Breaking News >> News >> The Tribune


ਹਲਾਲ ਮੀਟ ਇੱਕ ‘ਵਿੱਤੀ ਜਹਾਦ’: ਭਾਜਪਾ


Link [2022-03-30 08:14:10]



ਬੰਗਲੂਰੂ, 29 ਮਾਰਚ

ਕੁਝ ਹਿੰਦੂਵਾਦੀ ਜਥੇਬੰਦੀਆਂ ਵੱਲੋਂ ਹਲਾਲ ਮੀਟ ਦੇ ਬਾਈਕਾਟ ਦੇ ਦਿੱਤੇ ਸੱਦੇ ਦਰਮਿਆਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੀ.ਟੀ. ਰਵੀ ਨੇ ਹਲਾਲ ਨੂੰ 'ਵਿੱਤੀ ਜਹਾਦ' ਨਾਲ ਜੋੜ ਦਿੱਤਾ ਹੈ। ਉਨ੍ਹਾਂ ਕਿਹਾ, 'ਹਲਾਲ ਇੱਕ ਵਿੱਤੀ ਜਹਾਦ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਦੀ ਵਰਤੋਂ ਜਹਾਦ ਦੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਜੋ ਮੁਸਲਮਾਨ ਕਿਸੇ ਹੋਰ ਨਾਲ ਕਾਰੋਬਾਰ ਨਾ ਕਰਨ। ਇਹ ਥੋਪਿਆ ਹੋਇਆ ਹੈ। ਜੇ ਉਹ ਸੋਚਦੇ ਹਨ ਕਿ ਹਲਾਲ ਮੀਟ ਵਰਤਿਆ ਜਾਣਾ ਚਾਹੀਦਾ ਹੈ ਤਾਂ ਇਹ ਕਹਿਣ 'ਚ ਕੀ ਗਲਤ ਹੈ ਕਿ ਹਲਾਲ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।' ਜ਼ਿਕਰਯੋਗ ਹੈ ਕਿ ਉਗਾਡੀ ਤੋਂ ਇੱਕ ਦਿਨ ਬਾਅਦ ਗ਼ੈਰ ਸ਼ਾਕਾਹਾਰੀ ਹਿੰਦੂਆਂ ਦਾ ਇੱਕ ਵਰਗ ਭਗਵਾਨ ਨੂੰ ਮਾਸ ਚੜ੍ਹਾਉਂਦਾ ਹੈ ਤੇ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਹਿੰਦੂ ਧਾਰਮਿਕ ਮੇਲਿਆਂ ਦੌਰਾਨ ਮੰਦਰਾਂ ਨੇੜੇ ਮੁਸਲਮਾਨਾਂ ਦੇ ਦੁਕਾਨਾਂ ਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਜਪਾ ਆਗੂ ਨੇ ਕਿਹਾ ਕਿ ਹਲਾਲ ਮੀਟ ਉਨ੍ਹਾਂ ਦੇ ਭਗਵਾਨ ਨੂੰ ਚੜ੍ਹਾਇਆ ਜਾਂਦਾ ਹੈ ਜੋ ਉਨ੍ਹਾਂ (ਮੁਸਲਮਾਨਾਂ) ਨੂੰ ਪਿਆਰਾ ਹੈ ਪਰ ਹਿੰਦੂਆਂ ਲਈ ਇਹ ਕਿਸੇ ਦਾ ਬਚਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਲਾਲ ਨੂੰ ਯੋਜਨਾਬੱਧ ਢੰਗ ਨਾਲ ਬਣਾਇਆ ਗਿਆ ਹੈ ਤਾਂ ਜੋ ਇਸ ਨੂੰ ਸਿਰਫ਼ ਮੁਸਲਮਾਨ ਵੇਚ ਸਕਣ। ਇਸੇ ਵਿਚਾਲੇ ਸਾਬਕਾ ਮੁੱਖ ਮੰਤਰੀ ਤੇ ਜਨਤਾ ਦਲ (ਐੱਸ) ਦੇ ਆਗੂ ਐੱਚਡੀ ਕੁਮਾਰਾਸਵਾਮੀ ਨੇ ਅਜਿਹੀਆਂ ਗੱਲਾਂ ਦੀ ਨਿੰਦਾ ਕੀਤੀ ਤੇ ਹਿੰਦੂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦਾ ਮਾਹੌਲ ਖਰਾਬ ਨਾ ਕਰਨ। ਇਸੇ ਵਿਚਾਲੇ ਕੇ ਮਰਾਲੁਸਿਦੱਪਾ, ਪ੍ਰੋ. ਐੱਸਜੀ ਸਿੱਧਾਰਮਈਆ, ਬੋਲਾਵਾਰ ਮਹਿਮਦ ਕੁਨਹੀ ਅਤੇ ਡਾ. ਵਿਜੈ ਸਮੇਤ ਰਾਜ ਦੇ 61 ਅਗਾਂਹਵਧੂ ਵਿਚਾਰਕਾਂ ਤੇ ਬੁੱਧੀਜੀਵੀਆਂ ਨੇ ਮੁੱਖ ਮੰਤਰੀ ਬਸਪਰਾਜ ਬੋਮਈ ਨੂੰ ਪੱਤਰ ਲਿਖ ਕੇ ਧਾਰਮਿਕ ਨਫ਼ਰਤ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਜਾਣ-ਬੁੱਝ ਕੇ ਧਾਰਮਿਕ ਨਫ਼ਰਤ ਪੈਦਾ ਕਰਨਾ ਸ਼ਰਮਨਾਕ ਕੰਮ ਹੈ। -ਪੀਟੀਆਈ

ਮੁਸਲਮਾਨਾਂ 'ਤੇ ਪਾਬੰਦੀ ਦਾ ਇੱਕ ਹੋਰ ਭਾਜਪਾ ਵਿਧਾਇਕ ਵੱਲੋਂ ਵਿਰੋਧ

ਬੰਗਲੂਰੂ: ਕਰਨਾਟਕ ਦੇ ਕੁਝ ਹਿੱਸਿਆਂ 'ਚ ਮੰਦਰਾਂ ਤੇ ਧਾਰਮਿਕ ਥਾਵਾਂ 'ਤੇ ਲੱਗਣ ਵਾਲੇ ਸਾਲਾਨਾ ਮੇਲਿਆਂ 'ਚ ਗ਼ੈਰ ਹਿੰਦੂ ਦੁਕਾਨਦਾਰਾਂ ਨੂੰ ਕਾਰੋਬਾਰ ਕਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਦੀਆਂ ਘਟਨਾਵਾਂ 'ਤੇ ਸੂਬੇ 'ਚ ਭਾਜਪਾ ਦੇ ਇੱਕ ਹੋਰ ਵਿਧਾਇਕ ਨੇ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ 'ਛੂਤ-ਅਛੂਤ ਵਾਲਾ ਵਿਹਾਰ' ਹੈ। ਭਾਜਪਾ ਦੇ ਐੱਨਐੱਲਸੀ ਏਐੱਚ ਵਿਸ਼ਵਨਾਥ ਨੇ ਇਹ ਵੀ ਸਵਾਲ ਕੀਤਾ ਕਿ ਕੀ ਗ਼ੈਰ ਹਿੰਦੂ ਦੁਕਾਨਦਾਰ ਭਾਰਤ ਦੇ ਨਾਗਰਿਕ ਨਹੀਂ ਹਨ। ਇਸ ਤੋਂ ਪਹਿਲਾਂ ਪਾਰਟੀ ਦੇ ਵਿਧਾਇਕ ਅਨਿਲ ਬੇਨਾਕੇ ਨੇ ਵੀ ਮੁਸਲਿਮ ਦੁਕਾਨਦਾਰਾਂ ਖ਼ਿਲਾਫ਼ ਅਜਿਹੀਆਂ ਪਾਬੰਦੀਆਂ ਦਾ ਵਿਰੋਧ ਕੀਤਾ ਸੀ। ਵਿਸ਼ਵਨਾਥ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਤੇ ਕੋਈ ਵੀ ਇਸ ਨੂੰ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਤਾਂ ਉਹ ਖਾਵੇਗਾ ਕੀ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਵਿਅਕਤੀ ਦਾ ਢਿੱਡ ਭਰਨਾ ਜ਼ਰੂਰੀ ਹੈ। ਧਰਮ, ਜਾਤ ਤੇ ਪਾਰਟੀ ਦੀ ਗੱਲ ਬਾਅਦ ਵਿੱਚ ਆਉਂਦੀ ਹੈ। -ਪੀਟੀਆਈ



Most Read

2024-09-21 20:35:51