੇ ਪ੍ਰਭਾਵਿਤ ਰਹੀਆਂ।

ਹਰਿਆਣਾ 'ਚ ਵੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਕਈ ਥਾਵਾਂ 'ਤੇ ਟਰਾਂਸਪੋਰਟ ਸੇਵਾਵਾਂ ਠੱਪ ਰਹੀਆਂ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਵਰਕਰ ਵੀ ਅੱਜ ਦੂਜੇ ਦਿਨ ਹੜਤਾਲ 'ਚ ਸ਼ਾਮਲ ਹੋਏ। 'ਸਾਰੇ ਸੈਕਟਰਾਂ ਦੇ ਤਕਰੀਬਨ ਸਾਰੇ ਕਾਮਿਆਂ ਨੇ ਹੜਤਾਲ 'ਚ ਸ਼ਮੂਲੀਅਤ ਕੀਤੀ। ਸਾਨੂੰ ਪਿੰਡਾਂ 'ਚੋਂ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਹੈ।

ਸੋਮਵਾਰ ਨੂੰ 20 ਕਰੋੜ ਤੋਂ ਜ਼ਿਆਦਾ ਵਰਕਰਾਂ ਨੇ ਹੜਤਾਲ 'ਚ ਹਿੱਸਾ ਲਿਆ ਸੀ ਪਰ ਅੱਜ ਇਹ ਗਿਣਤੀ ਹੋਰ ਵੀ ਵਧ ਗਈ ਹੈ।' ਉਧਰ ਸੰਗਠਤ ਅਤੇ ਅਸੰਠਤ ਖੇਤਰ ਦੇ ਕਾਮਿਆਂ ਨੇ ਅੱਜ ਦਿੱਲੀ 'ਚ ਸੰਸਦ ਭਵਨ ਨੇੜੇ ਜੰਤਰ-ਮੰਤਰ 'ਤੇ ਜ਼ੋਰਦਾਰ ਮੁਜ਼ਾਹਰਾ ਕੀਤਾ। ਉਨ੍ਹਾਂ ਲਾਲ ਝੰਡੇ ਲੈ ਕੇ ਮਾਰਚ ਕੱਢਿਆ ਅਤੇ ਸਰਕਾਰ ਨੂੰ ਆਪਣੀਆਂ ਮੁਲਾਜ਼ਮ ਅਤੇ ਜਨ ਵਿਰੋਧੀ ਨੀਤੀਆਂ ਵਾਪਸ ਲੈਣ ਦੀ ਮੰਗ ਕੀਤੀ। ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਦੱਸਿਆ ਕਿ ਹੜਤਾਲ ਦੇ ਪਹਿਲੇ ਦਿਨ ਕਰੀਬ ਅੱਠ ਸੂਬਿਆਂ 'ਚ ਬੰਦ ਵਰਗੇ ਹਾਲਾਤ ਬਣ ਗਏ ਸਨ। ਇਨ੍ਹਾਂ 'ਚ ਤਾਮਿਲ ਨਾਡੂ, ਕੇਰਲਾ, ਪੁੱਡੂਚੇਰੀ, ਆਂਧਰਾ ਪ੍ਰਦੇਸ਼, ਤਿਲੰਗਾਨਾ, ਉੜੀਸਾ, ਅਸਾਮ, ਹਰਿਆਣਾ ਅਤੇ ਝਾਰਖੰਡ ਸ਼ਾਮਲ ਹਨ। -ਪੀਟੀਆਈ

ਸੰਸਦ 'ਚ ਗੂੰਜਿਆ ਕਾਮਿਆਂ ਦੀ ਹੜਤਾਲ ਦਾ ਮੁੱਦਾ

ਹੜਤਾਲ ਦਾ ਮੁੱਦਾ ਅੱਜ ਸੰਸਦ ਦੇ ਦੋਵੇਂ ਸਦਨਾਂ 'ਚ ਵੀ ਗੂੰਜਿਆ। ਰਾਜ ਸਭਾ 'ਚ ਵਿਰੋਧੀ ਧਿਰ ਨੇ ਦੇਸ਼ ਵਿਆਪੀ ਹੜਤਾਲ ਦਾ ਮੁੱਦਾ ਉਠਾਇਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਲੋੜੀਂਦੇ ਕਦਮ ਚੁੱਕੇ। ਸਿਫ਼ਰ ਕਾਲ ਦੌਰਾਨ ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਟਰੇਡ ਯੂਨੀਅਨ ਦੇ 12 ਨੁਕਾਤੀ ਚਾਰਟਰ 'ਤੇ ਵਿਚਾਰ ਵਟਾਂਦਰੇ ਲਈ ਕੁਝ ਮੈਂਬਰਾਂ ਵੱਲੋਂ ਦਿੱਤੇ ਗਏ ਨੋਟਿਸ ਨੂੰ ਨਾਮਨਜ਼ੂਰ ਕਰ ਦਿੱਤਾ। ਉਂਜ ਸ੍ਰੀ ਨਾਇਡੂ ਨੇ ਤਿੰਨ ਮੈਂਬਰਾਂ ਨੂੰ ਹੜਤਾਲ ਨਾਲ ਸਬੰਧਤ ਮਾਮਲੇ ਦਾ ਸੰਖੇਪ 'ਚ ਜ਼ਿਕਰ ਕਰਨ ਦੀ ਇਜਾਜ਼ਤ ਦਿੱਤੀ। ਉਧਰ ਲੋਕ ਸਭਾ 'ਚ ਵਿਰੋਧੀ ਮੈਂਬਰਾਂ ਨੇ ਹੜਤਾਲ ਨੂੰ ਹਮਾਇਤ ਦਿੰਦਿਆਂ ਇਸ ਮੁੱਦੇ 'ਤੇ ਬਹਿਸ ਕਰਾਉਣ ਦੀ ਮੰਗ ਕੀਤੀ।

ਪੰਜਾਬ 'ਚ ਮਜ਼ਦੂਰਾਂ ਅਤੇ ਕਿਸਾਨਾਂ ਨੇ ਬੰਦ ਨੂੰ ਬਣਾਇਆ ਸਫ਼ਲ

ਚੰਡੀਗੜ੍ਹ (ਕੁਲਦੀਪ ਸਿੰਘ): ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਉਤੇ ਦੇਸ਼ ਵਿਆਪੀ ਹੜਤਾਲ ਦੇ ਅੱਜ ਅਖੀਰਲੇ ਦਿਨ ਮਜ਼ਦੂਰ-ਕਿਸਾਨ ਏਕਤਾ, ਆਂਗਨਵਾੜੀ, ਆਸ਼ਾ ਵਰਕਰਾਂ, ਮਿੱਡ-ਡੇ-ਮੀਲ ਵਰਕਰਾਂ, ਫੈਕਟਰੀਆਂ/ਕਾਰਖਾਨਿਆਂ ਵਿੱਚ ਕੰਮ ਕਰਦੇ ਕਿਰਤੀਆਂ ਅਤੇ ਮੁਲਾਜ਼ਮਾਂ ਨੇ ਪੂਰਾ ਜੋਸ਼ ਦਿਖਾਇਆ ਅਤੇ 'ਪੇਂਡੂ ਭਾਰਤ ਬੰਦ' ਦੇ ਸੱਦੇ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ। ਸੂਬੇ ਵਿੱਚ ਬਲਾਕ, ਤਹਿਸੀਲ ਅਤੇ ਸਥਾਨਕ ਪੱਧਰਾਂ ਉਤੇ ਧਰਨਿਆਂ ਅਤੇ ਰੋਸ ਰੈਲੀਆਂ ਰਾਹੀਂ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਅਤੇ 'ਦੇਸ਼ ਬਚਾਓ ਤੇ ਲੋਕ ਬਚਾਓ' ਦਾ ਨਾਅਰਾ ਬੁਲੰਦ ਕੀਤਾ ਗਿਆ। ਆਂਗਨਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਵੱਲੋਂ ਕਈ ਥਾਈਂ ਆਵਾਜਾਈ ਜਾਮ ਕੀਤੀ ਗਈ। ਕਿਸਾਨ ਯੂਨੀਅਨ ਉਗਰਾਹਾਂ ਅਤੇ ਚੜੂਨੀ ਦੇ ਨਾਲ-ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਮੋਦੀ ਸਰਕਾਰ ਖਿਲਾਫ਼ ਖੂਬ ਗੁੱਸਾ ਕੱਢਿਆ ਗਿਆ। ਸੀਟੂ ਪੰਜਾਬ ਦੇ ਸੂਬਾਈ ਆਗੂਆਂ ਵਿੱਚ ਕਾਮਰੇਡ ਊਸ਼ਾ ਰਾਣੀ ਕੁੱਲ ਹਿੰਦ ਸਕੱਤਰ, ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ 8 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕਰਨ ਉਪਰੰਤ ਕੀਤੇ ਗਏ ਵਿਸ਼ਵਾਸਘਾਤ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਸਰਕਾਰ ਪ੍ਰਤੀ ਬੇਵਿਸਾਹੀ ਕਾਫ਼ੀ ਵਧ ਚੁੱਕੀ ਹੈ। ਕਾਮਰੇਡ ਚੰਦਰ ਸ਼ੇਖਰ ਨੇ ਦੱਸਿਆ ਕਿ ਅੱਜ ਹੜਤਾਲ ਦੇ ਅਖੀਰਲੇ ਦਿਨ ਜਿੰਨੀ ਮਜ਼ਦੂਰ-ਕਿਸਾਨ ਏਕਤਾ ਦਿਖਾਈ ਦਿੱਤੀ, ਓਨੀ ਵਿਆਪਕ ਪੱਧਰ ਉਤੇ ਕਦੇ ਵੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਨੂੰ ਟੈਕਸਾਂ ਵਿੱਚ ਭਾਰੀ ਛੋਟ ਦੇ ਕੇ ਵਿਦੇਸ਼ੀ ਅਜ਼ਾਰੇਦਾਰਾਂ ਦੀਆਂ ਤਿਜੌਰੀਆਂ ਨੂੰ ਅਫਾਰਾ ਕਰ ਦਿੱਤਾ ਹੈ ਜਦਕਿ ਕਿਸਾਨ, ਮਜ਼ਦੂਰ, ਕਿਰਤੀ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਤਿਆਰ ਕਰਕੇ ਉਹ ਦੇਸ਼ ਨੂੰ ਵੇਚਣ ਵਿੱਚ ਜੁਟੀ ਹੋਈ ਹੈ। ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਧਰਮ ਦੇ ਨਾਂ 'ਤੇ ਵੰਡੀਆਂ ਪਾ ਰਹੀ ਹੈ ਜਿਸ ਨੂੰ ਦੇਸ਼ ਦੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਮੋਦੀ ਸਰਕਾਰ ਦੀਆਂ ਅਜਿਹੀਆਂ ਘਟੀਆ ਨੀਤੀਆਂ ਕਰਕੇ ਅਮੀਰ ਗਰੀਬ ਦਾ ਪਾੜਾ ਇੰਨਾ ਜ਼ਿਆਦਾ ਵਧ ਚੁੱਕਾ ਹੈ ਜਿਹੜਾ ਕਿ ਮਨੁੱਖੀ ਇਤਿਹਾਸ ਵਿੱਚ ਕਦੇ ਵੀ ਨਹੀਂ ਵਧਿਆ ਸੀ। ਉਨ੍ਹਾਂ ਮੋਦੀ ਸਰਕਾਰ ਖਿਲਾਫ਼ ਜੰਗ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਸੀਟੂ ਆਗੂਆਂ ਨੇ ਦੱਸਿਆ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਸੰਘਰਸ਼ ਦੀ ਅਗਲੀ ਰੂਪਰੇਖਾ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸਾਂਝੇ ਕੌਮੀ ਪਲੈਟਫਾਰਮ ਉਤੇ ਮੀਟਿੰਗ ਕਰਕੇ ਉਲੀਕੀ ਜਾਵੇਗੀ।



Most Read

2024-09-21 17:35:52